ਭਾਈ ਹਵਾਰਾ ਕਮੇਟੀ ਵੱਲੋਂ ‘ਅਕਾਲ ਯੂਥ’ ਨਾਮੀ ਜਥੇਬੰਦੀ ਦੀ ਸਥਾਪਨਾ

ਸਰਬੱਤ ਖ਼ਾਲਸਾ 2015 ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਕਾਇਮ ਕੀਤੀ ਭਾਈ ਹਵਾਰਾ ਕਮੇਟੀ ਦੁਆਰਾ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਅਕਾਲ ਯੂਥ ਨਾਂ ਦੀ ਨੌਜਵਾਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ ਹੈ।

ਭਾਈ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਦੱਸਿਆ ਕਿ ਅਕਾਲ ਯੂਥ ਜਥੇਬੰਦੀ ਦਾ ਕੋਈ ਇਕ ਪ੍ਰਧਾਨ ਨਹੀਂ ਹੋਵੇਗਾ ਬਲਕਿ ਪੰਜ ਮੈਂਬਰੀ ਸੁਪਰੀਮ ਕੌਂਸਲ ਇਸ ਜਥੇਬੰਦੀ ਨੂੰ ਚਲਾਏਗੀ। ਜਿਨ੍ਹਾਂ ਵਿਚ ਜਸਵਿੰਦਰ ਸਿੰਘ ਰਾਜਪੁਰਾ, ਰਾਜਨਦੀਪ ਸਿੰਘ ਡੀਡੀਟੀ, ਸਤਵੰਤ ਸਿੰਘ ਪੱਟੀ, ਬਲਬੀਰ ਸਿੰਘ ਤਰਨਾ ਦਲ ਤੇ ਮਾਹਨ ਸਿੰਘ ਸ਼ਾਮਲ ਹਨ।

ਮੁੱਖ ਬੁਲਾਰੇ ਨੇ ਦੱਸਿਆ ਕਿ ਬੜੀ ਜਲਦੀ ਹੀ ਅਕਾਲ ਯੂਥ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਇਕਾਈਆਂ ਬਣਾਈਆਂ ਜਾਣਗੀਆਂ। ਅੱਜ ਅਕਾਲ ਯੂਥ ਜਥੇਬੰਦੀ ਦੀ ਸਥਾਪਨਾ ਵੇਲੇ ਪੰਜਾਬ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਤੋਂ ਕਰੀਬ 500 ਦੇ ਕਰੀਬ ਸਿੱਖ ਨੌਜਵਾਨ ਵਿਰਾਸਤੀ ਮਾਰਗ ਅੰਮ੍ਰਿਤਸਰ ਵਿਖੇ ਪਹੁੰਚੇ ਹੋਏ ਸਨ।

ਪ੍ਰੋ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਪੰਥ ਦੀ ਸਮੱਸਿਆਵਾਂ ਦਾ ਹੱਲ ਕੱਢਣ ਲਈ ਨੌਜਵਾਨਾਂ ਨੂੰ ਅਕਾਲ ਯੂਥ ਦੇ ਮੰਚ ‘ਤੇ ਇਕੱਠਾ ਹੋਣ ਲਈ ਇਹ ਸੱਦਾ ਦਿੱਤਾ ਗਿਆ ਹੈ ਤਾਂ ਜੋ ਨੌਜਵਾਨਾਂ ਦੇ ਸ਼ਕਤੀਕਰਨ ਨਾਲ ਨਵੀਂ ਲੀਡਰਸ਼ਿਪ ਦਾ ਆਗਾਜ਼ ਕੀਤਾ ਜਾ ਸਕੇ।

  • 1.4K
  •  
  •  
  •  
  •