ਹਵਾਰਾ ਕਮੇਟੀ ਵੱਲੋਂ ਨੌਜਵਾਨਾਂ ਦੀ ਜਥੇਬੰਦੀ ‘ਅਕਾਲ ਯੂਥ’ ਬਣਾਉਣ ਦਾ ਐਲਾਨ

ਸਰਬੱਤ ਖਾਲਸਾ 2015 ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ‘ਅਕਾਲ ਯੂਥ’ ਨਾਂ ਦੀ ਜਥੇਬੰਦੀ ਸਥਾਪਤ ਕੀਤੀ ਹੈ, ਇਸ ਬਾਰੇ ਰਸਮੀ ਐਲਾਨ ਅਕਾਲ ਤਖ਼ਤ ਤੇ ਪੰਜਾਂ ਸਿੰਘਾਂ ਵੱਲੋਂ ਅਰਦਾਸ ਕਰ ਕੇ ਵੀਰਵਾਰ ਨੂੰ ਕੀਤਾ ਜਾਵੇਗਾ।

ਇਹ ਜਾਣਕਾਰੀ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਆਖਿਆ ਕਿ ਇਸ ਜਥੇਬੰਦੀ ਦਾ ਐਲਾਨ 15 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਸਬੰਧੀ ਪੰਜ ਸਿੰਘਾਂ ਵੱਲੋਂ ਪਹਿਲਾਂ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਜਾਵੇਗੀ ਅਤੇ ਮਗਰੋਂ ਜਥੇਬੰਦੀ ਦਾ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਆਖਿਆ ਕਿ ‘ਅਕਾਲ ਯੂਥ’ ਦੀ ਸਥਾਪਨਾ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਸਿੱਖ ਸਮਾਜ ਦੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਨਾਲਾਇਕੀ, ਖ਼ੁਦਗ਼ਰਜ਼ੀ ਕਾਰਨ ਲੰਘੇ ਕਾਫ਼ੀ ਅਰਸੇ ਤੋਂ ਪੰਥਕ ਸਫ਼ਾਂ ਵਿਚ ਵਾਪਰੀਆਂ ਘਟਨਾਵਾਂ ਨੇ ਕੌਮ ਨੂੰ ਵੱਡੀ ਢਾਹ ਲਾਈ ਹੈ। ਅਜੋਕੇ ਦੌਰ ਵਿਚ ਬੇਰੋਜ਼ਗਾਰ ਨੌਜਵਾਨਾਂ ਦੀ ਸ਼ਕਤੀ ਦਾ ਨਸ਼ਿਆਂ ਦੇ ਵਪਾਰੀਆਂ ਨੇ ਰੱਜ ਕੇ ਸ਼ੋਸ਼ਣ ਕੀਤਾ ਹੈ।

ਪ੍ਰੋ. ਬਲਜਿੰਦਰ ਸਿੰਘ ਵੱਲੋਂ ਜਾਰੀ ਬਿਆਨ ਵਿਚ ਸਪਸ਼ਟ ਕੀਤਾ ਗਿਆ ਕਿ ਅਕਾਲ ਯੂਥ ਜਥੇਬੰਦੀ ਕਾਲਜਾਂ ਤੇ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਚੱਲਣ ਲਈ ਲਾਮਬੰਦ ਕਰੇਗੀ, ਕਿਸਾਨਾਂ ਦੇ ਹੱਕਾਂ ਲਈ ਜੂਝੇਗੀ, ਗੁਰਦੁਆਰਾ ਸੁਧਾਰ ਵਿਚ ਹਾਂ-ਪੱਖੀ ਭੂਮਿਕਾ ਨਿਭਾਵੇਗੀ।

  •  
  •  
  •  
  •  
  •