ਜਥੇਦਾਰ ਅਕਾਲ ਤਖਤ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦੋਸ਼ੀਆਂ ਖਿਲਾਫ਼ ਅਦਾਲਤੀ ਕੇਸ ਲੜਨ ਦਾ ਆਦੇਸ਼

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਦੋਸ਼ੀਆਂ ਖਿਲਾਫ ਅਦਾਲਤੀ ਕੇਸ ਲੜਨ ਦਾ ਹੁਕਮ ਦਿੱਤਾ ਹੈ। ਜਥੇਦਾਰ ਵੱਲੋਂ ਸ੍ਰੋਮਣੀ ਕਮੇਟੀ ਪ੍ਰਧਾਨ ਨੂੰ ਬੀਤੇ ਦਿਨ ਇੱਕ ਪੱਤਰ ਲਿਖ ਕੇ ਇਹ ਹਦਾਇਤ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਜਿਹੜੇ ਕਰਮਚਾਰੀ ਅਦਾਲਤਾਂ ਵਿਚ ਗਏ ਹਨ, ਉਹਨਾਂ ਖਿਲਾਫ ਤਜਰਬੇਕਾਰ ਵਕੀਲਾਂ ਰਾਹੀਂ ਪੁਖ਼ਤਾ ਢੰਗ ਨਾਲ ਕੇਸ ਲੜਨ ਤੇ ਕੇਸਾਂ ਦੀ ਨਿਰੰਤਰ ਪੈਰਵਾਈ ਲਈ ਇੱਕ ਸਬ ਕਮੇਟੀ ਬਣਾਈ ਜਾਵੇ।

ਦੱਸਣਾ ਬਣਦਾ ਹੈ ਕਿ 13 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਲਈ ਜਥੇਦਾਰ ਅਕਾਲ ਤਖਤ ਨੂੰ ਅਪੀਲ ਕੀਤੀ ਸੀ ਜਿਸਦੇ ਜਵਾਬ ਵਿਚ ਜਥੇਦਾਰ ਨੇ ਨਵੀਂਆਂ ਹਦਾਇਤਾਂ ਕੀਤੀਆਂ ਹਨ।

ਦੂਜੇ ਪਾਸੇ ਪੰਜ ਸਿੰਘ ਸਾਹਿਬਾਨਾਂ ਭਾਈ ਬਲਬੀਰ ਸਿੰਘ ਅਰਦਾਸੀਆ, ਭਾਈ ਮੇਜਰ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਕੋਮਲ ਸਿੰਘ ਅਤੇ ਭਾਈ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਗੁਰੂ ਦੀ ਸੰਗਤ ਇਹ ਮੰਗ ਕਰਦੀ ਆ ਰਹੀ ਹੈ ਕਿ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੱਥੇ ਹਨ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਤਾਂ ਜੋ ਇਸ ਵਿਸ਼ੇ ‘ਤੇ ਦਿਨੋ-ਦਿਨ ਵੱਧ ਰਿਹਾ ਵਿਵਾਦ ਖ਼ਤਮ ਹੋ ਸਕੇ।

  • 363
  •  
  •  
  •  
  •