ਜੇ ਇੰਦਰਾ ਗਾਂਧੀ ਨਾ ਮਾਰੀ ਜਾਂਦੀ ਤਾਂ ਭਾਰਤ ਭਰ ਵਿਚ ਲੱਖਾਂ ਸਿੱਖ ਮਾਰੇ ਜਾਣੇ ਸੀ!

-ਡਾ: ਸੰਗਤ ਸਿੰਘ

ਇੰਦਰਾ ਨੇ ‘ਅਪ੍ਰੇਸ਼ਨ ਸ਼ਾਂਤੀ’ ਨਾਂ ਦੀ ਇਕ ਸ਼ੈਤਾਨੀ ਯੋਜਨਾ ਬਣਾਈ ਹੋਈ ਸੀ। ਇਸ ਯੋਜਨਾ ਅਨੁਸਾਰ 8 ਨਵੰਬਰ 1984 ਦੇ ਆਸ ਪਾਸ, ਜਦੋਂ ਸਿੱਖਾਂ ਨੇ ਵੱਖੋ-ਵੱਖਰੇ ਗੁਰਦੁਆਰਿਆਂ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਜੁੜੇ ਹੋਣਾ ਸੀ, ਨਸਲਕੁਸ਼ੀ ਹੀ ਹੱਦ ਤਕ ਜਾਂਦਾ ਸਿੱਖਾਂ ਦਾ ਕਤਲੇਆਮ ਕੀਤਾ ਜਾਣਾ ਸੀ। ਇਸ ਯੋਜਨਾ ਅਨੁਸਾਰ ਸਾਰੀ ਹਿੰਦ-ਪਾਕਿ ਸਰਹੱਦ ਦੇ ਨਾਲ ਨਾਲ ਵੱਡੇ ਪੈਮਾਨੇ ਉਤੇ ਝੜਪਾਂ ਹੋਣੀਆਂ ਸਨ, ਜੋ ਕਿ ਲਗਭਗ ਜੰਗ ਲੱਗਣ ਦੇ ਬਰਾਬਰ ਹੀ ਹੋਣੀਆਂ ਸਨ। ਇਸ ਤੋਂ ਪ੍ਰਭਾਵ ਇਹ ਦਿੱਤਾ ਜਾਣਾ ਸੀ ਕਿ ਪੰਜਾਬ ਵਿਚ ਸਿੱਖਾਂ ਨੇ ਬਗਾਵਤ ਕਰ ਦਿੱਤੀ ਹੈ ਤੇ ਉਹ ਪਾਕਿਸਤਾਨੀ ਫੌਜਾਂ, ਜਿਹੜੀਆਂ ਭਾਰਤੀ ਇਲਾਕੇ ਵਿਚ ਕਾਫੀ ਅੰਦਰ ਤੱਕ ਆ ਗਈਆਂ ਹਨ, ਨਾਲ ਮਿਲ ਗਏ ਹਨ।

ਪੰਜਾਬ ਭਰ ਵਿਚ ਅਤੇ ਖਾਸ ਕਰਕੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਵਿਚ ਫੌਜ ਅਤੇ ਨੀਮ ਫੌਜੀ ਦਸਤਿਆਂ ਵਲੋਂ ਸਿੱਖਾਂ ਦਾ ਕਤਲੇਆਮ ਕੀਤੇ ਜਾਣ ਤੋਂ ਇਲਾਵਾ ਵਿਸ਼ਾਲ ਪੈਮਾਨੇ ਉਤੇ ਬੰਬਾਰੀ ਕੀਤੀ ਜਾਣੀ ਸੀ। ਸਾਰੇ ਭਾਰਤ ਵਿਚ ਯੂਥ ਕਾਂਗਰਸ (ਆਈ) ਦੇ ਕਾਰਕੁੰਨਾਂ ਵਲੋਂ ਜਥੇਬੰਦ ਕੀਤੇ ਗਏ ਮਾੜੇ ਅਨਸਰਾਂ ਨੇ ਸਿੱਖਾਂ ਨੂੰ ਵੱਡੇ ਪੈਮਾਨੇ ਉਤੇ ਕਤਲਾਂ, ਲੁੱਟਮਾਰ, ਸਾੜਫੂਕ ਅਤੇ ਅਗਨੀ ਦਾਹ ਦਾ ਸ਼ਿਕਾਰ ਬਣਾਉਣਾ ਸੀ। ਭਾਰਤ ਭਰ ਵਿਚ ਯੂਥ ਕਾਂਗਰਸ (ਆਈ) ਦੇ ਤਾਣੇ-ਪੇਟੇ ਵਲੋਂ ਤਿਆਰੀਆਂ ਕੀਤੀਆਂ ਗਈਆਂ ਸਨ। ਇਹ ਸਾਰੀ ਕਾਰਵਾਈ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਸਿਰਫ਼ ਇਸ਼ਾਰੇ ਦੀ ਹੀ ਉਡੀਕ ਸੀ।

