ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਖੁੱਲ੍ਹੀ ਚਿੱਠੀ

ਅੰਮ੍ਰਿਤਸਰ (ਅਨਜਾਣ): ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰਾਂ ਦੇ ਨਾਮ ਖੁੱਲ੍ਹੀ ਚਿੱਠੀ ‘ਚ ਮਨੁੱਖੀ ਧੜੇ ਤੋਂ ਗੁਰੂ ਧੜੇ ਵੱਲ ਪਰਤਣ ਲਈ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਖ਼ਾਲਸਾ ਪੰਥ ਇਸ ਸਮੇਂ ਭਿਆਨਕ ਸਮੇਂ ‘ਚੋਂ ਲੰਘ ਰਿਹਾ ਹੈ। ਇਹੋ ਜਿਹੇ ਮੌਕਿਆਂ ‘ਤੇ ਕੌਮਾਂ ਦੀ ਟੇਕ ਆਪਣੇ ਇਸ਼ਟ ‘ਤੇ ਹੁੰਦੀ ਹੈ। ਆਪਣੇ ਗੁਰੂ ਤੋਂ ਸਹਾਰਾ ਤੇ ਸੇਧ ਲੈ ਕੇ ਕੌਮਾਂ ਹਰ ਬਿਖੜੇ ਸਮਿਆਂ ‘ਚੋਂ ਲੰਘ ਜਾਇਆ ਕਰਦੀਆਂ ਹਨ। ਸਿੱਖ ਪੰਥ ਦੀ ਹਾਲਤ ਬਾਕੀ ਕੌਮਾਂ ਨਾਲੋਂ ਕੁੱਝ ਅਲਗ ਹੈ ਕਿਉਂਕਿ ਖਾਲਸਾ ਪੰਥ ਤੇ ਆਏ ਬਿਖੜੇ ਸਮੇਂ ਦਾ ਕਾਰਨ ਸਾਡੇ ਇਸ਼ਟ ਸ੍ਰੀ ਗੁਰੂ ਗ੍ੰਥ ਸਾਹਿਬ ਜੀ ‘ਤੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲੇ ਹਨ। ਸਰਬ ਸਾਂਝੀਵਾਲਤਾ ਦੇ ਪ੍ਰਤੀਕ ਤੇ ਮਨੁੱਖਤਾ ਦੇ ਚਾਨਣ ਮੁਨਾਰੇ ਸ੍ਰੀ ਗੁਰੂ ਗ੍ੰਥ ਸਾਹਿਬ ‘ਤੇ ਪਿਛਲੇ ਕਈ ਸਾਲਾਂ ਤੋਂ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਜੋ ਕਿ ਚਿੰਤਾ ਤੇ ਚੁਨੌਤੀ ਦਾ ਵਿਸ਼ਾ ਹੈ।

ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਭੇਜੀ ਖੁੱਲ੍ਹੀ ਚਿੱਠੀ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਤੇ ਭਾਈ ਸਤਨਾਮ ਸਿੰਘ ਝੰਜੀਆਂ ਪੰਜ ਪਿਆਰੇ ਨੇ ਕਿਹਾ ਕਿ ਇਹ ਖੁੱਲ੍ਹੀ ਪੱਤਰਕਾ ਸਾਡੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਤੇ ਦੂਸਰੇ ਮੈਂਬਰਾਂ ਨੂੰ ਵੱਟਸ ਐਪ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਨੂੰ ਵੀ ਭੇਜੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਇਆ ਜਾ ਸਕੇ। ਉਨ੍ਹਾਂ ਚਿੱਠੀ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਹਲੂਣਾ ਦਿੰਦਿਆਂ ਇਤਿਹਾਸਕ ਘਟਨਾ ਚੇਤੇ ਕਰਵਾਉਂਦਿਆਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭਾਈ ਮਹਾਂ ਸਿੰਘ ਤੇ ਸਾਥੀਆਂ ਨੇ ਬੇਦਾਵਾ ਲਿੱਖ ਕੇ ਦਿੱਤਾ ਸੀ ਕਿ ਨਾ ਤੁਸੀਂ ਸਾਡੇ ਗੁਰੂ ਤੇ ਨਾ ਅਸੀਂ ਤੁਹਾਡੇ ਸਿੱਖ ਪਰ ਉਨ੍ਹਾਂ ਦੀ ਜ਼ਮੀਰ ਨੂੰ ਮਾਤਾ ਭਾਗ ਕੌਰ ਜੀ ਨੇ ਝੰਜੋੜਿਆ ਸੀ ਤੇ ਭਾਈ ਮਹਾਂ ਸਿੰਘ ਤੇ ਸਾਥੀਆਂ ਨੇ ਜੰਗ ਦੇ ਮੈਦਾਨ ‘ਚ ਜੂਝ ਕੇ ਸ਼ਹੀਦੀਆਂ ਪਾਈਆਂ ਤੇ ਗੁਰੂ ਸਾਹਿਬ ਨੇ ਤੁੱਠ ਕੇ ਉੇਨ੍ਹਾਂ ਦਾ ਬੇਦਾਵਾ ਪਾੜ ਦਿੱਤਾ ਸੀ।

