ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ 28ਵੀਂ ਬਰਸੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ ਸਾਹਿਬ: ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ 28ਵੀਂ ਸਾਲਾਨਾ ਬਰਸੀ ਅੱਜ ਸ੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਝੰਡੇ ਬੁੰਗੇ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਸ਼ਹੀਦ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਬਲਜਿੰਦਰ ਸਿੰਘ ਭਾਈ ਜਰਨੈਲ ਸਿੰਘ ਸਖੀਰਾ ਹਰਬੀਰ ਸਿੰਘ ਸੰਧੂ ਭਗਵੰਤ ਸਿੰਘ ਸਿਆਲਕਾ ਮਹਾਂਬੀਰ ਸਿੰਘ ਸੁਲਤਾਨਵਿੰਡ ਸਮੇਤ ਹੋਰ ਪੰਥਕ ਸ਼ਖਸੀਅਤਾਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕ ਹਾਜ਼ਰ ਸਨ।

ਇੱਥੇ ਜ਼ਿਕਰਯੋਗ ਹੈ ਕਿ ਜੂਨ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲੇ ਦੇ ਰੋਸ ਵਜੋਂ ਭਾਰਤੀ ਫ਼ੌਜੀ ਜਰਨੈਲ ਜਨਰਲ ਵੈਦਿਆ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣ ਉਪਰੰਤ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ 1992 ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਵਿਰਾਸਤੀ ਮਾਰਗ ’ਤੇ ਅੱਜ ਤੀਸਰੇ ਦਿਨ ਝਾੜੂ ਲਗਾ ਕੇ ਆਪਣੀ ਸੇਵਾ ਮੁਕੰਮਲ ਕੀਤੀ। ਸੇਵਾ ਦੀ ਸਮਾਪਤੀ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਮੂਹ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ, ਜਿਥੇ ਭਾਈ ਲੌਂਗੋਵਾਲ ਨੇ ਅਰਦਾਸ ਕੀਤੀ।

ਇਸ ਤੋਂ ਪਹਿਲਾਂ 2016 ਵਿਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅਗਨ ਭੇਟ ਹੋਏ ਪਾਵਨ ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਅੰਤਰਿਮ ਕਮੇਟੀ ਵੱਲੋਂ ਅੱਜ ਪਸ਼ਤਾਚਾਪ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੰਖਡ ਪਾਠ ਸਾਹਿਬ ਦੇ ਪਾਠ ਜੋ ਬੀਤੇ ਦਿਨੀਂ ਅਰੰਭੇ ਗਏ ਸਨ। ਉਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ।

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਮਨਾਈ ਗਈ ਬਰਸੀ ਮੌਕੇ ਮਾਮੂਲੀ ਤਕਰਾਰ ਵੀ ਹੋ ਗਿਆ ਸੀ। ਇਸ ਸਮਾਗਮ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰਨਾਂ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਸ਼ਾਮਿਲ ਹੋਣ ‘ਤੇ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਨਰੈਣ ਸਿੰਘ ਚੌੜਾ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਜਨਤਕ ਸਮਾਗਮਾਂ ‘ਚ ਜਾਣ ਦੀ ਮਨਾਹੀ ਹੈ, ਜਦੋਂ ਕਿ ਭਾਈ ਲੌਂਗੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਜਨਤਕ ਸਮਾਗਮਾਂ ‘ਚ ਜਾਣ ਦੀ ਮਨਾਹੀ ਨਹੀਂ, ਕੇਵਲ ਇਕ ਮਹੀਨਾ ਸਮਾਗਮਾਂ ਨੂੰ ਸੰਬੋਧਨ ਕਰਨ ਦੀ ਮਨਾਹੀ ਹੈ। ਕੁੱਝ ਸਮੇਂ ਦੀ ਬਹਿਸ ਉਪਰੰਤ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ‘ਤੇ ਛੱਡ ਦਿੱਤਾ ਗਿਆ।

  • 333
  •  
  •  
  •  
  •