ਇਹ ਯੋਜਨਾ ਕੁੱਝ ਫੌਜੀ ਜਰਨੈਲਾਂ ਨਾਲ ਵਿਚਾਰੀ ਗਈ। ਉਨ੍ਹਾਂ ਨੇ ਇੰਦਰਾ ਨੂੰ ਇਸ ਨੂੰ ਅਮਲ ਵਿਚ ਨਾ ਲਿਆਉਣ ਦੀ ਰਾਏ ਦਿੱਤੀ। ਉਨ੍ਹਾਂ ਨੇ ਯਾਦ ਦੁਆਇਆ ਕਿ ਨਾਜ਼ੀਆਂ ਨੇ ਯਹੂਦੀਆਂ ਨੂੰ ਮਾਰ ਮੁਕਾਉਣ ਲ਼ਈ ਗੈਸ ਚੈਂਬਰਾਂ ਦੀ ਵਰਤੋਂ ਕੀਤੀ ਸੀ, ਪਰ ਉਹ ਇਸ ਵਿਚ ਸਫਲ ਨਹੀਂ ਸਨ ਹੋਏ। ਇੱਕੋ ਹੱਲੇ ਸਿੱਖਾਂ ਨੂੰ ਬਿੱਲੇ ਲਾਉਣ ਦੀ ਉਸਦੀ ਯੋਜਨਾ ਉਸਦਾ ਨਾਂ ਹਿਟਲਰ ਨਾਲ ਹੀ ਜੋੜੇਗੀ। ਪਰ ਉਹ ਟਲਣ ਵਾਲੀ ਨਹੀਂ ਸੀ।

ਇਸੇ ਦੌਰਾਨ, ਪਾਕਿਸਤਾਨ ਨਾਲ ਲੜਾਈ ਛੇੜਨ ਦੀ ਯੋਜਨਾ ਚੋਰੀ ਛਿਪੇ ਵੱਡੀਆਂ ਕੌਮਾਂਤਰੀ ਖੁਫੀਆ ਏਜੰਸੀਆਂ ਤੱਕ ਵੀ ਪੁੱਜ ਚੁੱਕੀ ਸੀ ਕਿਉਂਕਿ ਪ੍ਰਧਾਨ ਮੰਤਰੀ ਦੇ ਸਕੱਤਰੇਤ ਵਿਚਲੇ ਅਤਿ ਖੁਫੀਆ ਰਹੱਸ ਵੀ ਉਸਦੇ ਮੁੱਖ ਸਕੱਤਰ ਪੀ.ਸੀ. ਅਲੈਗਜ਼ੈਂਡਰ ਦੇ ਨਿੱਜੀ ਅਮਲੇ ਵਲੋਂ ਭੰਗ ਦੇ ਭਾਅ ਵੇਚੇ ਜਾ ਰਹੇ ਸਨ। ਪ੍ਰਧਾਨ ਜ਼ੀਆ ਉਲ ਹੱਕ ਨੇ ਭਾਰਤ ਨਾਲ ਜੰਗ ਟਾਲਣ ਦੀ ਸੁਹਿਰਦ ਕੋਸ਼ਿਸ਼ ਕੀਤੀ। ਉਸਨੇ ਨਵੀਂ ਦਿੱਲੀ ਵਿਚਲੇ ਆਪਣੇ ਰਾਜਦੂਤ, ਹਮਾਯੂੰ ਖਾਨ ਨੂੰ ਹਦਾਇਤ ਕੀਤੀ ਕਿ ਉਹ ਵਿਗੜ ਰਹੇ ਹਿੰਦ-ਪਾਕਿ ਸਬੰਧਾਂ ਬਾਰੇ ਉਸਦੀ ਭਾਰੀ ਫਿਕਰਮੰਦੀ ਸਿੱਧੀ ਇੰਦਰਾ ਤੱਕ ਪੁਚਾ ਦੇਵੇ ਅਤੇ ਦੋਹਾਂ ਵਿਚਕਾਰ ਸਿੱਧੀ ਗੱਲਬਾਤ ਮੁੜ ਸ਼ੁਰੂ ਕਰਨ ਦਾ ਸੁਝਾਅ ਦੇਵੇ। ਇਸਦੇ ਸਿੱਟੇ ਵਜੋਂ, ਹਮਾਯੂੰ ਖਾਨ ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਜ਼ਰਅੰਦਾਜ਼ ਕਰਦਿਆਂ, 25 ਅਕਤੂਬਰ ਨੂੰ ਪੀ.ਸੀ. ਅਲੈਗਜ਼ੈਂਡਰ ਨੂੰ ਬਿਨਾਂ ਪੂਰਵ-ਸ਼ਰਤਾਂ ਦੇ ਸਿਖਰ ਸੰਮੇਲਨ ਕਰਨ ਦੇ ਆਪਣੇ ਪ੍ਰਧਾਨ ਦਾ ਸੁਝਾਅ ਪੁਚਾਉਣ ਲਈ ਮਿਲਿਆ।

