ਮੁਲਤਾਨੀ ਕੇਸ: ਸੁਮੇਧ ਸੈਣੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਦੂਜਾ ਨੋਟਿਸ

ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਕੇਸ ’ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਮੁਹਾਲੀ ਪੁਲੀਸ ਨੇ ਅੱਜ ਦੂਜਾ ਨੋਟਿਸ ਜਾਰੀ ਕੀਤਾ ਹੈ। ਮਟੌਰ ਥਾਣੇ ਦੇ ਐੱਸਐੱਚਓ ਦੇ ਦਸਤਖ਼ਤਾਂ ਹੇਠ ਅੱਜ ਜਾਰੀ ਕੀਤੇ ਨੋਟਿਸ ਵਿੱਚ ਸੈਣੀ ਨੂੰ ਭਲਕੇ 28 ਸਤੰਬਰ ਨੂੰ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਨੋਟਿਸ ਚਿਪਕਾਇਆ ਹੈ। ਇੰਜ ਹੀ ਸਾਬਕਾ ਡੀਜੀਪੀ ਦੀ ਦਿੱਲੀ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੈਣੀ ਦੇ ਵਕੀਲਾਂ ਨੂੰ ਵੀ ਵਸਟਐਪ ’ਤੇ ਨੋਟਿਸ ਦੀ ਕਾਪੀ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ ਪੁਲੀਸ ਨੇ ਬੀਤੀ 21 ਸਤੰਬਰ ਨੂੰ ਸੈਣੀ ਅਜਿਹਾ ਹੀ ਨੋਟਿਸ ਭੇਜ ਕੇ ਉਸ ਨੂੰ 23 ਸਤੰਬਰ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਸਰਕਾਰੀ ਵਕੀਲ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਹਨ ਕਿ ਜੇਕਰ ਸਾਬਕਾ ਡੀਜੀਪੀ ਜਾਂਚ ਵਿੱਚ ਸ਼ਾਮਲ ਹੋਣ ਲਈ ਪੁਲੀਸ ਕੋਲ ਪੇਸ਼ ਨਹੀਂ ਹੁੰਦੇ ਹਨ ਤਾਂ ਉਸ ਨੂੰ ਤੀਜੀ ਵਾਰ ਆਖ਼ਰੀ ਸੰਮਨ ਭੇਜਿਆ ਜਾਵੇਗਾ। ਜੇਕਰ ਉਹ ਫਿਰ ਵੀ ਜਾਂਚ ’ਚ ਸ਼ਾਮਲ ਨਾ ਹੋਏ ਤਾਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕਰਕੇ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ’ਤੇ ਲਗਾਈ ਗਈ ਆਰਜ਼ੀ ਰੋਕ ਹਟਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮਾਮਲੇ ’ਚ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੈ। 

  • 104
  •  
  •  
  •  
  •