ਪਾਵਨ ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਮੁੱਚੀ ਜਾਂਚ ਰਿਪੋਰਟ ਕੀਤੀ ਜਨਤਕ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਜਾਂਚ ਕਮਿਸ਼ਨ ਦੀ ਮੁਕੰਮਲ ਰਿਪਰੋਟ ਜਨਤਕ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਜਾਂਚ ਰਿਪੋਰਟ ਜਾਰੀ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਏ ਗਏ ਜਾਂਚ ਕਮਿਸ਼ਨ ਦੀ ਇਹ ਮੁਕੰਮਲ ਰਿਪੋਰਟ ਅੱਜ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ’ਤੇ ਹਰ ਇਕ ਵਿਅਕਤੀ ਲਈ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਰਿਪੋਰਟ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਗਿਆ ਸੀ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਜਾਂਚ ਰਿਪੋਰਟ ਦਾ ਉਹ ਸੰਖੇਪ ਵੇਰਵਾ ਪਹਿਲਾਂ ਹੀ ਜਨਤਕ ਕੀਤਾ ਜਾ ਚੁੱਕਾ ਹੈ ਅਤੇ ਹੁਣ ਸਮੁੱਚੀ ਜਾਂਚ ਰਿਪੋਰਟ ਵੀ ਵੈੱਬਸਾਈਟ ’ਤੇ ਪਾਈ ਜਾ ਰਹੀ ਹੈ।

ਭਾਈ ਲੌਂਗੋਵਾਲ ਨੇ ਦਾਅਵਾ ਕੀਤਾ ਕਿ ਪਾਵਨ ਸਰੂਪਾਂ ਦੀ ਨਾ ਬੇਅਦਬੀ ਹੋਈ ਹੈ, ਨਾ ਚੋਰੀ ਹੋਈ ਹੈ ਅਤੇ ਨਾ ਹੀ ਲਾਪਤਾ ਹੋਏ ਹਨ। ਇਹ ਸਾਰੇ ਸਰੂਪ ਕੁਝ ਕਰਮਚਾਰੀਆਂ ਨੇ ਸੰਗਤ ਨੂੰ ਦਿੱਤੇ ਹਨ ਪਰ ਉਸ ਦੀ ਭੇਟਾ ਜਮ੍ਹਾਂ ਨਹੀਂ ਕਰਾਈ। ਉਨ੍ਹਾਂ ਇਹ ਭੇਟਾ ਆਪਣੀਆਂ ਜੇਬਾਂ ਵਿਚ ਪਾ ਲਈ। ਸ਼੍ਰੋਮਣੀ ਕਮੇਟੀ ਨੇ ਵੱਖ ਵੱਖ ਟੀਮਾਂ ਨੂੰ ਭੇਜਿਆ ਹੈ ਜੋ ਸਿੱਖ ਸੰਗਤ ਨੂੰ ਦਿੱਤੇ ਸਰੂਪਾਂ ਬਾਰੇ ਪਤਾ ਕਰ ਰਹੇ ਹਨ। ਜਲਦੀ ਹੀ ਇਨ੍ਹਾਂ ਸਰੂਪਾਂ ਬਾਰੇ ਸਾਰੇ ਵੇਰਵੇ ਇਕੱਠੇ ਕੀਤੇ ਜਾਣਗੇ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਵਲੋਂ ਇਸ ਮਾਮਲੇ ਦੀ ਕਰਾਈ ਜਾਂਚ ਵਿਚ 328 ਪਾਵਨ ਸਰੂਪ ਰਿਕਾਰਡ ਵਿਚ ਘੱਟ ਪਾਏ ਗਏ ਸਨ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਲਗਪਗ 15 ਕਰਮਚਾਰੀਆਂ ਅਤੇ ਅਧਿਕਾਰੀਆਂ ਤੇ ਹੋਰਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਵਿਚੋਂ 5 ਕਰਮਚਾਰੀਆਂ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਹੈ ਜਦੋਂ ਕਿ ਪੰਜ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮੁੱਖ ਸਕੱਤਰ ਵਲੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ। ਪਰ ਦੋਸ਼ੀਆਂ ਖਿਲਾਫ਼ ਪੁਲਿਸ ਕਾਰਵਾਈ ਤੋਂ ਸ਼੍ਰੋਮਣੀ ਕਮੇਟੀ ਨੇ ਇਨਕਾਰ ਕਰ ਦਿੱਤਾ ਹੈ।

  • 83
  •  
  •  
  •  
  •