ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਮੁੱਖ ਗੇਟ ਨੂੰ ਲਾਇਆ ਜਿੰਦਾ

ਅੰਮ੍ਰਿਤਸਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਦੇ ਸਾਹਮਣੇ ਧਰਨੇ ‘ਤੇ ਬੇਠੈ ਸਤਿਕਾਰ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੋਮਣੀ ਕਮੇਟੀ ਦਫਤਰ ਦੇ ਮੁੱਖ ਗੇਟ ਨੂੰ ਜਿੰਦਾ ਲਗਾ ਦਿੱਤਾ ਹੈ। ਇਸ ਮੌਕੇ ਸਤਿਕਾਰ ਕਮੇਟੀ ਆਗੂ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ 328 ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਤੇ ਮਾਮਲਾ ਦਰਜ ਨਹੀ ਕਰਾਉਂਦੀ ਉਦੋਂ ਤੱਕ ਇਸ ਗੇਟ ਨੂੰ ਖੋਲ੍ਹਣ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ 12 ਸਤੰਬਰ ਤੋਂ ਲਗਾਤਾਰ ਚਲਦੇ ਆ ਰਹੇ ਇਸ ਧਰਨੇ ਸੰਬਧੀ ਸ਼੍ਰੋਮਣੀ ਕਮੇਟੀ ਵਲੋਂ ਕੋਈ ਇਨਸਾਫ਼ ਨਹੀ ਦਿੱਤਾ ਜਾ ਰਿਹਾ ਹੈ। ਸਗੋਂ ਧਰਨੇ ‘ਤੇ ਬੈਠੇ ਸਿੱਖ ਜਥੇਬੰਦੀਆਂ ਨੂੰ ਪਰੇਸ਼ਾਨ ਕਰਨ ਲਈ ਉਚੀਆਂ ਅਵਾਜਾਂ ਵਿਚ ਲਾਊਡ ਸਪੀਕਰ ਲਗਾ ਕੇ ਉਹਨਾਂ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਵੱਲੋਂ ਧਰਨੇ ‘ਤੇ ਬੈਠੇ ਸਿੱਖ ਜਥੇਬੰਦੀਆਂ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸਦੇ ਚਲਦੇ ਅੱਜ ਅਸੀਂ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਮੁੱਖ ਗੇਟ ਨੂੰ ਸੰਗਲਾਂ ਨਾਲ ਬਣ ਕੇ ਜਿੰਦਾ ਲਗਾ ਦਿੱਤਾ ਹੈ ਅਤੇ ਇਹ ਉਦੋਂ ਤਕ ਲਗਾਈ ਰੱਖਾਂਗੇ ਜਦੋ ਤੱਕ ਸ਼੍ਰੋਮਣੀ ਕਮੇਟੀ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਤੇ ਐਫਆਈਆਰ ਦਰਜ ਨਹੀਂ ਕਰਵਾਉਂਦੀ।

ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵੱਡੇ ਦੋਸ਼ੀਆਂ ਦੇ ਨਾਮ ਸਾਹਮਣੇ ਆਉਣ ਤੋਂ ਡਰ ਰਹੀ ਹੈ ਤੇ ਇਸ ਕਾਰਨ ਪੁਲਿਸ ਕੇਸ ਦਰਜ ਨਹੀਂ ਕਰਵਾ ਰਹੀ। ਇਸ ਸੰਬਧੀ ਜਦੋਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਜੀ ਸਹਾਇਕ ਮਹਿੰਦਰ ਸਿੰਘ ਅਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਾਰੀਆਂ ਹੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੇ ਹਾਂ ਪਰ ਕਿਸੇ ਧਾਰਮਿਕ ਸੰਸਥਾ ਦੇ ਦਫਤਰ ਨੂੰ ਜਿੰਦਾ ਲਗਾਉਣਾ ਬਹੁਤ ਹੀ ਮੰਦਭਾਗਾ ਹੈ।

  • 555
  •  
  •  
  •  
  •