ਪਾਕਿਸਤਾਨ ਵੱਲੋਂ ਗਿਲਗਿਤ-ਬਾਲਟਿਸਤਾਨ ਨੂੰ ਅੰਤਰਿਮ ਸੂਬੇ ਦਾ ਦਰਜਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਗਿਲਗਿਤ-ਬਾਲਟਿਸਤਾਨ ਨੂੰ ਅੰਤਰਿਮ ਸੂਬੇ ਦਾ ਦਰਜਾ ਦੇਣ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਉਹ 73ਵੇਂ ਆਜ਼ਾਦੀ ਦਿਹਾੜੇ ਦੇ ਸਮਾਰੋਹ ਵਿਚ ਪਹੁੰਚੇ ਸਨ ਜਿੱਥੇ ਉਹਨਾਂ ਨੇ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਐਲਾਨ ਕੀਤਾ ਸੀ ਕਿ ਇੰਨ੍ਹਾਂ ਨੂੰ ਸੰਵਿਧਾਨਕ ਅਧਿਕਾਰ ਦਿੱਤੇ ਜਾਣਗੇ ਅਤੇ ਨਵੰਬਰ ਵਿਚ ਚੋਣਾਂ ਵੀ ਕਰਾਈਆਂ ਜਾਣਗੀਆਂ। ਗੌਰਤਲਬ ਹੈ ਕਿ ਭਾਰਤ ਇਸ ਕਦਮ ਦਾ ਵਿਰੋਧ ਕਰਦਾ ਆਇਆ ਹੈ।

ਇਮਰਾਨ ਖਾਨ ਨੇ ਕਿਹਾ,”ਮੇਰੇ ਗਿਲਗਿਤ-ਬਾਲਟਿਸਤਾਨ ਆਉਣ ਦਾ ਇੱਕ ਕਾਰਨ ਇਹ ਐਲਾਨ ਕਰਨਾ ਹੈ ਕਿ ਅਸੀਂ ਇਸ ਨੂੰ ਪ੍ਰੋਵਿਜ਼ਨਲ ਸੂਬੇ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਅਸੀਂ ਇਹ ਫ਼ੈਸਲਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮਤੇ ‘ਤੇ ਵਿਚਾਰ ਕਰਦਿਆਂ ਲਿਆ ਹੈ।” ਇਮਰਾਨ ਨੇ ਕਿਹਾ ਕਿ ਉਹ ਗਿਲਗਿਤ-ਬਾਲਟੀਸਤਾਨ ਨੂੰ ਦਿੱਤੇ ਜਾਣ ਵਾਲੇ ਪੈਕੇਜ ਦੇ ਬਾਰੇ ਵਿਚ ਚਰਚਾ ਜਾਂ ਐਲਾਨ ਨਹੀਂ ਕਰ ਸਕਦੇ ਕਿਉਂਕਿ ਅਜਿਹਾ ਕਰਨਾ ਚੋਣਾਂ ਦੇ ਕਾਰਨ ਲਾਗੂ ਨਿਯਮਾਂ ਦੀ ਉਲੰਘਣਾ ਹੋਵੇਗੀ।

ਪਾਕਿਸਤਾਨ ਦਾ ਐਲਾਨ ਸਾਊਦੀ ਅਰਬ ਦੇ ਉਸ ਕਦਮ ਤੋਂ ਬਾਅਦ ਆਇਆ ਹੈ ਜਦ ਹਾਲ ਹੀ ਵਿਚ ਉਨ੍ਹਾਂ ਪਾਕਿ ਦੇ ਨਕਸ਼ੇ ਤੋਂ ਗਿਲਗਿਤ-ਬਾਲਟਿਸਤਾਨ ਨੂੰ ਹਟਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗਿਲਗਿਤ-ਬਾਲਟਿਸਤਾਨ ਜੰਮੂ ਕਸ਼ਮੀਰ ਰਿਆਸਤ ਦਾ ਹੀ ਹਿੱਸਾ ਸੀ ਤੇ 1947 ਵਿਚ ਪਾਕਿਸਤਾਨ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ। ਦੂਜੇ ਪਾਸੇ ਭਾਰਤ ਇਸ ‘ਤੇ ਇਤਰਾਜ਼ ਜਤਾ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਦੁਹਰਾਇਆ ਕਿ ਗਿਲਗਿਤ-ਬਾਲਟਿਸਤਾਨ ਸਣੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਤੇ ਲੱਦਾਖ ਭਾਰਤ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਇਨ੍ਹਾਂ ਖੇਤਰਾਂ ਦਾ ਦਰਜਾ ਬਦਲਣ ਦੀ ਬਜਾਏ ਗ਼ੈਰਕਾਨੂੰਨੀ ਕਬਜ਼ਾ ਖਾਲੀ ਕਰੇ।

  • 68
  •  
  •  
  •  
  •