ਕੈਨੇਡਾ ਦੀ ਸੰਸਦ ‘ਚ ਅੰਗਰੇਜ਼ ਸੰਸਦ ਮੈਂਬਰ ਨੇ ਉਠਾਏ ਸਭ ਤੋਂ ਵੱਧ ਸਿੱਖ ਮੁੱਦੇ

ਵਿਸ਼ਵ ਸਿੱਖ ਸੰਸਥਾ ਵੱਲੋਂ ਅੱਜ ਜਾਰੀ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਦੀ ਸੰਸਦ ਵਿਚ ਜਨਵਰੀ, 2018 ਤੋਂ ਅਕਤੂਬਰ, 2020 ਤੱਕ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਗਾਰਨਟ ਜੀਨਸ ਨੇ 25 ਵਾਰ ਸਿੱਖ ਮੁੱਦਿਆਂ ਦੀ ਆਵਾਜ਼ ਉਠਾਈ ਹੈ, ਜਿਨ੍ਹਾਂ ਵਿਚ ਅਫ਼ਗਾਨਿਤਾਨ ਤੋਂ ਸਿੱਖ ਤੇ ਹਿੰਦੂ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ, ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਵਾਲੇ ਕਿਊਬਕ ਦੇ ਬਿੱਲ ਸੀ-376 ਦਾ ਵਿਰੋਧ ਕਰਨ ਤੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨੇ ਦਾ ਦਰਜਾ ਦਿਵਾਉਣਾ ਸ਼ਾਮਿਲ ਹੈ।

ਇਸ ਤੋਂ ਇਲਾਵਾ ਸੁੱਖ ਧਾਲੀਵਾਲ ਦੂਸਰੇ ਸੰਸਦ ਮੈਂਬਰ ਹਨ, ਜਿਨ੍ਹਾਂ ਨੇ ਸੰਸਦ ਵਿਚ ਵਿਸਾਖੀ ਸਮਾਗਮ ਕਰਵਾਉਣ, ਕਿਊਬਕ ਦੇ ਬਿੱਲ ਸੀ-376 ਦਾ ਵਿਰੋਧ ਕਰਨ ਤੇ ਸਿੱਖ ਤਰੀਕਾਂ ਨੂੰ ਮਾਨਤਾ ਦਿਵਾਉਣ ਸਮੇਤ 15 ਵਾਰ ਸਿੱਖ ਮੁੱਦਿਆਂ ‘ਤੇ ਸੰਸਦ ਵਿਚ ਆਵਾਜ਼ ਉਠਾਈ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਕੈਵਿਨ ਲੈਮੂਰੈਕਸ 6, ਰਣਦੀਪ ਸਰਾਏ 6, ਬੌਬ ਸਰੋਆ 6, ਜਸਰਾਜ ਹੱਲਣ 6, ਸਾਬਕਾ ਸੰਸਦ ਮੈਂਬਰ ਰਾਜ ਗਰੇਵਾਲ 6, ਰੂਬੀ ਸਹੋਤਾ 5, ਸੋਨੀਆ ਸਿੱਧੂ 4 ਤੇ ਟਿੰਮ ਉੱਪਲ ਨੇ 3 ਵਾਰ ਸਿੱਖ ਮੁੱਦਿਆਂ ‘ਤੇ ਗੱਲ ਕੀਤੀ ਹੈ ।

ਐੱਨ.ਡੀ.ਪੀ. ਆਗੂ ਤੇ ਸੰਸਦ ਮੈਂਬਰ ਜਗਮੀਤ ਸਿੰਘ ਦਾ ਰਿਪੋਰਟ ਵਿਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੰਜਾਬੀ ਮੂਲ ਦੇ 17 ‘ਚੋਂ 7 ਸੰਸਦ ਮੈਂਬਰਾਂ ਨੇ ਹੀ ਸਿੱਖ ਮੁੱਦਿਆਂ ਦੀ ਆਵਾਜ਼ ਉਠਾਈ ਹੈ। ਸੰਸਥਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੁਸਲਿਮ ਪਾਰਲੀਮੈਂਟ ਕਾਕਸ, ਅਹਿਮਦੀਆ ਪਾਰਲੀਮੈਂਟ ਫਰੈਂਡਸ਼ਿਪ ਗਰੁੱਪ ਤੇ ਕੈਨੇਡੀਅਨ ਤਾਮਿਲ ਫਰੈਂਡਸ਼ਿਪ ਸਮੇਤ ਕਈ ਗਰੁੱਪ ਬਣੇ ਹੋਏ ਹਨ। ਉਸ ਤਰ੍ਹਾਂ ਸਿੱਖ ਪਾਰਲੀਮੈਂਟ ਕਾਕਸ ਵੀ ਬਣਨਾ ਚਾਹੀਦਾ ਹੈ |

  • 1.4K
  •  
  •  
  •  
  •