ਬਲਵੰਤ ਸਿੰਘ ਮੁਲਤਾਨੀ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸੈਣੀ ਸਿੱਟ ਅੱਗੇ ਪੇਸ਼

1991 ‘ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਪੁਲਿਸ ਜਾਂਚ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਆਪਣੇ ਵਕੀਲਾਂ ਨਾਲ ਮਟੌਰ ਥਾਣੇ ਪਹੁੰਚੇ। ਸਾਬਕਾ ਡੀ. ਜੀ. ਪੀ. ਆਪਣੇ ਵਕੀਲਾਂ ਅਤੇ ਸੁਰੱਖਿਆ ਅਮਲੇ ਨਾਲ ਸਵੇਰੇ ਕਰੀਬ ਸਵਾ 11 ਵਜੇ ਮਟੌਰ ਥਾਣੇ ਪਹੁੰਚੇ। ਥਾਣੇ ਵਿਚ ਸਿੱਟ ਦੇ ਮੁਖੀ ਤੇ ਐੱਸ. ਪੀ, (ਡੀ) ਹਰਮਨਦੀਪ ਸਿੰਘ ਹਾਂਸ, ਡੀ. ਐੱਸ. ਪੀ (ਡੀ) ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਸੈਣੀ ਤੋਂ ਪੁੱਛਗਿੱਛ ਕੀਤੀ।

ਸੈਣੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਚਾਰ ਵਾਰ ਨੋਟਿਸ ਭੇਜਿਆ ਗਿਆ ਸੀ ਪਰ ਉਹ ਸਿਰਫ਼ ਦੋ ਵਾਰ ਹੀ ਸਿੱਟ ਅੱਗੇ ਪੇਸ਼ ਹੋਏ ਹਨ। ਸੁਮੇਧ ਸੈਣੀ ਕੋਲੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਦੁਪਹਿਰ ਡੇਢ ਵਜੇ ਤੱਕ ਪੁੱਛਗਿੱਛ ਕੀਤੀ ਗਈ। ਜਾਂਚ ‘ਚ ਸ਼ਾਮਿਲ ਹੋਣ ਤੋਂ ਬਾਅਦ ਥਾਣੇ ਤੋਂ ਵਾਪਸ ਆਉਂਦਿਆਂ ਸੈਣੀ ਨੇ ਮੀਡੀਆ ਨੂੰ ਸਿਰਫ਼ ਇੰਨਾ ਕਿਹਾ ਕਿ ਉਹ ਸਮਾਂ ਆਉਣ ‘ਤੇ ਆਪਣੀ ਗੱਲ ਰੱਖਣਗੇ। ਜਾਣਕਾਰੀ ਮੁਤਾਬਕ ਸੁਮੇਧ ਸੈਣੀ ਦੇ ਨਾਲ ਉਨ੍ਹਾਂ ਦਾ ਇੱਕ ਵਕੀਲ ਵੀ ਥਾਣੇ ਦੇ ਅੰਦਰ ਗਿਆ ਸੀ, ਪਰ ਉਸ ਨੂੰ ਅਲੱਗ ਕਮਰੇ ‘ਚ ਬਿਠਾਇਆ ਗਿਆ ਸੀ।

  • 59
  •  
  •  
  •  
  •