ਇੰਦਰਾ ਸੁਣਨ ਦੇ ਮੂਡ ਵਿਚ ਨਹੀਂ ਸੀ। ਆਪਣੀ ਸਿੱਖ ਨਸਲਕੁਸ਼ੀ ਦੀ ਘਿਨਾਉਣੀ ਯੋਜਨਾ ਨੂੰ ਧਿਆਨ ਵਿਚ ਰੱਖਦਿਆਂ ਉਸਨੇ 27 ਅਕਤੂਬਰ ਨੂੰ ਕਸ਼ਮੀਰ ਦਾ ਅਚਨਚੇਤੀ ਦੌਰਾ ਕੀਤਾ, ਜਦੋਂ ਉਸਨੂੰ ਆਪਣੇ ਸਿਰ ਉਤੇ ਮੰਡਰਾ ਰਹੀ ਮੌਤ ਦਾ ਪੂਰਵ ਸੰਕੇਤ ਮਿਲਿਆ। ਅਲੈਗਜ਼ੈਂਡਰ ਲਿਖਦਾ ਹੈ, “ਅਗਲੇ ਦਿਨ ਦਿੱਲੀ ਪਹੁੰਚ ਕੇ ਉਸਨੇ ਜਨਰਲ ਵੈਦਯ ਨੂੰ ਬੁਲਾਵਾ ਭੇਜਿਆ ਅਤੇ ਮੇਰੀ ਮੌਜੂਦਗੀ ਵਿਚ ਉਸਨੂੰ ਕਿਸੇ ਅਚਨਚੇਤੀ ਜੰਗ ਛਿੜਨ ਦੀ ਸੂਰਤ ਵਿਚ ਜੰਮੂ ਕਸ਼ਮੀਰ ਵਿਚ ਭਾਰਤੀ ਫੌਜ ਦੀ ਤਿਆਰੀ ਦੀ ਹਾਲਤ ਬਾਰੇ ਪੁੱਛਿਆ। ਜਨਰਲ ਵੈਦਯ ਨੇ ਉਸਨੂੰ ਯਕੀਨ ਦੁਆਇਆ ਕਿ ‘ਫੌਜ ਕਿਸੇ ਵੀ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਹੈ।’

