ਨਿਊਯਾਰਕ ਤੋਂ ਸਿੱਖ ਭਾਈਚਾਰੇ ਲਈ ਮਾਣ ਵਾਲੀ ਖ਼ਬਰ, ਸੜਕ ਦਾ ਨਾਮ ਰੱਖਿਆ ‘ਪੰਜਾਬ ਐਵਨਿਊ’

ਨਿਊਯਾਰਕ- ਸਿੱਖਾਂ ਵੱਲੋਂ ਵਿਦੇਸ਼ਾਂ ਵਿਚ ਨਾਮ ਖੱਟਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ, ਜਿਸ ਉੱਤੇ ਭਾਈਚਾਰੇ ਨੂੰ ਹਮੇਸ਼ਾ ਮਾਣ ਹੁੰਦਾ ਹੈ। ਹੁਣ ਇਸੇ ਤਰ੍ਹਾਂ ਨਿਊਯਾਰਕ ਤੋਂ ਖੁਸ਼ਖਬਰੀ ਆਈ ਹੈ। ਇੱਥੇ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਇਲਾਕੇ ਰਿਚਮੰਡ ਹਿੱਲ ਦੀ ਸਟਰੀਟ 101 ਦਾ ਸਾਂਝਾ ਨਾਮ (ਕੋ-ਨੇਮ) ‘ਪੰਜਾਬ ਐਵਲਿਊ’ ਰੱਖਣ ਲਈ ਰਸਮੀ ਉਦਘਾਟਨੀ ਸਮਾਰੋਹ ਹੋਇਆ। ਹੁਣ ਲੋਕ ਇਸ ਸੜਕ ਨੂੰ ‘ਪੰਜਾਬ ਐਵਨਿਊ’ ਨਾਲ ਤਸਦੀਕ ਕਰਿਆ ਕਰਨਗੇ। ਇਹ ਨਾਮ 111 ਤੋਂ ਲੈ ਕੇ 123 ਸਟਰੀਟ ਤੱਕ ਚੱਲੇਗਾ।

ਇਹ ਕਾਰਜ ਨਿਊਯਾਰਕ ਦੇ ਉੱਘੇ ਸਿੱਖ ਸਮਾਜ ਸੇਵੀ ਸ. ਹਰਪ੍ਰੀਤ ਸਿੰਘ ਤੂਰ ਦੇ ਯਤਨਾਂ ਨਾਲ ਪੂਰਿਆ ਹੋਇਆ ਹੈ। ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੇ ਨਿਊਯਾਰਕ ਸਿਟੀ ਦੀ ਕੌਂਸਲ ਮੈਂਬਰ ਏਡਰੀਅਨ ਐਡਮਜ਼ ਨੂੰ ਇਸ ਵਿਸ਼ੇ ‘ਤੇ ਕੰਮ ਸ਼ੁਰੂ ਕਰਨ ਲਈ ਸੱਦਾ ਦਿੱਤਾ ਸੀ ਤੇ ਉਨ੍ਹਾਂ ਨੇ ਇਸ ਮੰਗ ਨੂੰ ਕਬੂਲਿਆ ਸੀ। ਫ਼ਿਰ ਹੌਲੀ-ਹੌਲੀ ਕਾਰਵਾਈ ਦੇ ਚੱਲਦਿਆਂ ਦਸੰਬਰ 2019 ‘ਚ ਨਿਊਯਾਰਕ ਸਿਟੀ ਕੌਂਸਲ ਨੇ ਇਹ ਬਿੱਲ ਪਾਸ ਕਰ ਦਿੱਤਾ। ਅਸਲ ਉਦਘਾਟਨੀ ਸਮਾਰੋਹ ਮਈ ਦੇ ਪਹਿਲੇ ਹਫ਼ਤੇ ਨਿਊਯਾਰਕ ਸਿਟੀ ‘ਚ ਸਿੱਖ ਡੇਅ ਪਰੇਡ ਤੋਂ ਬਾਅਦ ਰੱਖਿਆ ਗਿਆ ਸੀ, ਪਰ ਕੋਰੋਨਾ ਮਹਾਂਮਾਰੀ ਕਾਰਨ ਦੇਰੀ ਹੋ ਗਈ।

ਸ. ਹਰਪ੍ਰੀਤ ਸਿੰਘ ਤੂਰ ਨੇ ਇੱਕ ਹੋਰ ਖੁਸ਼ਖ਼ਬਰੀ ਦਿੰਦਿਆਂ ਦੱਸਿਆ ਕਿ ਇਸ ਦੇ ਨਾਲ ਹੀ 97ਵਾਂ ਐਵਨਿਊ ਜਿਸ ਦੇ ਉੱਤੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਸਥਾਪਿਤ ਹੈ ਜੋ ਕਿ ਈਸਟ ਕੋਸਟ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਗੁਰਦੁਆਰਾ ਹੈ, ਉਸ ਸਟਰੀਟ ਦਾ ਨਾਮ ਵੀ ‘ਗੁਰਦੁਆਰਾ ਵੇਅ’ ਵਜੋਂ ਪਾਸ ਹੋ ਚੁੱਕਾ ਹੈ। ‘ਗੁਰਦੁਆਰਾ ਵੇਅ’ ਦਾ ਘੁੰਡ ਚੁਕਾਈ ਸਮਾਗਮ 30 ਨਵੰਬਰ 2020 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤਾ ਜਾਵੇਗਾ।

  • 317
  •  
  •  
  •  
  •