ਲੰਡਨ: ਪੰਜਾਬ ਨਾਲ ਸੰਬੰਧਤ ਦੁਰਲੱਭ ਵਸਤਾਂ ਦੀ ਲੱਖਾਂ ‘ਚ ਹੋਈ ਨਿਲਾਮੀ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦਾ 19ਵੀਂ ਸਦੀ ਦਾ ਦੁਰਲੱਭ ਚਿੱਤਰ ਤੇ ਮਹਾਰਾਣੀ ਜਿੰਦ ਕੌਰ ਦੇ ‘ਚੰਦ ਟਿੱਕੇ’ ਸਮੇਤ ਬੇਸ਼ਕੀਮਤੀ ਵਸਤੂਆਂ ਦੀ ਲੰਡਨ ‘ਚ ਨਿਲਾਮੀ ਹੋਈ ਹੈ। ਸ੍ਰੀ ਦਰਬਾਰ ਸਾਹਿਬ ਦੇ ਦੁਰਲੱਭ ਚਿੱਤਰ ਨੂੰ ਪ੍ਰਸਿੱਧ ਬਰਤਾਨਵੀ ਚਿੱਤਰਕਾਰ ਸਿਰਿਲਾ ਵਿਜ਼ਮੈਨ ਹਰਬਰਟ (ਜੋ ਰਾਇਲ ਅਕਾਦਮਿਕ ਜੌਹਨ ਰੌਜ਼ਰਜ਼ ਹਰਬਰਟ ਦਾ ਪੁੱਤਰ ਸੀ) ਨੇ ਬਣਾਇਆ ਹੈ। ਇਸ ਚਿੱਤਰ ਦਾ ਅੰਦਾਜਨ ਮੁੱਲ 60 ਤੋਂ 80 ਹਜ਼ਾਰ ਪੌਾਡ ਮੰਨਿਆ ਗਿਆ ਸੀ, ਪਰ ਇਹ ਚਿੱਤਰ 75 ਲੱਖ (75062 ਪੌਾਡ) ਦਾ ਵਿਕਿਆ ਹੈ।
ਮਵਾੜ ਦੇ ਜੰਗਲਾਂ ‘ਚ ਗੁਰੂ ਨਾਨਕ ਸਾਹਿਬ ਜੀ ਦੀ ਬਾਲਨਾਥ ਨਾਲ ਹੋਈ ਭੇਟ ਵਾਰਤਾ ਨੂੰ ਪੇਸ਼ ਕਰਦਾ 18ਵੀਂ ਸਦੀ ਦਾ ਬਣਿਆ ਇਕ ਹੋਰ ਚਿੱਤਰ ਕਰੀਬ 12 ਲੱਖ (11937 ਪੌਾਡ) ਦਾ ਵਿਕਿਆ ਹੈ। ਮਹਾਰਾਣੀ ਜਿੰਦ ਕੌਰ ਦਾ ਰਤਨ ਜੜ੍ਹਿਆ ਸੋਨੇ ਦਾ ਮੱਥੇ ਦਾ ‘ਚੰਦ ਟਿੱਕਾ’ ਤੇ ਇਕ ਰਤਨ ਜੜ੍ਹਿਆ ਸੋਨੇ ਦਾ ਗੋਲ ਸ਼ੀਸ਼ਾ ਤੇ ਮੋਤੀਆਂ ਨਾਲ ਜੜ੍ਹਿਆ ਗੋਲ ਪੈਂਡੈਂਟ ਵੀ ਨਿਲਾਮ ਹੋਇਆ ਹੈ, ਜਿਸ ਦਾ ਅੰਦਾਜਨ ਮੁੱਲ੍ਹ 60 ਤੋਂ 80 ਹਜ਼ਾਰ ਪੌਂਡ ਮਿਥਿਆ ਗਿਆ ਸੀ, ਪਰ ਇਹ ਚੰਦ ਟਿੱਕਾ 62 ਲੱਖ ਰੁਪਏ (62562 ਪੌਾਡ) ਦਾ ਵਿਕਿਆ।

ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦਾ ਇਹ ਕੀਮਤੀ ਟਿੱਕਾ ਤੇ ਲਾਕੇਟ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਬੇਟੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਦਿੱਤਾ, ਜਿਸ ਨੇ ਇਸ ਨੂੰ ਅੱਗੋਂ ਆਪਣੀ ਜੀਵਨ ਭਰ ਦੀ ਸਾਥਣ ਮਿਸਜ਼ ਡੋਰਾ ਕਰੋਅ, ਹੈਮਪਟਨ ਹਾਊਸ ਨੌਰਫਲਕ ਨੂੰ ਦੇ ਦਿੱਤਾ ਸੀ, ਜਿਸ ਦੀ ਧੀ ਮਿਸਜ਼ ਓਰੀਅਲ ਸਦਰਲੈਂਡ ਤੋਂ ਯੂ.ਕੇ. ਦੇ ਇਕ ਸੰਗ੍ਰਹਿ ਕਰਤਾ ਨੇ ਪ੍ਰਾਪਤ ਕੀਤਾ ਸੀ। ਮਹਾਰਾਣੀ ਜਿੰਦ ਕੌਰ ਨੂੰ ਇਹ ਤਿੰਨੇ ਵਸਤੂਆਂ ਅੰਗਰੇਜ਼ਾਂ ਨੇ ਮਹਾਰਾਣੀ ਦੇ ਪੱਕੇ ਤੌਰ ‘ਤੇ ਲੰਡਨ ‘ਚ ਰਹਿਣ ਲਈ ਸਹਿਮਤ ਹੋਣ ਉਪਰੰਤ ਲੰਡਨ ‘ਚ ਦਿੱਤੇ ਸਨ। ਮਹਾਰਾਣੀ ਜਿੰਦਾ 1861 ‘ਚ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਮਿਲੀ ਸੀ। ਨਿਲਾਮੀ ਘਰ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਬੱਚਿਆਂ ਨਾਲ ਸਬੰਧਿਤ ਤਸਵੀਰਾਂ ਤੇ ਕਾਰਡ 2550 ਪੌਂਡ ਦੇ ਕਿਸੇ ਬੋਲੀਕਾਰ ਨੇ ਖਰੀਦੇ ਹਨ ਤੇ ਮਹਾਰਾਜਾ ਦਲੀਪ ਸਿੰਘ, ਵੈਕਟਰ ਦਲੀਪ ਸਿੰਘ, ਫੈਡਰਿਕ ਦਲੀਪ ਸਿੰਘ ਤੇ ਐਲਬਰਟ ਦਲੀਪ ਸਿੰਘ ਦੇ ਕੱਟੇ ਕੇਸਾਂ ਦੇ ਸੰਗ੍ਰਹਿ ਨੂੰ 7562 ਪੌਾਡ ‘ਚ ਵੇਚਿਆ ਗਿਆ ਹੈ।

ਇਸ ਤੋਂ ਇਲਾਵਾ ਪੰਜਾਬ, ਭਾਰਤ ਤੇ ਪਾਕਿਸਤਾਨ ਨਾਲ ਸਬੰਧਿਤ ਹੋਰ ਵੀ ਬਹੁਤ ਬੇਸ਼ਕੀਮਤੀ ਵਸਤੂਆਂ ਤੇ ਚਿੱਤਰ ਨਿਲਾਮ ਹੋਏ ਹਨ। ਯੁੱਧ ਦੌਰਾਨ ਸਿਪਾਹੀਆਂ ਵਲੋਂ ਪਹਿਨੀ ਜਾਣ ਵਾਲੀ ਵਰਦੀ ਦੀ ਇਸ ਮੌਕੇ ਵਿਕਰੀ ਨਹੀਂ ਹੋਈ ਤੇ ਪਟਿਆਲਾ ‘ਚ ਹੋਈ ਕੁੱਤਾ ਚੈਂਪੀਅਨਸ਼ਿਪ 1926 ਦੀਆਂ ਯਾਦਗਰੀ ਤਸਵੀਰਾਂ ਦੀ ਐਲਬਮ 9437 ਪੌਂਡ ਦੀ ਵਿਕੀ ਹੈ | ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜਕਾਲ ਨਾਲ ਸਬੰਧਿਤ ਚਿੱਤਰਾਂ ਦੀ ਐਲਬਮ 40062 ਪੌਾਡ ਦੀ ਵਿਕੀ ਹੈ। ਪ੍ਰਸਿੱਧ ਭਾਰਤੀ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਦਾ ਬਣਾਇਆ ਚਿੱਤਰ ਘੋੜਾ 50062 ਪੌਂਡ ਦਾ ਖਰੀਦਿਆ ਗਿਆ ਹੈ |

  • 108
  •  
  •  
  •  
  •