ਅੱਜ ਸਿੱਖ ਜਗਤ ਸ਼੍ਰੋਮਣੀ ਕਮੇਟੀ ਦੇ 28 ਸਤੰਬਰ ਦੇ ਬਜਟ ਇਜਲਾਸ ਵਾਲੇ ਦਿਨ ਬੜੀ ਉਮੀਦ ਨਾਲ ਇੰਤਜ਼ਾਰ ਕਰੀ ਬੈਠਾ ਹੈ ਕਿ ਤੁਹਾਡੇ ‘ਚੋਂ ਕੌਣ-ਕੌਣ ਭਾਈ ਮਹਾਂ ਸਿੰਘ ਦੇ ਨਕਸ਼ੇ ਕਦਮਾਂ ਤੇ ਨਿੱਤਰੇਗਾ ਤੇ ਤੁਹਾਡੇ ਪਰਿਵਾਰ ‘ਚੋਂ ਕਿਸਦੀ ਮਾਂ ਮਾਤਾ ਭਾਗ ਕੌਰ ਵਾਂਗ ਤੁਹਾਡੀ ਆਤਮਾ ਨੂੰ ਝੰਜੋੜੇਗੀ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਜ਼ੁਲਮ ਖਿਲਾਫ਼ ਲ਼ੜਨ ਲਈ ਸੰਦੇਸ਼ ਦਿੱਤਾ ਤੇ ਤੁਸੀਂ ਆਪਣੇ ਕੁਝ ਨਿੱਜੀ ਸੁੱਖ-ਸਹੂਲਤਾਂ ਲਈ ਪੰਥ ਦੋਖੀ ਬਾਦਲਾਂ ਖ਼ਿਲਾਫ਼ ਆਵਾਜ਼ ਉਠਾਉਣ ‘ਚ ਅਸਫਲ ਰਹੇ ਹੋ। ਤੁਹਾਡੇ ਵਲੋਂ ਪਿਛਲੇ ਸਮੇਂ ਹੋਈਆਂ ਭੁੱਲਾਂ ਗੁਰੂ ਨੂੰ ਬੇਦਾਵਾ ਲਿਖਣ ਦੇ ਸਮਾਨ ਹਨ। ਜਿਸ ਕਾਰਣ ਪੰਥ ‘ਚ ਰੋਹ ਹੈ। ਪਰ ਜੇ ਤੁਸੀਂ ਨਿਮਰਤਾ ਤੇ ਇਮਾਨਦਾਰੀ ਨਾਲ ਗੁਰੂ ਖਾਲਸਾ ਪੰਥ ਅੱਗੇ ਬਹੁੜੀ ਕਰੋਗੇ ਤਾਂ ਪੰਥ ਯਕੀਨਨ ਹੀ ਤੁਹਾਨੂੰ ਮੁਆਫ਼ ਕਰੇਗਾ।

  • 144
  •  
  •  
  •  
  •