ਧਰਮ ਪ੍ਰਚਾਰ ਦੇ ਨਾਲ ਲੋੜਵੰਦਾਂ ਦੀ ਸੇਵਾ ਹੈ ਤੇਰਾ-ਤੇਰਾ ਹੱਟੀ ਦਾ ਟੀਚਾ, ਜਲੰਧਰ ‘ਚ ਖੁੱਲ੍ਹਣਗੀਆਂ 10 ਦੁਕਾਨਾਂ

ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਤੇਰਾ-ਤੇਰਾ ਦੇ ਨਾਂ ਨਾਲ 120 ਫੁੱਟੀ ਰੋਡ ‘ਤੇ ਖੋਲ੍ਹੀ ਗਈ ਤੇਰਾ-ਤੇਰਾ ਹੱਟੀ ਰਾਹੀਂ ਧਰਮ ਪ੍ਰਚਾਰ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਦੇ ਦੂਸਰੇ ਪੜਾਅ ‘ਚ ਹੁਣ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਸਸਤੀਆਂ ਦਰਾਂ ‘ਤੇ ਰਾਸ਼ਨ ਮੁਹੱਈਆ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤਕ ਅਜਿਹੀਆਂ ਦੋ ਦੁਕਾਨਾਂ ਖੋਲ੍ਹੀਆਂ ਜਾ ਚੁੱਕੀਆਂ ਹਨ। ਗਿਣਤੀ ਵਧਾਉਂਦੇ ਹੋਏ ਹੁਣ ਸ਼ਹਿਰ ‘ਚ ਕੁੱਲ 10 ਦੁਕਾਨਾਂ ਖੋਲ੍ਹਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਅਸਲ ਵਿਚ, ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਜਨ-ਜਨ ਤਕ ਪਹੁੰਚਾਉਣ ਤੇ ਮਨੁੱਖਤਾ ਦੀ ਸੇਵਾ ਲਈ ਤੇਰਾ-ਤੇਰਾ ਹੱਟੀ (Tera-Tera Hatti) ਦਾ ਆਗਾਜ਼ ਕੀਤਾ ਗਿਆ ਸੀ। ਸ਼ੁਰੂਆਤ ‘ਚ ਇੱਥੇ ਲੋਕਾਂ ਵੱਲੋਂ ਦਾਨ ਕੀਤੇ ਗਏ ਇਸਤੇਮਾਲ ਲਾਇਕ ਕੱਪੜੇ ਤੇ ਹੋਰ ਸਾਮਾਨ ਨੂੰ ਸਾਫ-ਸੁਥਰਾ ਕਰ ਕੇ ਸਿਰਫ਼ 13 ਰੁਪਏ ‘ਚ ਲੋੜਵੰਦਾਂ ਨੂੰ ਦਿੱਤਾ ਜਾਂਦਾ ਸੀ। ਇਹ ਦੌਰ ਲੰਬੇ ਸਮੇਂ ਤਕ ਜਾਰੀ ਰਿਹਾ। ਇਸੇ ਲੜੀ ਤਹਿਤ ਹੁਣ ਤੇਰਾ-ਤੇਰਾ ਹੱਟੀ ਖੋਲ੍ਹ ਕੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਸਸਤੀਆਂ ਦਰਾਂ ‘ਤੇ ਰਾਸ਼ਨ ਦਿੱਤਾ ਜਾ ਰਿਹਾ ਹੈ। ਤੇਰਾ-ਤੇਰਾ ਹੱਟੀ ਪਰਿਵਾਰ ਦੇ ਤਰਵਿੰਦਰ ਸਿੰਘ ਰਿੰਕੂ, ਸਰਬਜੀਤ ਸਿੰਘ ਤੇ ਗੁਰਦੀਪ ਸਿੰਘ ਕਾਰਵਾਂ ਦੱਸਦੇ ਹਨ ਕਿ ਇਸ ਦਾ ਮੁੱਖ ਉਦੇਸ਼ ਲੋੜਵੰਦਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਸ਼ਹਿਰ ‘ਚ ਦੋ ਤੇਰਾ-ਤੇਰਾ ਹੱਟੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 10 ਗੁਰੂਆਂ ਦੇ ਨਾਂ ‘ਤੇ ਸ਼ਹਿਰ ‘ਚ ਕੁੱਲ 10 ਦੁਕਾਨਾਂ ਖੋਲ੍ਹਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਸਸਤੀਆਂ ਦਰਾਂ ‘ਤੇ ਦੇ ਰਹੇ ਹਰ ਤਰ੍ਹਾਂ ਦਾ ਸਾਮਾਨ

ਤੇਰਾ-ਤੇਰਾ ਹੱਟੀ ‘ਤੇ ਘਰੇਲੂ ਵਰਤੋਂ ਦਾ ਹਰ ਤਰ੍ਹਾਂ ਦਾ ਸਾਮਾਨ ਸਸਤੀਆਂ ਦਰਾਂ ‘ਤੇ ਦਿੱਤਾ ਜਾ ਰਿਹਾ ਹੈ। ਜਸਵਿੰਦਰ ਸਿੰਘ ਭੰਵਰ, ਜਤਿੰਦਰ ਸਿੰਘ ਕਪੂਰ ਤੇ ਪਰਮਜੀਤ ਸਿੰਘ ਦੱਸਦੇ ਹਨ ਕਿ ਗ਼ਰੀਬ ਪਰਿਵਾਰਾਂ ਲਈ ਰਾਸ਼ਨ ਦਾ ਜੁਗਾੜ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਖ਼ੁਰਾਕੀ ਪਦਾਰਥਾਂ ‘ਤੇ ਮਹਿੰਗਾਈ ਦੀ ਮਾਰ ਹੈ। ਮਹਿੰਗੇ ਸਾਮਾਨ ਤੋਂ ਗ਼ਰੀਬ ਪਰਿਵਾਰਾਂ ਨੂੰ ਰਾਹਤ ਦੇਣ ਲਈ ਇਹ ਯਤਨ ਕੀਤਾ ਜਾ ਰਿਹਾ ਹੈ।

ਤੇਰਾ-ਤੇਰਾ ਹੱਟੀ ਪਰਿਵਾਰ ਦੇ ਸਾਂਝੇ ਯਤਨਾਂ ਨਾਲ ਮਿਲ ਰਹੀ ਸਫ਼ਲਤਾ

ਵਰਿੰਦਰ ਸਿੰਘ, ਜਸਵਿੰਦਰ ਸਿੰਘ ਪਨੇਸਰ, ਪਰਵਿੰਦਰ ਸਿੰਘ ਖਾਲਸਾ ਤੇ ਦਰਸ਼ਨ ਸਿੰਘ ਦੱਸਦੇ ਹਨ ਕਿ ਤੇਰਾ-ਤੇਰਾ ਹੱਟੀ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਾਂਝੇ ਯਤਨਾਂ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਮਲ ਕੁਮਾਰ, ਅਮਰਪ੍ਰੀਤ ਸਿੰਘ ਤੇ ਮਨਦੀਪ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਚਲਾਈਆਂ ਜਾ ਰਹੀਆਂ ਇਨ੍ਹਾਂ ਦੁਕਾਨਾਂ ਨੂੰ ਲਗਾਤਾਰ ਜਾਰੀ ਰੱਖਣ ਲਈ ਪਰਿਵਾਰ ਦਾ ਹਰੇਕ ਮੈਂਬਰ ਤਨ-ਮਨ ਨਾਲ ਜੁਟਿਆ ਹੋਇਆ ਹੈ।

  • 88
  •  
  •  
  •  
  •