1984 ਦੇ ਸਿੱਖ ਕਤਲੇਆਮ ਦੀ ਕਹਾਣੀ, ਪੀੜਤਾਂ ਦੀ ਆਪਣੀ ਜ਼ੁਬਾਨੀ

ਲੇਖਕ: ਸਤਵੀਰ ਸਿੰਘ ਚਾਨੀਆਂ, ਸੰਪਰਕ ਨੰ: 92569-73526

“ਮੈਂ ਸੰਤੋਖ ਸਿੰਘ ਪੁੱਤਰ ਸੋਹਣ ਸਿੰਘ ਪੁੱਤਰ ਈਸ਼ਰ ਸਿੰਘ ਪਿੰਡ ਚਾਨੀਆਂ-ਜਲੰਧਰ ਤੋਂ ਬੋਲ ਰਿਹੈਂ। ਭਾਰਤ ਵੰਡ ਤੋਂ ਉਪਰੰਤ ਮੇਰੇ ਪਿਤਾ ਜੀ ਕੰਮ ਦੀ ਭਾਲ ਵਿੱਚ ਦਿੱਲੀ ਗਏ। ਪਹਾੜਗੰਜ ਦੇ ਮੁਹੱਲਾ ਕਟੜਾ ਮਦਨ ਮੋਹਨ ਵਿੱਚ ਰਿਹਾਇਸ਼ ਰੱਖੀ, ਉਹਨਾਂ ਤੇ ਫਿਰ ਸੰਸਾਰ ਸਿਲਾਈ ਮਸ਼ੀਨ ਫਰਮ ਚ ਨੌਕਰੀ ਕਰ ਲਈ। ਕੁੱਝ ਅਰਸਾ ਬਾਅਦ ਫਰਮ ਬੰਦ ਹੋਣ ਕਾਰਨ ਪਿਤਾ ਜੀ ਆਪਣੀ ਲੱਕੜ ਦੇ ਕੰਮ ਦੀ ਠੇਕੇਦਾਰੀ ਕਰਨ ਲੱਗੇ। ਖਾਲਸਾ ਹਾਈ ਸਕੂਲ ਸ਼ੰਕਰ ਤੋਂ 1968 ਚ ਮੈਟ੍ਰਿਕ ਪਾਸ ਕਰਨ ਉਪਰੰਤ ਮੈਂ ਵੀ ਚੰਗਾ ਮੁੱਛ ਫੁੱਟ ਗੱਭਰੂ ਨਿੱਕਲ ਆਇਆ। ਪਿਤਾ ਜੀ ਨੇ ਮੈਨੂੰ ਵੀ ਦਿੱਲੀ ਸੱਦ ਭੇਜਿਆ। ਅਰਬ ਮੁਲਕਾਂ ਚ ਵੀ ਲੰਬਾ ਸਮਾਂ ਪੈਸੇ ਲਈ ਸੰਘਰਸ਼ ਕੀਤਾ।

ਲੇਖਕ, ਸ: ਸੰਤੋਖ ਸਿੰਘ ਅਤੇ ਉਸ ਦੀ ਪਤਨੀ ਬੀਬੀ ਪਰਮਜੀਤ ਕੌਰ ਨਾਲ ਮੁਲਾਕਾਤ ਸਮੇਂ

31 ਅਕਤੂਬਰ ਦੀ ਦੁਪਹਿਰ, ਮੈਂ AIMS ਹਸਪਤਾਲ ਮਾਰਕੀਟ ‘ਚ ਕਿਸੇ ਕੰਮ ਦੇ ਸਿਲਸਿਲੇ ਵਿੱਚ ਸਾਂ ਕਿ ਇਕ ਅਖ਼ਬਾਰ ਵਿਕਰੇਤਾ ‘ਸੰਧਿਆ ਸਮਾਚਾਰ ਅਖ਼ਬਾਰ’ ਨੂੰ ਲਹਿਰਾ ਕੇ, ਚੀਖ਼ ਚੀਖ਼ ਕਹਿ ਰਿਹਾ ਸੀ, “ਸਰਦਾਰ ਬਾਡੀਗਾਰਡਾਂ ਇੰਦਰਾ ਗਾਂਧੀ ਕਾ ਕਤਲ ਕਰ ਦੀਆ-ਸਰਦਾਰ ਬਾਡੀ ਗਾਰਡਾਂ ਇੰਦਰਾ ਗਾਂਧੀ ਕਾ ਕਤਲ ਕਰ ਦੀਆ” ਅਸੀਂ ਅਖ਼ਬਾਰ ਦੀ ਮੇਨ ਸੁਰਖੀ ਨੂੰ ਗਹੁ ਨਾਲ਼ ਦੇਖਿਆ ਕਿ ਉਸ ਤੇ ਬਾਡੀਗਾਰਡਾਂ ਦਾ ਨਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਲਿਖਿਆ ਹੋਇਆ ਸੀ। ਇਤਫਾਕਨ ਮੇਰੇ ਨਾਲ ਹੀ, ਚਾਨੀਆਂ ਪਿੰਡ ਤੋਂ ਨੰਦਕਿਆਂ ਦੇ ਚਾਚਿਆਂ/ਤਾਈਓਂ ਭਰਾ ਅਵਤਾਰ ਸਿੰਘ ਤਾਰੀ ਤੇ ਜਸਮੇਲ ਸਿੰਘ ਬੱਬੀ ਵੀ ਖੜ੍ਹੇ ਸਨ ਜੋ ਕਿ ਲਿਬੀਆ ਦੀ ਕੰਸਟ੍ਰਕਸ਼ਨ ਕੰਪਨੀ ਦੇ ਏਜੰਟ ਪਾਸ ਲਿਬੀਆ ਜਾਣ ਦੇ ਸਿਲਸਿਲੇ ਵਿੱਚ ਆਏ ਸਨ। ਤਦੋਂ ਹੀ ਮੇਰਾ ਮੱਥਾ ਠਣਕਿਆ ਕਿ ਗੜਬੜ ਹੋ ਸਕਦੀ ਐ। ਮੈਂ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਭੱਜ ਜਾਣ ਲਈ ਆਖਿਆ।

ਮੈਂ ਵੀ ਸਕੂਟਰ ਤੇ ਸਾਹਦਰੇ ਸਥਿਤ ਆਪਣੇ ਘਰ ਚਲਿਆ ਗਿਆ। ਗਾਂਧੀਵਾਦੀ ਲੋਕ ਬਹੁਤੇ ਰੋਹ ‘ਚ ਸਨ। ਘਰ ਦੇ ਰਸਤੇ ਚ ਮੈਂ ਕਈ ਚੁਰੱਸਤਿਆਂ ਵਿਚ ਭੀੜ ਨੂੰ ਇਕੱਤਰ ਹੁੰਦੇ ਦੇਖਿਆ। ਪਰ ਤਦੋਂ ਤੱਕ ਅਗਜ਼ਨੀ ਜਾਂ ਮਾਰਧਾੜ ਹਾਲਾਂ ਸ਼ੁਰੂ ਨਹੀਂ ਹੋਈ ਸੀ। ਪਰ ਸ਼ਾਮ ਨੂੰ AIMS ਅਤੇ INA ਮਾਰਕੀਟ ਚ ਭੜਕੀ ਭੀੜ ਵੱਲੋਂ ਅੱਗਾਂ ਲਾਈਆਂ ਗਈਆਂ। ਦੂਜੇ ਦਿਨ ਸਵੇਰੇ ਪਿਤਾ ਜੀ ਤੇ ਮੇਰਾ ਛੋਟਾ ਭਰਾ ਬਲਵੀਰ ਕੰਮ ਤੇ ਚਲੇ ਗਏ। ਮੈਂ ਵੀ 10 ਵਜੇ AIMS ਸਥਿਤ ਨਰੂਲਿਆਂ ਦੇ ਦਫਤਰ ਜਾਣ ਲਈ ਘਰੋਂ ਸਕੂਟਰ ਤੇ ਚੱਲਿਆ। ਹਾਲਤ ਨੂੰ ਜਾਨਣ ਲਈ ਰਸਤੇ ਚ STD ਤੋਂ ਦਫਤਰ ਵਾਰ ਵਾਰ ਫੋਨ ਕੀਤਾ ਪਰ ਕੋਈ ਫੋਨ ਨਾ ਚੁੱਕੇ । ਅਖੀਰ ਡਾ:ਪੁਰੀ ਨੇ ਮੇਰਾ ਫੋਨ ਚੁੱਕਿਆ। ਉਹਨਾਂ ਨਮਸਤੇ ਦਾ ਜੁਆਬ ਦੇਣ ਦੀ ਵਜਾਏ ਮੇਰੀ ਆਵਾਜ਼ ਪਹਿਚਾਣ ਦਿਆਂ ਤੁਰੰਤ ਇਕੋ ਸਵਾਲ ਪੁੱਛਿਆ, “ਸੰਤੋਖ ਸਿੰਘ ਕਿੱਥੇ ਹੈਂ? ਹਾਲਾਤ ਬਹੁਤ ਖਰਾਬ ਨੇ, ਜਿਥੇ ਵੀ ਕਿਤੇ ਹੈਂ, ਫਟਾ ਫੱਟ ਘਰ ਚਲਿਆ ਜਾਹ।” ਕਹਿੰਦਿਆਂ ਉਸ ਨੇ ਤੁਰੰਤ ਫੋਨ ਕੱਟ ਦਿੱਤਾ। ਮੈਂ ਉਲਟੇ ਪੈਰੀਂ ਘਰ ਚਲਿਆ ਗਿਆ। ਓਧਰ ਪਿਤਾ ਜੀ ਤੇ ਭਰਾ ਨੂੰ ਵੀ ਮਾਲਕਾਂ ਵਾਪਸ ਘਰ ਭੇਜ ਤਾ। ਹਾਲਾਤ ਦੀ ਪ੍ਰਵਾਹ ਨਾ ਕਰਦਿਆਂ, ਪਿਤਾ ਜੀ ਰਸਤੇ ਚ ਹੀ ਪੁਰਾਣੇ ਜਾਣੂੰ ਦਿੱਲੀ ਫਾਊਂਡਰੀ ਵਾਲਿਆਂ ਦੇ ਕੰਮ ਤੇ ਚਲੇ ਗਏ ਤੇ ਬਲਵੀਰ ਰਸਤੇ ਦੀਆਂ ਦੰਗਈ ਭੀੜਾਂ ਤੋਂ ਬਚਦਾ ਬਚਾਉਂਦਾ ਰਸਤੇ ਬਦਲ ਬਦਲ ਕੇ ਘਰ ਸਲਾਮਤ ਆਣ ਪਹੁੰਚਾ।

