ਸੁਮੇਧ ਸੈਣੀ ਨੂੰ ਕੋਟਕਪੂਰਾ ਫਾਇਰਿੰਗ ਕੇਸ ਚ ਵੀ ਮੁਲਜ਼ਮ ਬਣਾਇਆ

2015 ਦੀਆਂ ਪੁਲਿਸ ਫਾਇਰਿੰਗ ਘਟਨਾਵਾਂ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ) ਨੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਕੋਟਕਪੁਰਾ ਫਾਇਰਿੰਗ ਕੇਸ ਵੀ ਮੁਲਜ਼ਮ ਬਣਾ ਲਿਆ ਹੈ। ਇਸ ਤੋਂ ਪਹਿਲਾਂ ਉਹਨਾਂ ਨੂੰ ਬਹਿਬਲ ਕਲਾਂ ਫਾਇਰਿੰਗ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਸੀ। ਐਸ ਆਈ ਟੀ ਦਾ ਕਹਿਣਾ ਹੈ ਕਿ ਜਦੋਂ ਕੋਟਕਪੁਰਾ ਤੇ ਬਹਿਬਲ ਕਲਾਂ ਫਾਇਰਿੰਗ ਸਵੇਰੇ 4.00 ਤੋ. 9.23 ਵਜੇ ਦਰਮਿਆਨ ਵਾਪਰੀਆਂ ਤਾਂ ਉਸ ਵੇਲੇ ਸੈਣੀ ਦਾ ਉਮਰਾਨੰਗਲ ਨਾਲ ਸੰਪਰਕ ਕਾਇਮ ਸੀ ਤੇ ਦੋਵਾਂ ਵਿਚਾਲੇ 20 ਤੋਂ ਵਧੇਰੇ ਵਾਰ ਫੋਨ ਤੇ ਗੱਲਬਾਤ ਹੋਈ। ਇਸ ਤੋਂ ਇਲਾਵਾ ਸੈਣੀ ਮੋਗਾ ਦੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਵੀ ਸੰਪਰਕ ਸੀ ਤੇ ਦੋਵਾਂ ਨੂੰ ਹਦਾਇਤਾਂ ਦੇ ਰਹੇ ਸਨ। ਯਾਦ ਰਹੇ ਕਿ 2015 ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਦੇ ਰੋਸ ਵੱਜੋਂ ਸਿੱਖ ਸੰਗਤ ਕੋਟਕਪੁਰਾ ਵਿਖੇ ਧਰਨਾ ਦੇ ਰਹੀ ਸੀ ਜਿਥੇ ਸ਼ਾਂਤੀਪੂਰਨ ਧਰਨਾ ਦੇ ਰਹੀ ਸੰਗਤ ‘ਤੇ ਪੁਲਿਸ ਨੇ ਗੋਲੀਆਂ ਵਰ੍ਹਾ ਦਿੱਤੀਆਂ ਸਨ। ਇਸ ਉਪਰੰਤ ਇਸ ਇਕੱਠ ਵਿਚੋਂ ਕੁਝ ਸੰਗਤ ਉਠ ਕੇ ਬਹਿਬਲ ਕਲਾਂ ਆ ਕੇ ਸ਼ਾਂਤਮਈ ਧਰਨੇ ‘ਤੇ ਬੈਠ ਗਈ ਤਾਂ ਇਥੇ ਵੀ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਸੀ। ਇਹਨਾਂ ਘਟਨਾਵਾਂ ਨਾਲ ਸਾਰੇ ਪੰਜਾਬ ਵਿਚ ਤੂਫਾਨ ਖੜ੍ਹਾ ਹੋ ਗਿਆ ਸੀ। ਹਾਲਾਤਾਂ ਨੂੰ ਵੇਖਦਿਆਂ ਸਿੱਖ ਜਥੇਬੰਦੀਆਂ ਦੀ ਮੰਗ ਤੇ ਤਤਕਾਲੀ ਬਾਦਲ ਸਰਕਾਰ ਨੇ ਸੁਮੇਧ ਸੈਣੀ ਨੂੰ ਡੀ ਜੀ ਪੀ ਵਜੋਂ ਹਟਾ ਦਿੱਤਾ ਸੀ।
2019 ਵਿਚ ਸੁਮੇਧ ਸੈਣੀ ਖਿਲਾਫ 29 ਸਾਲ ਪੁਰਾਣਾ ਕੇਸ ਖੁੱਲ੍ਹ ਗਿਆ ਜਿਸ ਵਿਚ ਸੈਣੀ ‘ਤੇ ਬਲਵੰਤ ਸਿੰਘ ਮੁਲਤਾਨੀ ਨਾਂ ਦੇ ਵਿਅਕਤੀ ਨੂੰ ਅਗਵਾ ਕਰ ਕੇ ਜਾਨੋਂ ਮਾਰਨ ਦੇ ਦੋਸ਼ਾਂ ਤਹਿਤ ਮੁਹਾਲੀ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ। ਇਸ ਕੇਸ ਵਿਚ ਸੈਣੀ ਨੂੰ ਜ਼ਮਾਨਤ ਮਿਲੀ ਹੋਈ ਹੈ। ਪਰ ਕੇਸ ਵਿਚ ਦੋ ਸੇਵਾ ਮੁਕਤ ਪੁਲਿਸ ਮੁਲਾਜ਼ਮ ਸਰਕਾਰੀ ਗਵਾਹ ਬਣ ਗਏ ਹਨ। ਇਸ ਮਗਰੋਂ ਸੈਣੀ ਨੂੰ ਬਹਿਬਲ ਕਲਾਂ ਫਾਇਰਿੰਗ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਤੇ ਹੁਣ ਕੋਟਕਪੁਰਾ ਫਾਇਰਿੰਗ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਹੈ। ਇਸ ਤਰ੍ਹਾਂ ਸੈਣੀ ਹੁਣ ਤਿੰਨ ਕੇਸਾਂ ਵਿਚ ਮੁਲਜ਼ਮ ਬਣ ਗਿਆ ਹੈ।

  • 619
  •  
  •  
  •  
  •