ਸ੍ਰੀ ਦਰਬਾਰ ਸਾਹਿਬ ਦਾ ਦੁਰਲੱਭ ਚਿੱਤਰ 26 ਨੂੰ ਲੰਡਨ ‘ਚ ਹੋਵੇਗਾ ਨਿਲਾਮ

19 ਵੀਂ ਸਦੀ ‘ਚ ਅੰਗਰੇਜ਼ ਚਿੱਤਰਕਾਰ ਸਾਇਰਨ ਵਾਈਸਮੈਨ ਹਾਰਬਰਟ (ਸੰਨ 1847-1882) ਵੱਲੋਂ ਕਾਗ਼ਜ਼ ‘ਤੇ ਵਾਟਰ ਕਲਰ ਨਾਲ ਤਿਆਰ ਕੀਤੇ ਗਏ ਸ੍ਰੀ ਦਰਬਾਰ ਸਾਹਿਬ ਦੇ ਦੁਰਲੱਭ ਚਿੱਤਰ ਨੂੰ 26 ਅਕਤੂਬਰ ਨੂੰ ਲੰਡਨ ‘ਚ ਨਿਲਾਮ ਕੀਤਾ ਜਾ ਰਿਹਾ ਹੈ। 58.5 ਗੁਣਾ 100 ਸੈਂਟੀਮੀਟਰ ਦੀ ਲੰਬਾਈ ਚੌੜਾਈ ਵਾਲੇ ਪੈਨੋਰਾਮਿਕ ਚਿੱਤਰ ਦੇ ਖੱਬੇ ਪਾਸੇ ਹੇਠਾਂ ਹਾਰਬਰਟ ਨੇ ਆਪਣੇ ਦਸਤਖ਼ਤ ਵੀ ਕੀਤੇ ਹੋਏ ਹਨ।

ਇਸ ਚਿੱਤਰ ‘ਚ ਸੱਚਖੰਡ ਸ੍ਰੀ ਦਰਬਾਰ ਸਾਹਿਬ, ਪਵਿੱਤਰ ਸਰੋਵਰ, ਝੰਡਾ ਬੁੰਗਾ, ਬੁੰਗਾ ਰਾਮਗੜ੍ਹੀਆ, ਗੁਰਦੁਆਰਾ ਬਾਬਾ ਅਟੱਲ ਰਾਏ ਅਤੇ ਇਕ ਨਾਲ ਇਕ ਜੁੜੇ ਬੁੰਗੇ ਵਿਖਾਈ ਦੇ ਰਹੇ ਹਨ। ਇਸ ਦੇ ਇਲਾਵਾ ਉਕਤ ਚਿੱਤਰ ‘ਚ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ‘ਚ ਮੌਜੂਦ ਬੁੰਗਾ ਸਰਕਾਰ ਦੀ ਛੱਤ ‘ਤੇ ਬੈਠੇ ਕੁ੍ੱਝ ਯਾਤਰੂ ਵੀ ਵਿਖਾਏ ਗਏ ਹਨ।

ਕਿਹਾ ਰਿਹਾ ਹੈ ਕਿ ਇਹ ਚਿੱਤਰ ਪਹਿਲਾਂ ਲੰਬੇ ਸਮੇਂ ਤੱਕ ਸਕਾਟਿਸ਼ ਦੇ ਇਕ ਨਿੱਜੀ ਮਿਊਜ਼ੀਅਮ ‘ਚ ਰਿਹਾ ਅਤੇ ਇਸ ਬਾਰੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਣੀ ਵਾਲੇ ਰੰਗਾਂ ਨਾਲ ਕਾਗ਼ਜ਼ ‘ਤੇ ਬਣਾਈ ਗਈ ਇਹ ਸ੍ਰੀ ਦਰਬਾਰ ਸਾਹਿਬ ਦੀ ਸਭ ਤੋਂ ਵੱਡੀ ਪੇਂਟਿੰਗ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਿਲਾਮੀ ‘ਚ ਵੇਚੀ ਜਾਣ ਵਾਲੀ ਉਕਤ ਪੇਂਟਿੰਗ ਦੀ ਕੀਮਤ 57 ਲੱਖ ਤੋਂ 76 ਲੱਖ ਰੁਪਏ (ਭਾਰਤੀ ਕਰੰਸੀ ਮੁਤਾਬਿਕ) ਰੱਖੀ ਗਈ ਹੈ।

  • 170
  •  
  •  
  •  
  •