ਪਹਿਲੀ ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫ਼ਲੇ ਦੀ ਹੋਵੇਗੀ ਸ਼ੁਰੂਆਤ

ਅੰਮ੍ਰਿਤਸਰ: ਪੰਜਾਬ ਵਿਚ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਪੰਜਾਬ ਸਮੇਤ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਅਤੇ ਪੰਜਾਬ ਦੇ ਲੋਕਾ ਦੀਆ ਹੋਰ ਮੰਗਾਂ ਸਬੰਧੀ ਪੰਜਾਬ ਵਾਸੀਆਂ ਨੂੰ ਜਾਗਰੂਕ ਕਰਨ ਹਿੱਤ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫ਼ਲਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਪਿਆਰਾ ਲਾਲ ਗਰਗ, ਡਾ. ਸ਼ਿਆਮ ਸੁੰਦਰ ਦੀਪਤੀ, ਬੀਬੀ ਰਮਨਦੀਪ ਕੌਰ, ਜਸਵਿੰਦਰ ਐਡਵੋਕੇਟ ਅਤੇ ਹੋਰਨਾਂ ਬੁਲਾਰਿਆਂ ਨੇ ਦੱਸਿਆ ਕਿ ‘ਪਿੰਡ ਬਚਾਓ ਪੰਜਾਬ ਬਚਾਓ’ ਕਾਫ਼ਲਾ ਇੱਕ ਨਵੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਆਰੰਭ ਹੋਵੇਗਾ, ਜੋ ਲਗਾਤਾਰ ਤਿੰਨ ਮਹੀਨੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗਾ। ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਆਉਂਦੇ ਸਮੇਂ ‘ਚ ਇਸ ਕਾਫ਼ਲੇ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਦੇਸ਼ ਦੀਆਂ ਹੋਰ ਜਥੇਬੰਦੀਆਂ ਨਾਲ ਮਿਲ ਕੇ ਇਸ ਨੂੰ ਦੇਸ਼ ਦੇ ਦੂਜੇ ਸੂਬਿਆਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਬੀਬੀ ਕਿਰਨਜੀਤ ਕੌਰ ਝੁਨੀਰ, ਪ੍ਰੋਫੈਸਰ ਮਨਜੀਤ ਸਿੰਘ, ਡਾ. ਖੁਸ਼ਹਾਲ ਸਿੰਘ, ਡਾ. ਜਸਪਾਲ ਸਿੰਘ ਸਿੱਧੂ ਅਤੇ ਕੁਲਜੀਤ ਸਿੰਘ ਸਿੰਘ ਬ੍ਰਦਰਜ਼ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ

ਇਸ ਦੇ ਸੰਬੰਧ ਵਿਚ ਹੀ ਬੀਤੇ ਦਿਨ ਚੰਡੀਗੜ੍ਹ ਵਿਖੇ ਵੀ ਸੈਂਕੜੇ ਬੂਧੀਜੀਵੀਆਂ ਜਿਨ੍ਹਾਂ ਵਿੱਚ ਪ੍ਰਫੈਸਰ, ਵਿਗਿਆਨੀ, ਲੇਖਕ, ਵਕੀਲ, ਪ੍ਰਸ਼ਾਸ਼ਨਿਕ ਅਧਿਕਾਰੀ, ਇੰਜੀਨੀਅਰ, ਡਾਕਟਰ, ਵਿਦਿਆਰਥੀ, ਸਮਾਜ ਸੇਵੀ ਸ਼ਾਮਲ ਹੋਏ ਨੇ, ਕਿਸਾਨਾਂ ਮਜਦੂਰਾਂ ਦੇ ਸ਼ਾਨਾਮੱਤੇ ਸ਼ਾਂਤਮਈ ਯੋਜਨਾਬੱਧ ਸੰਘਰਸ਼ ਦੇ ਸਮਰਥਨ ਵਿੱਚ ਗਿਆਨੀ ਕੇਵਲ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਸੰਮੇਲਨ ਕੀਤਾ। ਇਸ ਦੌਰਾਨ ਐਲਾਨ ਕੀਤਾ ਕਿ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਨਵੰਬਰ ਦੇ ਪਹਿਲੇ ਹਫਤੇ ਤੋਂ ਪੰਜਾਬ ਬਚਾਓ ਕਾਫਲਾ ਚਲਾਇਆ ਜਾਵੇਗਾ।

ਪੰਜਾਬ ਬਚਾਓ ਕਾਫਲੇ ਦਾ ਵਿਸਤਾਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਕਾਫਲਾ ਸਾਰੇ ਪੰਜਾਬ ਨੂੰ ਚਾਰ ਪੜਾਵਾਂ ਵਿੱਚ ਕਵਰ ਕਰੇਗਾ। ਪਹਿਲਾ ਪੜਾਅ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹਿਲੀ ਨਵੰਬਰ ਨੂੰ ਸ਼ੁਰੂ ਹੋ ਕੇ ਗੁਰਦਾਸਪੁਰ, ਪਠਾਨਕੋਟ ਜਾਂਦਾ ਹੋਇਆ ਤਰਨਤਾਰਨ ਵਿੱਚ ਮਾਝੇ ਦੇ ਕਾਫਲੇ ਦਾ ਸਮਾਪਤੀ ਸਮਾਰੋਹ ਹੋਵੇਗਾ। ਅਗਲਾ ਪੜਾਅ ਮਾਲਵੇ ਵਿੱਚ ਚੱਲੇਗਾ। ਉਨ੍ਹਾਂ ਨੇ ਕਿਸਾਨੀ ਸੰਘਰਸ਼ ਦੀ ਸ਼ਲਾਘਾ ਕਰਦੇ ਹੋਏ ਇਸਦਾ ਸ਼ਾਤਮਈ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਅਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਭੁਲੇਖੇ ਵਿੱਚ ਰਹਿ ਕੇ ਅੱਗ ਨਾਲ ਖੇਡਣ ਤੋਂ ਗੁਰੇਜ ਕਰੇ ਅਤੇ ਪੰਜਾਬ ਨੂੰ ਤੇ ਦੇਸ਼ ਨੂੰ ਬਲਦੀ ਦੇ ਬੂਥੇ ਨਾ ਧੱਕੇ! ਉਨ੍ਹਾਂ ਨੇ ਸਾਰੀਆਂ ਜਮਹੂਰੀਅਤ ਪਸੰਦ ਪਾਰਟੀਆਂ, ਜਥੇਬੰਦੀਆਂ, ਸ਼ਖਸੀਅਤਾਂ ਤੇ ਵਿਅਕਤੀਆਂ ਨੂੰ ਕਿਸਾਨ ਘੋਲ ਅਤੇ ਫੈਡਰੇਲਿਜ਼ਮ ਦੀ ਬਹਾਲੀ ਦੇ ਸੰਘਰਸ਼ ਵਿੱਚ ਤਨ, ਮਨ ਤੇ ਧਨ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ।

  • 844
  •  
  •  
  •  
  •