ਅਮਰੀਕਾ: ਬਾਈਡੇਨ ਦਾ ਦਾਅਵਾ; 2017 ਮਗਰੋਂ ਦੇਸ਼ ਅੰਦਰ ਸਿੱਖਾਂ ਨਾਲ ਧੱਕਾ ਤੇ ਪੱਖਪਾਤ ਵਧਿਆ

ਅਮਰੀਕਾ ‘ਚ ਰਾਸ਼ਟਰਪਤੀ ਚੋਣ ਲਈ ਖੜ੍ਹੇ ਉਮੀਦਵਾਰ ਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਦੀ ਪ੍ਰਚਾਰ ਮੁਹਿੰਮ ਨੇ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਵਿਚਕਾਰ ਖਾਸ ਥਾਂ ਬਣਾਉਣ ‘ਸਿੱਖ ਅਮੈਰੀਕਨਜ਼ ਫਾਰ ਬਾਇਡਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿਸ ਦਾ ਮਕਸਦ ਅਮਰੀਕਾ ‘ਚ ਵਸ ਰਹੇ ਘੱਟ ਗਿਣਤੀ ਦੇ ਲੋਕਾਂ ਦਾ ਸੁਰੱਖਿਆ ਦਾ ਪ੍ਰਬੰਧ ਕਰਨਾ ਹੈ ਤਾਂ ਜੋ ਅਮਰੀਕਾ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਜਾਂ ਘੱਟ ਗਿਣਤੀ ਧਾਰਮਿਕ ਸਮੂਹਾਂ ਨੂੰ ਜੇਨੋਫੋਬੀਆ (ਵਿਦੇਸ਼ੀ ਲੋਕਾਂ ਤੋਂ ਡਰ) ਵਰਗੀਆਂ ਚੁਣੌਤੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਬਾਈਡੇਨ ਦੀ ਪ੍ਰਚਾਰ ਮੁਹਿੰਮ ਟੀਮ ਵੱਲੋਂ ਕਿਹਾ ਗਿਆ ਹੈ ਕਿ ਸਿੱਖ-ਅਮਰੀਕੀ ਨੌਜਵਾਨਾਂ ਨੂੰ ਸਕੂਲਾਂ ਵਿੱਚ ਸੁਰੱਖਿਆ ਦੇਣ ਦੀ ਯੋਜਨਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਸਲਵਾਦ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਸਿੱਧ ਨਾਗਰਿਕ ਕਾਰਜਕਰਤਾ ਤੇ ਸਿੱਖ ਅਮਰੀਕੀ ਰਾਸ਼ਟਰੀ ਲੀਡਰਸ਼ਿਪ ਪ੍ਰੀਸ਼ਦ ਦੀ ਮੈਂਬਰ ਕਿਰਨ ਕੌਰ ਗਿੱਲ ਨੇ ਦੋਸ਼ ਲਾਏ ਹਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਭੇਦ-ਭਾਵ ਅਤੇ ਡਰਾਉਣ-ਧਮਕਾਉਣ ਨੂੰ ਨਾ ਸਿਰਫ ਨਜ਼ਰਅੰਦਾਜ਼ ਕੀਤਾ ਗਿਆ ਸਗੋਂ ਇਸ ਨੂੰ ਉਤਸ਼ਾਹਿਤ ਵੀ ਕੀਤਾ ਗਿਆ।

ਬਾਈਡੇਨ ਟੀਮ ਨੇ ਇਕ ਪ੍ਰੈਸ ਬਿਆਨ ਵਿੱਚ ਕਿਹਾ, ‘ਸਿੱਖ ਅਮਰੀਕੀਆਂ ਨੂੰ ਨਸਲੀ ਹਮਲੇ ਜਿਹੀਆਂ ਘਟਨਾਵਾਂ ਦਾ ਕੌਮੀ ਔਸਤ ਨਾਲੋਂ ਦੁੱਗਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ ਸਾਲ 2017 ਮਗਰੋਂ ਇਨ੍ਹਾਂ ਘਟਨਾਵਾਂ ’ਚ ਵੱਡਾ ਵਾਧਾ ਹੋਇਆ ਹੈ। ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਸਿੱਖ ਭਾਈਚਾਰੇ ਨੂੰ ਦਰਪੇਸ਼ ਨਸਲਵਾਦ, ਤੇ ਪੱਖਪਾਤ ਜਿਹੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਮੁਖਾਤਬ ਹੋਣ ਲਈ ਵਿਸ਼ੇਸ਼ ਯੋਜਨਾ ਤੇ ਨੀਤੀਆਂ ਬਣਾਈਆਂ ਹਨ।’

  • 1.8K
  •  
  •  
  •  
  •