ਜਨਰਲ ਵੈਦਯ ਦੇ ਚਲੇ ਜਾਣ ਪਿਛੋਂ ਇੰਦਰਾ ਨੇ ਅਲੈਗਜ਼ੈਂਡਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਆਰ.ਵੈਕਟਰਮਨ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਵਿਚਲੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦੇਵੇ ਅਤੇ “ਉਸ ਨਾਲ ਰਾਬਤਾ ਕਾਇਮ ਰੱਖੇ” ਕਿਉਂਕਿ “ਸਾਰੀਆਂ ਘਟਨਾਵਾਂ ਤੋਂ ਉਸਨੂੰ ਪੂਰੀ ਤਰ੍ਹਾਂ ਜਾਣੂ ਰੱਖਣਾ ਅਤੇ ਉਨ੍ਹਾਂ ਬਾਰੇ ਉਸਦਾ ਵਿਚਾਰ ਜਾਣਨਾ ਠੀਕ ਰਹੇਗਾ।” ਅਲੈਗਜ਼ੈਂਡਰ ਲਿਖਦਾ ਹੈ, “ਮੈਨੂੰ ਨਹੀਂ ਸੀ ਪਤਾ ਕਿ ਉਹ ਉਸ ਵੇਲੇ ਮੈਨੂੰ ਇਹੋ ਜਿਹੀਆਂ ਹਦਾਇਤਾਂ ਕਿਉਂ ਦੇ ਰਹੀ ਹੈ।” ਉਹ (ਅਲੈਗਜ਼ੈਂਡਰ), ਵੈਂਕਟਰਮਨ ਨੂੰ 30 ਅਕਤੂਬਰ ਨੂੰ ਮਿਲਿਆ ਅਤੇ ਪ੍ਰਧਾਨ ਮੰਤਰੀ ਦੇ “ਫਿਕਰਾਂ ਅਤੇ ਡਰਾਂ ਤੋਂ” ਉਸਨੂੰ ਜਾਣੂੰ ਕਰਾਇਆ।

ਇੰਦਰਾ ਉਪ ਰਾਸ਼ਟਰਪਤੀ ਨੂੰ ਇਸੇ ਹੀ ਪੜਾਅ ਤੋਂ ਨਾਲ ਸ਼ਾਮਿਲ ਕਰਨਾ ਚਾਹੁੰਦੀ ਸੀ, ਕਿਉਂਕਿ ਇੱਕ ਵਾਰੀ ਜਦੋਂ ਅਪ੍ਰੇਸ਼ਨ ਸ਼ਾਂਤੀ ਅਮਲ ਵਿਚ ਆ ਜਾਣਾ ਸੀ ਅਤੇ ਤਕਲੀਫਦੇਹ ਜ਼ੈਲ ਸਿੰਘ ਨੂੰ ਉਡਾ ਦਿੱਤਾ ਜਾਣਾ ਸੀ ਤਾਂ ਉਸੇ ਨੇ ਹੀ ਕਾਰਜਕਾਰੀ ਰਾਸ਼ਟਰਪਤੀ ਹੋਣਾ ਸੀ। ਇਹ ਗੱਲ ਧਿਆਨਯੋਗ ਹੈ ਕਿ ਇੰਦਰਾ ਦੇ ਦਾਹ ਸੰਸਕਾਰ ਵੇਲੇ ਜ਼ੀਆ-ਉਲ-ਹੱਕ ਨੇ ਕਿਹਾ ਸੀ ਕਿ ਉਹ ਬਹੁਤ ਹੀ ਮੁਸ਼ਕਲ ਨਾਲ ਭਾਰਤ ਨਾਲ ਜੰਗ ਨੂੰ ਟਾਲ ਸਕਿਆ ਹੈ। ਉਸ ਵੇਲੇ ਉਸਦੇ ਨੰਬਰ 2, ਗ਼ੁਲਾਮ ਇਸ਼ਹਾਕ ਖਾਨ, ਨੇ ਜੁਲਾਈ 1993 ਵਿਚ ਪਾਕਿਸਤਾਨ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਮਗਰੋਂ ਕਿਹਾ ਸੀ ਕਿ ਇੰਦਰਾ ਨੇ ਪਾਕਿਸਤਾਨ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ, ਪਰ ਨਿਸ਼ਚਿਤ ਦਿਨ ਤੋਂ ਦਸ ਕੁ ਦਿਨ ਪਹਿਲਾਂ ਹੀ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਸਿਰ ਉਤੇ ਖੜੀ ਆਪਣੀ ਮੌਤ ਦਾ ਪੂਰਵ ਸੰਕੇਤ ਉਸਦੀ ਜ਼ਿੰਦਗੀ ਦੇ ਬਾਕੀ ਚਾਰ ਦਿਨ ਉਸਦੇ ਮਨ ਉੱਤੇ ਬੋਝ ਬਣਿਆ ਰਿਹਾ। ਇਹ ਗੱਲ ਉਸਦੇ ਮਨ ਉਤੇ ਛਾਈ ਹੋਈ ਸੀ, ਜਦੋਂ ਉਸਨੇ 27 ਅਕਤੂਬਰ ਨੂੰ ਭੁਵਨੇਸ਼ਵਰ ਵਿਖੇ ਇਕ ਆਮ ਜਲਸੇ ਵਿਚ ਆਪਣੀ ਹਿੰਸਕ ਮੌਤ ਬਾਰੇ ਗੱਲ ਕੀਤੀ ਸੀ। ਉਸੇ ਦਿਨ ਰਾਤ ਦੇ ਖਾਣੇ ਵੇਲੇ ਉੜੀਸਾ ਦੇ ਗਵਰਨਰ ਬੀ.ਐਨ. ਪਾਂਡੇ ਨਾਲ ਇਸ ਵਿਸ਼ੇ ਬਾਰੇ ਗੱਲਬਾਤ ਕੀਤੀ। ਇਹ ਖਿਆਲ 30 ਅਕਤੂਬਰ ਦੀ ਰਾਤ ਨੂੰ ਦਿੱਲੀ ਵਾਪਸ ਪੁੱਜਣ ਤਕ ਉਸਦੇ ਦਿਲ ਵਿਚ ਕਾਇਮ ਰਿਹਾ। ਪਰ ਔਰੰਗਜ਼ੇਬ ਤੋਂ ਉਲਟ, ਜਿਹੜਾ ਆਪਣੇ ਮਨ ਉਪਰ ਪਏ ‘ਗੁਨਾਹ ਦੇ ਬੋਝ’ ਕਾਰਨ ਪ੍ਰੇਸ਼ਾਨ ਸੀ, ਇੰਦਰਾ, ਧਾਰਮਿਕ ਨਾ ਹੋਣ ਕਰਕੇ, ਅਝੁਕ ਸੀ।

