ਵਾਅਦਾ ਮੁਆਫ਼ ਗਵਾਹ ਦਾ ਬਿਆਨ: ਉਮਰਾਨੰਗਲ ਤੇ ਸੈਣੀ ਦੇ ਕਾਰਨ ਹੀ ਵਾਪਰਿਆ ਬਹਿਬਲ ਕਲਾਂ ਗੋਲੀ ਕਾਂਡ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਹੋਏ ਬਹਿਬਲ ਗੋਲੀ ਕਾਂਡ ਵਿੱਚ ਮੁੱਖ ਮੁਲਜ਼ਮ ਨਾਮਜ਼ਦ ਹੋਏ ਇੰਸਪੈਕਟਰ ਪ੍ਰਦੀਪ ਸਿੰਘ ਦਾ ਬਿਆਨ ਜਨਤਕ ਹੋਣ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ ਜਿਹੜਾ ਮਸਲਾ ਪੰਜਾਬ ਪੁਲਿਸ ਗੱਲਬਾਤ ਰਾਹੀਂ ਹੱਲ ਕਰ ਸਕਦੀ ਸੀ, ਉਸ ਲਈ ਪੁਲਿਸ ਨੇ ਬਿਨਾਂ ਕਾਰਨ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਦੋ ਬੇਕਸੂਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ।

ਵਾਅਦਾ ਮੁਆਫ਼ ਗਵਾਹ ਇੰਸਪੈਕਟਰ ਪ੍ਰਦੀਪ ਸਿੰਘ

ਇੰਸਪੈਕਟਰ ਪ੍ਰਦੀਪ ਸਿੰਘ ਘਟਨਾ ਵਾਲੇ ਦਿਨ ਬਹਿਬਲ ਕਲਾਂ ਪ੍ਰਦਰਸ਼ਨ ‘ਚ ਮੌਜੂਦ ਸੀ ਅਤੇ ਉਸ ਸਮੇਂ ਉਹ ਮੋਗਾ ਦੇ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸ਼ਰਮਾ ਦੇ ਰੀਡਰ ਵਜੋਂ ਨਿਯੁਕਤ ਸਨ। ਪ੍ਰਦੀਪ ਸਿੰਘ ਨੂੰ ਵਿਸ਼ੇਸ਼ ਜਾਂਚ ਟੀਮ ਨੇ ਪਹਿਲਾਂ ਬਹਿਬਲ ਕਾਂਡ ਵਿੱਚ ਮੁੱਖ ਮੁਲਜ਼ਮਾਂ ਵਿੱਚ ਸ਼ਾਮਿਲ ਕੀਤਾ ਸੀ ਪਰ ਬਾਅਦ ਵਿੱਚ ਉਹ ਵਾਅਦਾ ਮੁਆਫ਼ ਗਵਾਹ ਬਣ ਗਿਆ।

ਬਿਆਨ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਨੇ ਕਿਹਾ ਕਿ ਉਸ ਵੇਲੇ ਦੇ ਡੀਜੀਪੀ ਸੁਮੇਧ ਸੈਣੀ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਹਦਾਇਤ ਕੀਤੀ ਸੀ ਕਿ ਬਹਿਬਲ ਕਲਾਂ ਸੜਕ ਤੋਂ ਧਰਨਾ ਹਰ ਹਾਲਤ ਵਿੱਚ ਚੁਕਵਾ ਦਿੱਤਾ ਜਾਵੇ ਅਤੇ ਜੇਕਰ ਲੋੜ ਪੈਂਦੀ ਹੈ ਤਾਂ ਗੋਲੀਆਂ ਵੀ ਚਲਾਈਆਂ ਜਾਣ। ਪ੍ਰਦੀਪ ਸਿੰਘ ਨੇ ਕਿਹਾ ਕਿ ਇਹ ਘਟਨਾ ਉਮਰਾਨੰਗਲ ਅਤੇ ਸੁਮੇਧ ਸੈਣੀ ਦੇ ਕਾਰਨ ਹੀ ਵਾਪਰੀ ਹੈ। ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਨ ਤੋਂ ਬਾਅਦ ਪਰਮਰਾਜ ਉਮਰਾਨੰਗਲ ਨੇ ਪੁਲਿਸ ਲਾਈਨ ਲੁਧਿਆਣਾ ‘ਚ ਇੱਕ ਮੀਟਿੰਗ ਬੁਲਾਈ ਸੀ ਜਿਸ ਵਿਚ ਉਸ ਨੇ ਬਹਿਬਲ ਕਲਾਂ ਵਿੱਚ ਚੱਲੀਆਂ ਗੋਲੀਆਂ ਦੀ ਸਚਾਈ ਨੂੰ ਲੁਕਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ।

  • 982
  •  
  •  
  •  
  •