ਬਰਤਾਨੀਆ ‘ਚ ਸਿੱਖਾਂ ਖਿਲਾਫ਼ ਨਫਰਤੀ ਅਪਰਾਧਾਂ ਬਾਰੇ ਸਰਕਾਰ ਤੋਂ ਕਾਰਵਾਈ ਦੀ ਮੰਗ

ਲੰਡਨ: ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਵੱਲੋਂ ਚੇਅਰਪਰਸਨ ਐਮ.ਪੀ. ਪ੍ਰੀਤ ਕੌਰ ਗਿੱਲ ਨੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਰੌਬਰਟ ਜੈਨਰਕ ਤੋਂ ਸਿੱਖਾਂ ਵਿਰੁੱਧ ਹੋ ਰਹੇ ਨਫਰਤੀ ਅਪਰਾਧਾਂ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਬੀਤੇ ਦਿਨੀ ਵੱਖ ਵੱਖ ਪਾਰਟੀਆਂ ਦੇ 40 ਸੰਸਦ ਮੈਂਬਰਾਂ ਅਤੇ ਸਿੱਖਾਂ ਵਿਚਕਾਰ ਹੋਈ ਇਕ ਵਰਚੂਅਲ ਮੀਟਿੰਗ ਤੋਂ ਬਾਅਦ ਜਾਰੀ ਹੋਈ ਰਿਪੋਰਟ ਵਿਚ ਸਿੱਖਾਂ ਨਾਲ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਜਲਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਐਮ.ਪੀ. ਪ੍ਰੀਤ ਕੌਰ ਗਿੱਲ

ਸਿੱਖਾਂ ਵਿਰੁੱਧ ਨਫਤਰੀ ਅਪਰਾਧ ਬਾਰੇ ਇੱਕ ਰਿਪੋਰਟ ਵੀ ਜਾਰੀ ਕੀਤੀ ਗਈ ਹੈ। ਸਿੱਖਾਂ ਵਲੋਂ ਦੋਸ਼ ਹੈ ਕਿ ਸਰਕਾਰ ਅਤੇ ਮੀਡੀਆ ਵਲੋਂ ਯਹੂਦੀਆਂ ਵਿਰੁੱਧ ਅਪਰਾਧਾਂ ਅਤੇ ਇਸਲਾਮੋਫੋਬੀਆ ਬਾਰੇ ਅਕਸਰ ਹੀ ਬੋਲਿਆ ਜਾਂਦਾ ਹੈ ਪਰ ਸਿੱਖਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਯਹੂਦੀ ਭਾਈਚਾਰੇ ਦੀ ਸੁਰੱਖਿਆ ਲਈ ਕਮਿਊਨਿਟੀ ਸਕਿਉਰਿਟੀ ਟਰੱਸਟ (ਸੀ ਐਸ ਟੀ) ਨੂੰ ਸਾਲਾਨਾ 14 ਮਿਲੀਅਨ ਪੌਂਡ ਪ੍ਰਦਾਨ ਕਰਦੀ ਹੈ, ਇਸਲਾਮੋਫੋਬੀਆ ਨਾਲ ਸਬੰਧਿਤ ਜੁੜੇ ਨਫਰਤੀ ਅਪਰਾਧਾਂ ਬਾਰੇ ਟਿੱਲ ਮਾਮਾ ਨੂੰ 2012 ਤੋਂ 1 ਮਿਲੀਅਨ ਪੌਂਡ ਤੋਂ ਵੱਧ ਦਿੱਤਾ ਜਾ ਰਿਹਾ ਹੈ। ਜੁਲਾਈ 2016 ਵਿਚ ਪ੍ਰਕਾਸ਼ਿਤ ਸਰਕਾਰ ਦੀ ਨਫਤਰੀ ਅਪਰਾਧਾਂ ਦੀ ਰਿਪੋਰਟ ਵਿਚ ਵੀ ਸਿੱਖਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਯੂ.ਕੇ. ਸਿੱਖ ਸਰਵੇਖਣ 2016 ਵਿਚ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਨੂੰ ਅੰਕਿਤ ਕੀਤਾ ਗਿਆ।

ਜਨਵਰੀ 2017 ਵਿਚ ਭਾਈਚਾਰਕ ਮੰਤਰੀ ਨੇ ਸਿੱਖ ਭਾਈਚਾਰੇ ਲਈ ਫੰਡਾਂ ਦਾ ਐਲਾਨ ਕੀਤਾ ਗਿਆ। ਇਹ ਫੰਡ ਪੁਲਿਸ ਨੂੰ ਟਰੂ ਵਿਜ਼ਨ ਰਾਹੀਂ ਦਿੱਤੇ ਗਏ। ਪਰ 4 ਸਾਲ ਬਾਅਦ ਵੀ ਇਨ੍ਹਾਂ ਫੰਡਾਂ ਦੀ ਵਰਤੋਂ ਨਹੀਂ ਹੋਈ ਹੈ। ਸੰਸਦੀ ਗਰੁੱਪ ਨੇ ਸਿੱਖ ਨੈੱਟਵਰਕ ਅਤੇ ਸਿੱਖ ਕੌਂਸਲ ਯੂ.ਕੇ. ਨੂੰ ਸਰਕਾਰ ਵਲੋਂ ਮਦਦ ਦੀ ਸਿਫਾਰਸ਼ ਕੀਤੀ ਤਾਂ ਕਿ ਅਗਲੇ 3 ਤੋਂ 5 ਸਾਲ ਵਿਚ ਯੂ.ਕੇ. ਦੇ ਗੁਰੂ ਘਰਾਂ ਵਿਚ 15 ਨਵੇਂ ਸਿੱਖ ਰਿਪੋਰਟਿੰਗ ਸੈਂਟਰ ਖੋਲ੍ਹੇ ਜਾ ਸਕਣ। ਐਮ ਪੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਿੱਖ ਭਾਈਚਾਰੇ ਵਿਰੁੱਧ ਨਫਰਤੀ ਅਪਰਾਧ ਵੱਧ ਰਹੇ ਹਨ ਅਤੇ ਸਰਕਾਰ ਵਲੋਂ ਅਣਦੇਖੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਵੱਧ ਰਹੇ ਨਫਤਰੀ ਅਪਰਾਧਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਇਸ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ।

  • 77
  •  
  •  
  •  
  •