ਇੰਦਰਾ ਦੇ ਸੁਰੱਖਿਆ ਗਾਰਡਾਂ ਵਿਚਲੇ ਸਬ-ਇੰਸਪੈਕਟਰ ਬੇਅੰਤ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਆਰ.ਕੇ.ਧਵਨ ਤੋਂ ਇੰਦਰਾ ਦੀ ਸਿੱਖ ਨਸਲਕੁਸ਼ੀ ਦੀ ਯੋਜਨਾ ਦੀ ਰੂਪ ਰੇਖਾ ਬਾਰੇ ਪਤਾ ਲੱਗ ਚੁੱਕਾ ਸੀ। ਇਸ ਯੋਜਨਾ ਨੂੰ ਅਸਫਲ ਕਰਨ ਲਈ ਉਸਨੇ ਕਾਰਵਾਈ ਦਾ ਫੈਸਲਾ ਕੀਤਾ। ਉਸਨੇ, ਇਸ ਕੰਮ ਲਈ, ਸਤਵੰਤ ਸਿੰਘ ਨੂੰ ਆਪਣੇ ਨਾਲ ਰਲਾ ਲਿਆ।
31 ਅਕਤੂਬਰ 1984 ਨੂੰ ਸਵੇਰੇ 9 ਵਜੇ ਬੇਅੰਤ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਇੰਦਰਾ ਗਾਂਧੀ ਨੂੰ ਪੇਟ ਵਿਚ ਗੋਲੀ ਮਾਰ ਅਤੇ ਫਿਰ ਪੰਜ ਗੋਲੀਆਂ ਹੋਰ ਦਾਗ ਦਿੱਤੀਆਂ। ਉਸਦੇ ਕਹਿਣ ਉਤੇ ਸਤਵੰਤ ਸਿੰਘ ਨੇ ਇਕ ਮਿੰਟ ਦੇ ਅੰਦਰ-ਅੰਦਰ ਆਪਣੀ ਆਟੋਮੈਟਿਕ ਕਾਰਬਾਈਨ ਇੰਦਰਾ ਦੇ ਪੇਟ ਵਿਚ ਖਾਲੀ ਕਰ ਦਿੱਤੀ। ਅਸਲ ਵਿਚ, ਸਿਰ ਵਿਚ ਵੱਜੀ ਇਕ ਗੋਲੀ ਹੀ ਕਾਫੀ ਹੋਣੀ ਸੀ। ਪਰ ਪੇਟ ਵਿਚ ਗੋਲੀਆਂ ਮਾਰਨਾ ਚੁਣਿਆ ਗਿਆ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੂੰ ਯਕੀਨ ਦੁਆਇਆ ਗਿਆ ਸੀ ਕਿ ਇੰਦਰਾ ਨੇ ਆਪਣੀ ਬੁਲਟ ਪਰੂਫ ਜੈਕਟ ਨਹੀਂ ਪਾਈ ਹੋਵੇਗੀ, ਅਤੇ ਦੂਜਾ, ਉਹ ਹੋਰ ਕਿਸੇ ਨੂੰ ਨੁਕਸਾਨ ਨਹੀਂ ਪੁਚਾਉਣਾ ਚਾਹੁੰਦੇ ਸਨ, ਜਿਹੜਾ ਸਿਰ ਵਿਚ ਗੋਲੀ ਮਾਰਨ ਕਾਰਨ ਹੋ ਸਕਦਾ ਸੀ।

