ਦਲ ਖ਼ਾਲਸਾ ਵੱਲੋਂ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਰੋਸ ਰੈਲੀ

ਅੰਮ੍ਰਿਤਸਰ: ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਬੀਤੇ ਦਿਨ ਪੰਜਾਬ ਦੇ ਲੁੱਟੇ ਜਾ ਰਹੇ ਪਾਣੀਆਂ, ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕਰਨ, ਨਸਲਕੁਸ਼ੀ ਦੀ ਸ਼ਿਕਾਰ ਨੌਜਵਾਨੀ ਅਤੇ ਉਜਾੜੀ ਜਾ ਰਹੀ ਕਿਸਾਨੀ ਵਿਰੁੱਧ ਰੈਲੀ ਕੀਤੀ। ਇਸ ਦੌਰਾਨ ਵੱਖ-ਵੱਖ ਸਿੱਖ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸਿੱਖ ਸੰਗਤ ਨੇ ਸਿੱਖ ਨਸਲਕੁਸ਼ੀ ਅਤੇ ਕਿਸਾਨੀ ਨਾਲ ਸਬੰਧਤ ਬੈਨਰ ਤੇ ਪੋਸਟਰ ਹੱਥਾਂ ਵਿਚ ਫੜ੍ਹੇ ਹੋਏ ਸਨ।

ਰੈਲੀ ਮਗਰੋਂ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਨੌਜਵਾਨਾਂ ਨੇ ਮਸ਼ਾਲਾਂ ਫੜ ਕੇ ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਭੰਡਾਰੀ ਪੁਲ ਤੋਂ ਅਕਾਲ ਤਖ਼ਤ ਤੱਕ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਸਨੀਕ ਆਪਣੀ ਹੋਂਦ ਅਤੇ ਹੱਕਾਂ ਲਈ ਲੜ ਰਹੇ ਹਨ। ਉਨ੍ਹਾਂ ਯੂਐੱਨਓ, ਅੰਤਰਾਸ਼ਟਰੀ ਭਾਈਚਾਰੇ ਸਮੇਤ ਵਿਸ਼ਵ ਭਰ ਵਿਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੁਮਾਇੰਦੇ ਪੰਜਾਬ ਵਿਚ ਭੇਜਣ ਤਾਂ ਜੋ ਉਹ ਇਹ ਵੇਖ ਸਕਣ ਕਿ ਭਾਰਤ ਸਰਕਾਰ ਦੀਆਂ ਫਾਸ਼ੀਵਾਦੀ ਨੀਤੀਆਂ ਅਤੇ ਮਾਰੂ ਹਮਲਿਆਂ ਕਾਰਨ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਮਾਂ ਇਹ ਮੰਗ ਕਰਦਾ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਨੇਪਾਲ (ਵੀਜ਼ਾ ਫ੍ਰੀ) ਦੀ ਤਰਜ਼ ’ਤੇ ਪੰਜਾਬ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਨੂੰ ਖੋਲ੍ਹਿਆ ਜਾਵੇ।

  • 124
  •  
  •  
  •  
  •