ਜਰਮਨੀ ‘ਚ ਭਾਰਤੀ ਅੰਬੈਸੀ ਵੱਲੋਂ ਸਿੱਖਾਂ ਦੀ ਜਾਸੂਸੀ ਕਰਨ ਦਾ ਹੋਇਆ ਖੁਲਾਸਾ

ਵਿਸ਼ਵ ਭਰ ਦੇ ਭਾਰਤੀ ਸਫ਼ਾਰਤਖਾਨੇ ਅਤੇ ਕੌਂਸਲੇਟ ਆਪਣੇ ਖੇਤਰਾਂ ਵਿਚ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਸਿੱਖ ਭਾਈਚਾਰੇ ਦੀ ਗਿਣਤੀ ਜ਼ਿਆਦਾ ਹੈ, ਵਿਚ ਸਿੱਖ ਪ੍ਰਵਾਸੀਆਂ ਦੀ ਜਾਸੂਸੀ ਲਈ ਉਨ੍ਹਾਂ ਦੇ ਵੇਰਵੇ ਇਕੱਤਰ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਜਰਮਨੀ ਦੇ ਹੈਮਬਰਗ ਵਿਚ ਭਾਰਤੀ ਕੌਂਸਲੇਟ ਜਨਰਲ ਦੇ ਦਫ਼ਤਰ ਤੋਂ ਇਕ ਈ-ਮੇਲ ਸਾਹਮਣੇ ਆਈ, ਜਿਸ ਵਿਚ ਦੇਸ਼ ਵਿਚ ਸਿੱਖ ਪਰਵਾਸੀਆਂ ਦੇ ਵੇਰਵੇ ਇਕੱਤਰ ਕਰਨ ਦੀ ਗੱਲ ਕਹੀ ਗਈ ਹੈ।

ਪਰ ਦੂਜੇ ਪਾਸੇ ਇਸ ਖੁਲਾਸੇ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਦਾਅਵਾ ਕੀਤਾ ਹੈ ਕਿ ਇਹ ਅੰਕੜੇ ਸਿੱਖ ਕੌਮ ਦੀ ਸਹਾਇਤਾ ਲਈ ਇਕੱਤਰ ਕੀਤੇ ਜਾ ਰਹੇ ਹਨ, ਕਿਉਂਕਿ ਸਿੱਖ ਉੱਤੇ ਹੋਰਾਂ ਦੇਸ਼ਾਂ ਵਿਚ ਅਤਿਆਚਾਰ ਦੀਆਂ ਸ਼ਿਕਾਇਤਾਂ ਆਈਆਂ ਸਨ।

ਯੂਰਪ ਸਥਿਤ ਵਕੀਲ ਅਤੇ ਕਾਰਕੁੰਨ ਡਾ ਮਾਨੁਵੀ ਨੇ ਹੈਮਬਰਗ ਦੇ ਦੂਤਘਰ ਦੇ ਦਫ਼ਤਰ ਤੋਂ ਇਸ ਈਮੇਲ ਨੂੰ ਜਨਤਕ ਕੀਤਾ ਹੈ। ਬੁੱਧਵਾਰ ਰਾਤ ਨੂੰ ਟਵਿੱਟਰ ਹੈਂਡਲ ਤੇ ਹੈਮਬਰਗ ਦੇ ਕੌਂਸਲ ਜਨਰਲ ਮਦਨ ਲਾਲ ਰਾਏਗਰ ਨੂੰ ਸਵਾਲ ਪੁੱਛੇ। ਕਈ ਹੋਰ ਟਵਿੱਟਰ ਯੂਜ਼ਰਾਂ ਨੇ ਵੀ ਇਸ ਕਦਮ ਬਾਰੇ ਸਖ਼ਤ ਸਵਾਲ ਉਠਾਏ ਅਤੇ ਇਸ ਦੀ ਆਲੋਚਨਾ ਕੀਤੀ।

ਹੈਮਬਰਗ ਦੇ ਉਪ ਕੌਂਸਲਰ ਗੁਲਸ਼ਨ ਢੀਂਗਰਾ ਨੇ 19 ਅਕਤੂਬਰ ਨੂੰ ਸੀਜੀਆਈ ਦਫ਼ਤਰ ਨਾਲ ਜੁੜੇ ਸਰਕਾਰੀ ਖਾਤੇ ਤੋਂ ਇਕ ਈਮੇਲ ਭੇਜੀ ਸੀ, ਜਿਸ ਦਾ ਸਿਰਲੇਖ ਸੀ ਕਿ “4 ਉੱਤਰੀ ਜਰਮਨ ਰਾਜਾਂ ਵਿਚ ਰਹਿ ਰਹੇ ਸਿੱਖ ਪਰਵਾਸੀਆਂ ਦੇ ਅੰਕੜੇ।”

ਈਮੇਲ ਅਨੁਸਾਰ, “ਮੰਤਰਾਲਾ ਜਰਮਨੀ ਵਿੱਚ ਰਹਿ ਰਹੇ ਸਿੱਖ ਪ੍ਰਵਾਸੀਆਂ ਦੇ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇ। ਈਮੇਲ ਪ੍ਰਾਪਤ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਗਈ ਸੀ ਕਿ “21 ਅਕਤੂਬਰ, 2020 ਤੱਕ ਤੁਹਾਡੇ ਖੇਤਰ ਵਿੱਚ ਰਹਿ ਰਹੇ ਸਿੱਖਾਂ ਦੇ ਨਾਵਾਂ ਅਤੇ ਪਤਿਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇ।

ਦੱਸਣਾ ਬਣਦਾ ਹੈ ਕਿ ਜਰਮਨੀ ਵਿਚ ਪਹਿਲਾਂ ਵੀ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਨੂੰ ਸਥਾਨਕ ਅਦਾਲਤਾਂ ਨੇ ਦੋਸ਼ੀ ਵੀ ਠਹਿਰਾਇਆ ਸੀ।

  • 430
  •  
  •  
  •  
  •