ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਬਹਾਲੀ ਲਈ ਗੱਠਜੋੜ ਕਾਇਮ

ਨੈਸ਼ਨਲ ਕਾਨਫਰੰਸ (ਐਨਸੀ) ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀਰਵਾਰ ਨੂੰ ਮਹਿਬੂਬਾ ਮੁਫਤੀ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਨਾਲ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ। ਕਸ਼ਮੀਰ ਦੀਆਂ ਮੁੱਖ ਧਾਰਾ ਪਾਰਟੀਆਂ, ਜਿਨ੍ਹਾਂ ਨੇ ਗੁਪਕਰ ਡੈਕਲਰੇਸ਼ਨ ਤੇ ਹਸਤਾਖਰ ਕੀਤੇ ਹਨ, ਨੇ 5 ਅਗਸਤ, 2019 ਨੂੰ ਕੀਤੇ ਗਏ ਜੰਮੂ-ਕਸ਼ਮੀਰ ਵਿੱਚ ਸੰਵਿਧਾਨਕ ਤਬਦੀਲੀਆਂ ਨੂੰ ਉਲਟਾਉਣ ਲਈ ਇਹ ਗੱਠਜੋੜ ਬਣਾਇਆ ਹੈ।

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ’ਚ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ, ਪੀਪਲਜ਼ ਮੂਵਮੈਂਟ ਦੇ ਆਗੂ ਜਾਵੇਦ ਮੀਰ ਤੇ ਸੀਪੀਆਈ (ਐੱਮ) ਦੇ ਆਗੂ ਮੁਹੰਮਦ ਯੂਸਫ਼ ਤਰੀਗਾਮੀ ਹਾਜ਼ਰ ਹੋਏ। ਤਕਰੀਬਨ ਦੋ ਘੰਟੇ ਚੱਲੀ ਮੀਟਿੰਗ ਮਗਰੋਂ ਫਾਰੂਕ ਅਬਦੁੱਲ੍ਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਰਾਜ ਦੇ ਲੋਕਾਂ ਨੂੰ ਉਹ ਅਧਿਕਾਰ ਵਾਪਸ ਕਰੇ ਜੋ ਉਨ੍ਹਾਂ ਕੋਲ 5 ਅਗਸਤ 2019 ਤੋਂ ਪਹਿਲਾਂ ਮੌਜੂਦ ਸੀ।”

ਉਨ੍ਹਾਂ ਕਿਹਾ, ”ਸਾਡੀ ਸੰਵਿਧਾਨਕ ਲੜਾਈ ਹੈ। ਅਸੀਂ (ਜੰਮੂ ਕਸ਼ਮੀਰ ਦੇ ਸਬੰਧ ’ਚ) ਸੰਵਿਧਾਨ ਦੀ ਬਹਾਲੀ ਲਈ ਕੋਸ਼ਿਸ਼ਾਂ ਕਰਾਂਗੇ ਜਿਵੇਂ ਕਿ ਪੰਜ ਅਗਸਤ 2019 ਤੋਂ ਪਹਿਲਾਂ ਸੀ।’ ”
ਅਬਦੁੱਲ੍ਹਾ ਨੇ ਕਿਹਾ ਕਿ ਗੱਠਜੋੜ ਜੰਮੂ ਕਸ਼ਮੀਰ ਦੇ ਮੁੱਦੇ ਦੇ ਹੱਲ ਲਈ ਸਾਰੀਆਂ ਸਬੰਧਤ ਧਿਰਾਂ ਨਾਲ ਗੱਲਬਾਤ ਵੀ ਕਰੇਗਾ। ਉਨ੍ਹਾਂ ਕਿਹਾ, ‘ਆਉਣ ਵਾਲੇ ਸਮੇਂ ’ਚ ਅਸੀਂ ਤੁਹਾਨੂੰ ਭਵਿੱਖੀ ਯੋਜਨਾਵਾਂ ਬਾਰੇ ਜਾਣੂ ਕਰਾਵਾਂਗੇ।’ ਅਬਦੁੱਲ੍ਹਾ ਨੇ ਕਿਹਾ ਮੀਟਿੰਗ ’ਚ ਸ਼ਾਮਲ ਆਗੂਆਂ ਨੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੂੰ 14 ਮਹੀਨੇ ਦੀ ਹਿਰਾਸਤ ਤੋਂ ਬਾਅਦ ਰਿਹਾਅ ਹੋਣ ਦੀ ਵਧਾਈ ਦਿੱਤੀ ਤੇ ਉਨ੍ਹਾਂ ਨੇ ਹਿਰਾਸਤ ਨੂੰ ਪੂਰੀ ਤਰ੍ਹਾਂ ਗ਼ੈਰਕਾਨੂੰਨੀ ਤੇ ਨਾਜਾਇਜ਼ ਕਰਾਰ ਦਿੱਤਾ।

  • 638
  •  
  •  
  •  
  •