ਆਰ.ਕੇ.ਧਵਨ

ਬੇਅੰਤ ਸਿੰਘ ਨੇ ਸਤਵੰਤ ਸਿੰਘ ਨੂੰ ਸੁਚੇਤ ਕੀਤਾ ਹੋਇਆ ਸੀ ਕਿ ਗੋਲੀਬਾਰੀ ਦੇ ਦੌਰਾਨ ਉਸਦੇ ਦੋਸਤ, ਧਵਨ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ। ਇੰਦਰਾ ਨੂੰ ਗੋਲੀਆਂ ਮਾਰਨ ਤੋਂ ਮਗਰੋਂ ਦੋਨਾਂ ਨੇ ਆਪਣੇ ਹਥਿਆਰ ਸੁੱਟੇ ਦਿੱਤੇ ਅਤੇ ਬੇਅੰਤ ਸਿੰਘ ਬੋਲਿਆ “ਮੈਂ ਜੋ ਕਰਨਾ ਸੀ ਕਰ ਦਿੱਤਾ ਹੈ, ਹੁਣ ਤੁਸੀਂ ਕਰੋ, ਜੋ ਤੁਸੀਂ ਕਰਨਾ ਹੈ।” ਛੇ ਮਿੰਟਾਂ ਬਾਅਦ ਇੰਡੋ-ਤਿੱਬਤਨ ਬਾਰਡਰ ਪੁਲਿਸ ਦੇ ਤਰਸੇਮ ਸਿੰਘ ਜਮਵਾਲ ਅਤੇ ਰਾਮ ਸਰਨ ਰਾਹੀਂ ਦੋਵਾਂ ਨੂੰ ਗੋਲੀਆਂ ਨਾਲ ਭੁੰਨਵਾ ਦਿੱਤਾ ਗਿਆ। ਬੇਅੰਤ ਸਿੰਘ ਥਾਂ ‘ਤੇ ਹੀ ਮਾਰਿਆ ਗਿਆ, ਜਦਕਿ ਸਤਵੰਤ ਸਿੰਘ ਕਿਸੇ ਤਰ੍ਹਾਂ ਬਚ ਗਿਆ, ਬਾਅਦ ਵਿਚ ਉਸ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ।

ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਜਿੱਥੇ ਇੰਦਰਾ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ, ਤੋਂ ਧਵਨ ਨੇ ਕਈ ਵਾਰ ਪ੍ਰਧਾਨ ਮੰਤਰੀ ਦੇ ਘਰ ਟੈਲੀਫੋਨ ਕੀਤਾ ਅਤੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਬਾਰੇ ਪੁੱਛਗਿਛ ਕੀਤੀ। ਉਹ ਜ਼ਰੂਰ ਘਬਰਾ ਰਿਹਾ ਹੋਵੇਗਾ ਕਿ ਬੇਅੰਤ ਸਿੰਘ ਕਿਤੇ ਇੰਦਰਾ ਦੀ ਸਿੱਖ ਨਸਲਕੁਸ਼ੀ ਦੀ ਯੋਜਨਾ, ਅਪ੍ਰੇਸ਼ਨ ਸ਼ਾਂਤੀ, ਬਾਰੇ ਨਾ ਦੱਸ ਦੇਵੇ ਜਿਸਨੇ ਉਸਨੂੰ ਇਹ ਕਾਰਜ ਕਰਨ ਲਈ ਪ੍ਰੇਰਿਆ ਸੀ।

ਧਵਨ ਦੇ ਮਨ ਵਿਚ ਕੀ ਚੱਲ ਰਿਹਾ ਸੀ? ਕੀ ਉਸਨੇ ਇਹ ਸਾਰਾ ਕੁੱਝ ਕਿਸੇ ਬਾਹਰਲੀ ਏਜੰਸੀ ਦੇ ਦਬਾਅ ਉਤੇ ਕੀਤਾ ਸੀ? ਜਾਂ ਫਿਰ ਇਸਦਾ ਕਾਰਨ ਬੇਅੰਤ ਸਿੰਘ ਨਾਲ ਦੋਸਤੀ ਸੀ ਜਾਂ ਆਮ ਅਸਾਵਧਾਨੀ ਸੀ? ਠੱਕਰ ਕਮਿਸ਼ਨ ਨੇ ਸ਼ੱਕ ਦੀ ਉਂਗਲੀ ਧਵਨ ਵੱਲ ਕੀਤੀ ਸੀ। ਅਮਰੀਕੀ ਰਸਾਲੇ ‘ਨਿਊਜ਼ਵੀਕ’ ਨੇ ਸੰਭਾਵੀ ਤੌਰ ਉਤੇ ਕਿਸੇ ਬਾਹਰਲੀ ਏਜੰਸੀ ਦਾ ਸੰਕੇਤ ਦਿੱਤਾ ਸੀ। ਰਾਜੀਵ ਸਰਕਾਰ ਨੇ ਇਨ੍ਹਾਂ ਗੱਲਾਂ ਨੂੰ ਅੱਖੋਂ ਓਹਲੇ ਕਰਨ ਨੂੰ ਹੀ ਪਹਿਲ ਦਿੱਤੀ, ਕਿਉਂਕਿ ਇਹ ਗੱਲਾਂ ਉਸਦੀ ਸਿੱਖ ਨਸਲਕੁਸ਼ੀ ਦੀ ਨੀਤੀ ਵਿਚ ਠੀਕ ਨਹੀਂ ਸੀ ਬੈਠਦੀਆਂ।

ਇੰਡੋ-ਤਿੱਬਤਨ ਬਾਰਡਰ ਪੁਲਿਸ ਵਲੋਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਗੋਲੀ ਮਾਰਨ ਪਿੱਛੇ ਕੀ ਧਵਨ ਦਾ, ਜਾਂ ਫਿਰ ਕਿਸੇ ਹੋਰ ਦਾ ਹੱਥ ਸੀ? ਉਹ ਕੌਣ ਸੀ ਜਿਸਨੇ ਇੰਦਰਾ ਗਾਂਧੀ ਦੇ ਕਾਤਲਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਖਤਮ ਕਰ ਦੇਣ ਦਾ ਇੰਡੋ-ਤਿੱਬਤਨ ਬਾਰਡਰ ਪੁਲਿਸ ਨੂੰ ਹੁਕਮ ਦਿੱਤਾ? ਜਾਂ ਕੀ ਉਨ੍ਹਾਂ ਨੇ ਆਪਣੇ ਤੌਰ ਉੱਤੇ ਹੀ ਇਹ ਕਾਰਵਾਈ ਕੀਤੀ? ਕਿਸੇ ਨੇ ਵੀ ਇਨ੍ਹਾਂ ਸਵਾਲਾਂ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਘੱਟੋ-ਘੱਟ ਇਸ ਤਫਤੀਸ਼ ਦੇ ਸਿੱਟੇ ਅਜੇ ਤਕ ਖੁਫੀਆ ਹੀ ਹਨ। ਬੇਅੰਤ ਸਿੰਘ ਦੀ ਮੌਤ ਕਾਰਨ ਪੂਰੀ ਕਹਾਣੀ ਬਾਹਰ ਨਾ ਆ ਸਕੀ ਅਤੇ ਇਹ ਸਰਕਾਰ ਦੇ ਬੜੀ ਸੂਤ ਬੈਠਦੀ ਸੀ।

ਇੰਦਰਾ ਦੇ ਕਤਲ ਦੇ ਪਿਛੇ ਕੰਮ ਕਰਨ ਵਾਲਾ ਮੁੱਖ ਦਿਮਾਗ ਬੇਅੰਤ ਸਿੰਘ ਦਾ ਸੀ। ਉਹ ਅਤੇ ਸਤਵੰਤ ਸਿੰਘ ਵੀ ਪੰਥ ਦੇ ਭਲੇ ਦੇ ਵਿਚਾਰ ਤੋਂ ਪ੍ਰੇਰੇ ਗਏ ਸਨ। ਜੇ ਉਹ ਵੇਲੇ ਸਿਰ ਕਾਰਵਾਈ ਨਾ ਕਰਦੇ ਅਤੇ ਇੰਦਰਾ ਦੀ ਸਿੱਖ ਨਸਲਕੁਸ਼ੀ ਦੀ ਯੋਜਨਾ, ਅਪ੍ਰੇਸ਼ਨ ਸ਼ਾਂਤੀ, ਅਮਲ ਵਿਚ ਆ ਜਾਂਦੀ ਤਾਂ ਪੰਜਾਬ ਸਮੇਤ ਸਾਰੇ ਭਾਰਤ ਵਿਚ ਸਿੱਖਾਂ ਦਾ ਅਥਾਹ ਅਤੇ ਅਸੀਮ ਘਾਣ ਹੋਣਾ ਸੀ। ਦਿੱਲੀ ਵਿਚ ਅਤੇ ਹਿੰਦੀ ਬੋਲਦੇ ਇਲਾਕਿਆਂ ਵਿਚ ਜੋ ਕੁਝ ਹੋਇਆ, ਜਿਸ ਵਿਚ 12,000 ਤੋਂ 20,000 ਸਿੱਖਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ ਅਤੇ ਕਰੋੜਾਂ ਦੀ ਜਾਇਦਾਦ ਤਬਾਹ ਹੋ ਗਈ, ਉਸ ਨਾਲ ਸਿੱਖਾਂ ਨੂੰ ਡੂੰਘਾ ਘਾਤ ਪੁੱਜਾ ਪਰ ਇਹ ਮੂਲ ਰੂਪ ਵਿਚ ਵਿਉਂਤੇ ਗਏ ਨਾਲੋਂ ਬਹੁਤ ਘੱਟ ਨੁਕਸਾਨ ਸੀ।

ਇੰਦਰਾ ਦੀ ਸਿੱਖ-ਜੰਗ ਦੇ ਆਖਰੀ ਪੜਾਅ ਵਿਚ ਬਹੁਤ ਜ਼ਿਆਦਾ ਤਬਾਹੀ ਹੋਣੀ ਸੀ, ਜੇ ਕਿਤੇ ਉਹ 8 ਨਵੰਬਰ 1984 ਦੇ ਆਸ ਪਾਸ ਘੜੀ ਆਪਣੀ ਤੂਫਾਨੀ ਸਾਜਿਸ਼ ਅਮਲ ਵਿਚ ਲਿਆ ਸਕੀ ਹੁੰਦੀ, ਇਸ ਨਾਲ ਉਸਦੇ ਗੁੰਡਿਆਂ ਨੇ ਪੂਰੀ ਤਰ੍ਹਾਂ ਹੂੰਝਵੇਂ ਢੰਗ ਨਾਲ ਸਿੱਖਾਂ ਦੀ ਨਸਲਕੁਸ਼ੀ ਕਰ ਦੇਣੀ ਸੀ।

(ਪੁਸਤਕ ‘ਇਤਿਹਾਸ ‘ਚ ਸਿੱਖ’ ‘ਚੋਂ ਧੰਨਵਾਦ ਸਹਿਤ)

  • 242
  •  
  •  
  •  
  •