ਕੈਨੇਡਾ: ਸਿੱਖ ਬਜ਼ੁਰਗਾਂ ਨੇ ਦਸਤਾਰ ਦੀ ਮਦਦ ਨਾਲ ਡੁੱਬ ਰਹੀਆਂ ਦੋ ਕੁੜੀਆਂ ਦੀ ਬਚਾਈ ਜਾਨ

ਪੰਜਾਬ ਤੋਂ ਦੂਰ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਸਿੱਖ ਆਪਣੇ ਨਿਸਵਾਰਥ ਉਪਰਾਲਿਆਂ ਨਾਲ ਲਗਾਤਾਰ ਕੌਮ ਦਾ ਮਾਣ ਵਧਾ ਰਹੇ ਹਨ। ਇੱਕ ਤਾਜ਼ੀ ਘਟਨਾ ਵਿਚ ਉੱਤਰੀ-ਪੂਰਬੀ ਕੈਲਗਰੀ (ਕੈਨੇਡਾ) ‘ਚ ਇਕ ਬਰਫੀਲੇ ਤਲਾਅ ‘ਚ ਡਿੱਗੀਆਂ ਦੋ ਕੁੜੀਆਂ ਦੀ ਜਾਨ ਸਿੱਖ ਬਜ਼ੁਰਗਾਂ ਨੇ ਆਪਣੀ ਪੱਗ ਨਾਲ ਬਚਾਈ। ਘਟਨਾ ਸ਼ੁੱਕਰਵਾਰ ਦੇ ਦਿਨ ਦੀ ਦੱਸੀ ਜਾ ਰਹੀ ਹੈ। ਜਦੋਂ ਦੋ ਕੁੜੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫੀਲੇ ਤਲਾਅ ‘ਚ ਤਿਲਕ ਗਈਆਂ ਤੇ ਜਾਨ ਬਚਾਉਣ ਲਈ ਚੀਕਾਂ ਮਾਰਨ ਲੱਗੀਆਂ।

ਇਨ੍ਹਾਂ ਕੁੜੀਆਂ ਦੇ ਡਿੱਗਣ ਤੋਂ ਤੁਰੰਤ ਬਾਅਦ ਉੱਥੇ ਸੈਰ ਕਰ ਰਹੇ ਸਿੱਖ ਬਾਬੇ ਹਰਕਤ ‘ਚ ਆਏ ਤੇ ਪਹਿਲਾਂ ਤਾਂ ਉਨ੍ਹਾਂ ਨੇ ਪਾਰਕ ‘ਚ ਪਏ ਕੰਸਟਰੱਕਸ਼ਨ ਦੇ ਸਾਮਾਨ ਨਾਲ ਕੁੜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਪੱਗ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਅ ‘ਚ ਸੁੱਟੀ ਤੇ ਕੁੜੀਆਂ ਨੂੰ ਬਾਹਰ ਖਿੱਚਣ ਲੱਗੇ। ਉੱਥੇ ਮੌਜੂਦ ਹੋਰ ਪੰਜਾਬੀਆਂ ਨੇ ਮੌਕੇ ‘ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਪੱਗ ਨਾਲ ਕੁੜੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਿਸ ਦੀ ਸਾਰੀ ਵੀਡੀਓ ਤਲਾਅ ਦੇ ਸਾਹਮਣੇ ਦੇ ਘਰ ‘ਚੋਂ ਇਕ ਪੰਜਾਬੀ ਨੇ ਆਪਣੇ ਫੋਨ ਦੇ ਕੈਮਰੇ ‘ਚ ਕੈਦ ਕਰ ਲਈ। ਇਸ ਵਿਚਾਲੇ ਐਮਰਜੰਸੀ ਸਹਾਇਤਾ ਲਈ ਵੀ ਫੋਨ ਕੀਤਾ ਜਾ ਚੁੱਕਾ ਸੀ, ਪਰ ਉਸ ਤੋਂ ਪਹਿਲਾਂ ਹੀ ਇਨ੍ਹਾਂ ਲੜਕੀਆਂ ਨੂੰ ਬਰਫੀਲੇ ਤਲਾਬ ਵਿਚੋਂ ਬਾਹਰ ਕੱਢ ਲਿਆ ਗਿਆ । ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਕੀਤੇ ਗਏ ਇਸ ਬੇਮਿਸਾਲ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਐਮਰਜੈਂਸੀ ਮੈਡੀਕਲ ਸਰਵਿਸ ਅਤੇ ਸਥਾਨਕ ਪੁਲਿਸ ਵੱਲੋਂ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ।

ਗਲੋਬਲ ਨਿਊਜ਼ ਨਾਲ ਗੱਲ ਕਰਦਿਆਂ ਘਟਨਾ ਦੀ ਵੀਡੀਓ ਬਣਾਉਣ ਵਾਲੇ ਪੰਜਾਬੀ ਕੁਲਨਿੰਦਰ ਬਾਂਗਰ ਨੇ ਕਿਹਾ ਕਿ ਉਸ ਦੀ ਧੀ ਨੇ ਕੁੜੀਆਂ ਦੇ ਤਲਾਅ ‘ਚ ਡਿੱਗਣ ਬਾਰੇ ਉਸ ਨੂੰ ਦੱਸਿਆ ਤੇ ਉਸ ਨੇ ਤੁਰੰਤ ਆਪਣੇ ਫੋਨ ‘ਚ ਸਿੱਖਾਂ ਵੱਲੋਂ ਕੁੜੀਆਂ ਨੂੰ ਬਚਾਉਣ ਦੀ ਵੀਡੀਓ ਰਿਕਾਰਡ ਕਰ ਲਈ। ਉਸ ਨੇ ਕਿਹਾ ਕਿ ਸਿੱਖ ਆਪਣੀ ਪੱਗ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਫਿਰ ਵੀ ਉਨ੍ਹਾਂ ਨੇ ਕੁੜੀਆਂ ਨੂੰ ਬਚਾਉਣ ਲਈ ਆਪਣੀ ਪੱਗ ਨੂੰ ਉਤਾਰ ਦਿੱਤਾ। ਸਿੱਖ ਬਾਬਿਆਂ ਵੱਲੋਂ ਤਲਾਅ ‘ਚ ਡੁੱਬਦੀਆਂ ਕੁੜੀਆਂ ਦੀ ਜਾਨ ਬਚਾਉਣ ਦੇ ਚਰਚੇ ਪੂਰੇ ਕੈਨੇਡਾ ‘ਚ ਹੋ ਰਹੇ ਹਨ। ਕੈਲਗਰੀ ਈ.ਐੱਮ.ਐੱਸ. ਦੇ ਨਾਲ ਸਟੂਅਰਟ ਬ੍ਰਾਈਡੌਕਸ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਬਜ਼ੁਰਗਾਂ ਵੱਲੋਂ ਕੀਤਾ ਗਿਆ ਇਹ ਸ਼ਾਨਦਾਰ ਉਪਰਾਲਾ ਹੈ, ਘਟਨਾ ਦਾ ਸਕਾਰਾਤਮਕ ਅੰਤ ਹੋਇਆ।

  • 422
  •  
  •  
  •  
  •