ਟਰੰਪ ਨੇ ਕਿਹਾ ”ਭਾਰਤ ਵੱਲ ਦੇਖੋ, ਇਹ ਕਿੰਨਾ ਗੰਦਾ ਹੈ ਤੇ ਇਸ ਦੀ ਹਵਾ ਕਿੰਨੀ ਗੰਧਲੀ ਹੈ”

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਡੈਮੋਕ੍ਰੇਟਿਕ ਵਿਰੋਧੀ ਜੋਅ ਬਾਇਡਨ ਨਾਲ ਆਖਰੀ ਰਾਸ਼ਟਰਪਤੀ ਬਹਿਸ ਮੌਕੇ ਵਾਤਾਵਰਣ ਅਤੇ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ’ਤੇ ਚਰਚਾ ਕਰਦਿਆਂ ਭਾਰਤ ਅਤੇ ਇੱਥੋਂ ਦੀ ਹਵਾ ਨੂੰ ‘ਗੰਦਾ’ ਕਰਾਰ ਦਿੱਤਾ ਹੈ। ਇਸ ਦੇ ਮਗਰੋਂ ਸ਼ੋਸ਼ਲ ਮੀਡੀਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਰੰਪ ਨਾਲ ‘ਗੂੜ੍ਹੀ ਮਿੱਤਰਤਾ’ ਦੇ ਕੀਤੇ ਜਾਣ ਵਾਲੇ ਦਾਅਵਿਆਂ ‘ਤੇ ਮਜ਼ਾਕ ਕੀਤਾ ਗਿਆ।

ਨੈਸ਼ਵਿਲੇ ਵਿੱਚ ਵੀਰਵਾਰ ਰਾਤ ਆਪਣੇ ਸੰਬੋਧਨ ਵਿੱਚ ਟਰੰਪ ਨੇ ਕਿਹਾ, ‘‘ਚੀਨ ਨੂੰ ਦੇਖੋ, ਇਹ ਕਿੰਨਾ ਗੰਦਾ ਹੈ। ਰੂਸ ਨੂੰ ਦੇਖੋ, ਭਾਰਤ ਨੂੰ ਦੇਖੋ, ਇਹ ਗੰਦੇ ਹਨ। ਇਨ੍ਹਾਂ ਦੀ ਹਵਾ ਗੰਧਲੀ ਹੈ।’’ ਤਿੰਨਾਂ ਮੁਲਕਾਂ ਨੂੰ ਨਿਸ਼ਾਨਾ ਬਣਾਊਣ ਤੋਂ ਪਹਿਲਾਂ ਟਰੰਪ ਨੇ ਕਿਹਾ, ‘‘ਮੌਜੂਦਾ ਪ੍ਰਸ਼ਾਸਨ ਹੇਠ ਦੇਸ਼ ਦੇ ਹਵਾ ਵਿੱਚ ਕਾਰਬਨ ਛੱਡਣ ਦੇ ਅੰਕੜੇ ਪਿਛਲੇ 35 ਸਾਲਾਂ ’ਚੋਂ ਸਭ ਤੋਂ ਬਿਹਤਰ ਹਨ, ਅਸੀਂ ਸਨਅਤਾਂ ਨਾਲ ਵਧੀਆ ਕੰਮ ਕਰੇ ਹਾਂ।’’ ਇਸ ਬਹਿਸ ਦੌਰਾਨ ਭਾਰਤ ਦਾ ਜ਼ਿਕਰ ਸਿਰਫ਼ ਇੱਕ ਵਾਰ ਵਾਤਾਵਰਣ ਦੇ ਮੁੱਦੇ ’ਤੇ ਚਰਚਾ ਦੌਰਾਨ ਹੀ ਹੋਇਆ।

ਬਾਇਡਨ ਨੇ ਟਰੰਪ ’ਤੇ ਮਹਾਮਾਰੀ ’ਤੇ ਕਾਬੂ ਪਾਊਣ ਵਿੱਚ ਅਸਮਰੱਥ ਰਹਿਣ ਅਤੇ ਅੱਗੇ ਆ ਰਹੀ ਸਰਦ ਰੁੱਤ ਲਈ ਕੋਈ ਠੋਸ ਯੋਜਨਾ ਨਾ ਹੋਣ ਦੇ ਦੋਸ਼ ਲਾਏ ਜਦਕਿ ਰਾਸ਼ਟਰਪਤੀ ਟਰੰਪ ਨੇ ਇਸ ਮਹਾਮਾਰੀ ਨੂੰ ਇਕ ਕੌਮਾਂਤਰੀ ਸਮੱਸਿਆ ਦੱਸਿਆ। ਟਰੰਪ ਨੇ ਇਸ ਬਿਮਾਰੀ ਲਈ ਚੀਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਨਸਲੀ ਵਿਤਕਰੇ ਦਾ ਮੁੱਦਾ ਉਠਾਉਦੇ ਹੋਏ ਬਾਇਡਨ ਨੇ ਟਰੰਪ ਨੂੰ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਨਸਲਵਾਦੀ ਰਾਸ਼ਟਰਪਤੀਆਂ ’ਚੋਂ ਇਕ ਕਰਾਰ ਦਿੱਤਾ।

  • 201
  •  
  •  
  •  
  •