ਮੇਰੇ ਘਰ ਦੇ ਖੱਬੇ ਪਾਸੇ ਭਾਜਪਾ ਦੇ ਲੋਕਲ ਲੀਡਰ ਮਾਸਟਰ ਬਲਵੀਰ ਸਿਹੁੰ ਤੇ ਸੱਜੇ ਪਾਸੇ ਭਾਜਪਾ ਦੇ ਹੀ ਇਕ ਹੋਰ ਪੁਰ ਖਲੂਸ ਨੇਤਾ ਪੰਡਤ ਪਰਮੇਸ਼ਰੀ ਦਾਸ ਜੀ ਰਹਿੰਦੇ ਸਨ। ਸਮੂਹ ਮੁਹੱਲਾ ਵਾਸੀਆਂ ਨਾਲ ਮੇਰਾ ਖਾਸਾ ਲਗਾਓ ਸੀ। ਇਸ ਦੀ ਇੱਕ ਹੋਰ ਵਜਾ ਇਹ ਸੀ ਕਿ ਕਰੀਬ ਸਾਰੇ ਮੁਹੱਲਾ ‘ਚ ਪਾਣੀ ਦੀ ਤੰਗੀ ਹੀ ਰਹਿੰਦੀ ਸੀ। ਪਰ ਮੇਰੇ ਘਰ ਸਬਮਰਸੀਬਲ ਮੋਟਰ ਲੱਗੀ ਹੋਣ ਕਰਕੇ ਬਹੁਤੇ ਘਰ ਮੇਰੇ ਘਰੋਂ ਹੀ ਪਾਣੀ ਭਰਦੇ। ਘਰਦੇ ਬਾਹਰ ਇਕ ਵੱਡੀ ਪੱਕੀ ਟੂਟੀ ਵੀ ਲਗਾ ਰੱਖੀ ਸੀ। ਮੈਂ ਆਪਣੀ ਸਰਦਾਰਨੀ ਨੂੰ ਵੀ ਇਹ ਹਿਦਾਇਤ ਦੇ ਰੱਖੀ ਸੀ ਕਿ ਜਦ ਵੀ ਕੋਈ ਬਾਹਰੋਂ ਪਾਣੀ ਦੀ ਆਵਾਜ਼ ਦਏ ਤਾਂ ਫਟ ਮੋਟਰ ਚਲਾ ਦੇਣੀ ਆਂ। ਕਿ ਕਿਸੇ ਨੂੰ ਵੀ ਪਾਣੀ ਤੋਂ ਨਾਂਹ ਨਹੀਂ ਕਰਨੀ। 1 ਨਵੰਬਰ‌ ਨੂੰ ਮੁਹੱਲਾ ਦੇ ਕੁੱਝ ਮੋਹਤਬਰ ਮੇਰੇ ਘਰ ਆਏ। ਉਹਨਾਂ ਸਾਨੂੰ ਅੰਦਰ ਹੀ ਰਹਿਣ ਲਈ ਕਿਹਾ ਤੇ ਆਪ ਬਾਹਰ ਪੈਰਾ ਲਗਾ ਦਿੱਤਾ। ਸ਼ਾਮ ਨੂੰ ਕੋਠੇ ਤੇ ਚੜੇ ਤਾਂ ਥਾਂ ਪੁਰ ਥਾਂ ਬਲ਼ਦੀ ਦਿੱਲੀ ਦੀਆਂ ਉੱਚੀਆਂ ਲਾਟਾਂ ਉਠਦੀਆਂ ਦੇਖੀਆਂ।

ਮੇਰੇ ਨਾਲ ਦੇ ਘਰ ਜਗਦੀਸ਼ ਕੁਮਾਰ BA ਵਿਹੜੇ ਵਿੱਚ ਬਿਮਾਰ ਪਿਆ ਸਾਨੂੰ ਜ਼ੋਰ ਦਏ ਕਿ ਕੇਸ ਕਟਵਾ ਦਿਓ। ਹੋਰਾਂ ਆਂਡ-ਗੁਆਂਢ ਨੇ ਵੀ ਇਹੈ ਜ਼ੋਰ ਦਿੱਤਾ। ਸਾਹਮਣੇ ਮੌਤ ਖੜੀ ਦੇਖ, ਇਕ ਵਾਰ ਤਾਂ ਮਾਨੋ ਮੈਂ ਮਨ ਬਣਾ ਲਿਆ ਪਰ ਸ਼ਾਬਾਸ਼ ਮੇਰੀ ਸਰਦਾਰਨੀ ਦੇ ਕਿ ਮੈਨੂੰ ਹੌਂਸਲਾ ਦਿੰਦਿਆਂ ਆਖਿਓਸ,”ਸਿੱਖ ਦੀ ਪਰਿਭਾਸ਼ਾ ਜਾਣਦੇ ਹੋ ਕੀ ਐ? ਉਹ ਜੋ ਬੇਮੁਖ ਹੋ ਕੇ ਵੀ ਬੇਵਫਾ ਨਾ ਹੋਵੇ। ਜੇ ਕੇਸ ਕਟਵਾ ਲਏ ਤਾਂ ਗੁਰੂ ਵੱਲੋਂ ਵੀ ਜਾਵਾਂਗੇ ਤੇ ਛੱਡਣਾ ਸਾਨੂੰ ਫੇਰ ਨਈਂ, ਗਾਂਧੀ ਦੇ ਜਾਇਆਂ ਨੇ। ਤਲਵਾਰਾਂ, ਡਾਂਗਾਂ ਤਿਆਰ ਕਰੋ ਤੇ ਇੱਟਾਂ ਚੜਾਓ ਕੋਠੇ ਤੇ। ਦੰਗਈਆਂ ਨਾਲ ਮੁਕਾਬਲਾ ਕਰਦਿਆਂ ਮਰਨਾ ਹੀ ਸੂਰਮਤਾਈ ਐ।” ਇਸ ਤਰ੍ਹਾਂ ਮੇਰੇ ਜ਼ਜ਼ਬਾਤ ਨੂੰ ਹਲੂਣਾ ਮਿਲਿਆ ਤੇ ਅਸੀਂ ਉਹੀ ਤਿਆਰੀ ਕਰ ਲਈ। ਪਰ ਮਾਹੌਲ ਬਹੁਤ ਹੀ ਤਣਾਅ ਅਤੇ ਸਹਿਮ ਵਾਲਾ ਸੀ। ਪਟਰੌਲ ਦੀਆਂ ਬੋਤਲਾਂ, ਸਰੀਏ, ਭਾਲੇ ਅਤੇ ਤਲਵਾਰਾਂ ਨਾਲ ਲੈਸ ਕਾਤਲ ਤੇ ਬਲਾਤਕਾਰੀ ਦੰਗਾਈਆਂ ਦੀ ਭੀੜ ਦੀ ਅਗਵਾਈ ਕਰ ਰਹੇ, ਕਾਂਗਰਸ ਦੇ ਲੋਕਲ ਨੇਤਾ ਹੱਥਾਂ ‘ਚ ਵੋਟ ਲਿਸਟਾਂ ਫੜ ਕੇ ਸਿੱਖਾਂ ਦੇ ਘਰਾਂ ਦੀ ਪਹਿਚਾਣ ਕਰਦੇ ਉਹਨਾਂ ਨੂੰ ਹੋਰ ਹੱਲਾਸ਼ੇਰੀ ਦੇ ਰਹੇ ਸਨ।

3 ਨਵੰਬਰ ਨੂੰ ਪੰਡਤ ਪਰਮੇਸ਼ਰੀ ਦਾਸ ਜੀ ਦੇ ਘਰੋਂ ਮਾਤਾ ਜੀ ਮੇਰੇ ਘਰ ਆਏ। ਆਖਿਓਸ ਕਿ ਮੈਨੂੰ ਪੰਡਤ ਜੀ ਬੁਲਾ ਰਹੇ ਨੇ। ਤਦੋਂ ਹੀ ਮੈਂ ਜਾ ਪੰਡਤ ਜੀ ਨੂੰ ਨਮਸਕਾਰ ਕੀਤੀ। ਉਹਨਾਂ ਲੈਂਡ ਲਾਈਨ ਤੋਂ DK ਜੈਨ ਦਾ ਨੰ: ਮਲਾਉਣ ਲਈ ਕਿਹਾ। ਵਾਰ ਵਾਰ ਫੋਨ ਕਰਨ ਤੇ ਉਨ੍ਹਾਂ ਫੋਨ ਨਾ ਚੁੱਕਿਆ। ਫਿਰ ਪੰਡਤ ਜੀ ਨੇ ਆਖਿਆ ਹਰੀਓਮ ਕਪੂਰ ਦਾ ਨੰਬਰ ਮਿਲਾਓ। ਮੈਂ ਮਿਲਾਇਆ ਤਾਂ ਉਹਨਾਂ ਤਦੋਂ ਹੀ ਫੋਨ ਚੁੱਕ ਲਿਆ। ਕਪੂਰ ਸਾਹਿਬ ਨੂੰ ਤਾਕੀਦ ਕੀਤੀ ਕਹਿਓਸ ,”ਮੇਰੇ ਬੱਚੇ ਮੁਸੀਬਤ ਵਿੱਚ ਨੇ। ਡਰੈਵਰ ਨੂੰ ਨਹੀਂ ਭੇਜਣਾ, ਆਪ ਗੱਡੀ ਲੈ ਕੇ ਆ ਤੇ ਇਹਨਾਂ ਨੂੰ ਸ਼ਾਮ ਲਾਲ ਕਾਲਜ ਸ਼ਾਹਦਰਾ ਕੈਂਪ ਵਿੱਚ ਛੱਡ ਕੇ ਆ। ਕਪੂਰ ਸਾਹਿਬ ਉਦੋਂ ਹੀ ਮੈਟਾਡੋਰ ਲੈ ਕੇ ਮੇਰੇ ਘਰ ਆਏ। ਜਿਸ ‘ਚ ਮੈਂ, ਮੇਰੀ ਪਤਨੀ, ਬੱਚੇ, ਭਰਾ, ਮਾਤਾ, ਪਿਤਾ ਤੇ ਇਕ ਤਾਇਆ ਜੀ ਸਮੇਤ ਕੁੱਲ 11ਜੀਅ ਸ਼ਾਮਲ ਸਾਂ, ਸਭ ਸਵਾਰ ਹੋ ਰਹੇ‌।

ਕੋਈ ਦੋ ਕੁ ਫਰਲਾਂਗ ਤੇ ਲੋਨੀ ਯੂਪੀ ਨੂੰ ਜਾਂਦੀ ਮੇਨ ਜੀ ਟੀ ਰੋਡ ਤੇ ਚੁਰੱਸਤੇ ਚ ਕੋਈ 250-300 ਦੰਗਈਆਂ ਦੀ ਹਥਿਆਰਾਂ ਨਾਲ ਲੈਸ ਬਿੱਫਰੀ ਹੋਈ ਭੀੜ ਨੇ ਸਾਨੂੰ ਆ ਘੇਰਿਆ। ਜਿਓਂ ਹੀ ਉਹਨਾਂ ਸਾਨੂੰ ਸਿੱਖ ਪਹਿਚਾਣ ਕੇ ਆਪਣੇ ਹਥਿਆਰਾਂ ਅਤੇ ਪਟਰੋਲ ਦੀਆਂ ਬੋਤਲਾਂ ਨੂੰ ਉਛਾਲਿਆ ਤਾਂ ਅਸੀਂ ਆਪਣੀ ਮੌਤ ਨੂੰ ਪ੍ਰਤੱਖ ਸਾਹਮਣੇ ਖੜ੍ਹੀ ਦੇਖਿਆ। ਪਰ ਤਦੋਂ ਹੀ ਇਕ ਕੌਤਕ ਵਰਤ ਗਿਆ ਕਿ ਉਸ ਭੀੜ ਦੀ ਅਗਵਾਈ ਕਰਨ ਵਾਲਾ ਮੇਰੇ ਹੀ ਮੁਹੱਲੇ ਦਾ ਚੂਹਾ ਨਾਮੇ ਨੌਜਵਾਨ ਸੀ ਜੋ ਅਕਸਰ ਮੇਰੇ ਘਰ ਤੋਂ ਪਾਣੀ ਭਰਨ ਆਇਆ ਕਰਦਾ ਸੀ। ਮੈਂ ਪੁੱਛਿਓਸ, ਚੂਹੇ ਕੀ ਮੁਸ਼ਕਲ ਹੈ? ਜਿਓਂ ਹੀ ਉਸ ਨੇ ਮੈਨੂੰ ਪਹਿਚਾਣਿਆ ਤਾਂ ਤਸਵੀਰ ਦਾ ਪਾਸਾ ਪਲਟ ਗਿਆ। ਤਦੋਂ ਹੀ ਉਹ ਆਪਣੇ ਦੰਗਈ ਸਾਥੀਆਂ ਨੂੰ ਲਲਕਾਰਦਿਆਂ ਪਰਾਂ ਕਰਕੇ ਸਾਨੂੰ ਸੁਰੱਖਿਅਤ ਲਾਂਘਾਂ ਦੇ ਕੇ ਅਗੇ ਲੰਘਾ ਦਿੱਤਾ। ਮਾਨੋ ਪਾਣੀ ਦੇ ਉਪਹਾਰ ਬਦਲੇ ਸਾਡੀਆਂ ਕੀਮਤੀ ਜਾਨਾਂ ਬਚ ਰਹੀਆਂ। ਰਸਤੇ ਚ ਅਸੀਂ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਅਗਨ ਭੇਂਟ ਹੁੰਦਾ ਦੇਖਿਅ। ਇਕ 70 ਕੁ ਸਾਲ ਦਾ ਸਿੱਖ ਜੋ ਲਹੂ ਲੁਹਾਨ ਸੀ, ਉਸ ਦੇ ਗਲ਼ ਚ ਟੈਰ ਪਾ ਕੇ ਅੱਗ ਲਗਾਈ ਹੋਏ, ਉਹ ਚੌਰਾਹੇ ਚ ਤੜਫ਼ ਰਿਹਾ ਸੀ। ਅਫਸੋਸ ਕਿ ਮੈਂ ਉਸ ਦੀ ਕੋਈ ਮਦਦ ਨਹੀਂ ਕਰ ਸਕਿਆ। ਹੁਣ ਤੱਕ ਵੀ ਉਹ ਭਿਆਨਕ ਮੰਜ਼ਰ ਮੈਂਨੂੰ ਭੁਲਾਇਆਂ ਵੀ ਨਹੀਂ ਭੁੱਲਦਾ। ਪਰ ਅਸੀਂ ਸਹੀ ਸਲਾਮਤ ਸ਼ਾਹਦਰਾ ਦੇ ਸ਼ਾਮ ਲਾਲ ਕਾਲਜ ਵਿਚਲੇ ਰਫਿਊਜੀ ਕੈਂਪ ਚ ਪਹੁੰਚ ਗਏ।

ਕੈਂਪ ਚ ਪਹੁੰਚਦਿਆਂ ਹੀ ਮੈਂ ਪਿਤਾ ਜੀ ਨੂੰ ਦਿੱਲੀ ਫਾਊਂਡਰੀ ਦੇ ਕਾਰਖਾਨਿਓਂ ਲਿਆਉਣ ਚ ਮਦਦ ਲਈ ਠਾਣੇ ਜਾ ਕੇ ਸਰਦਾਰ SHO ਨੂੰ ਮਿਲਿਆ। ਕਹਿਓਸ ਕਿ ਮੇਰੇ ਪਿਤਾ ਜੀ ਉਥੇ ਹੀ ਮਹਿਫੂਜ਼ ਨੇ। ਪੁਲਿਸ ਲੈ ਕੇ ਨਾ ਜਾਵੀਂ। ਜੇ ਜਾਣੈ ਤਾਂ ਮਿਲਟਰੀ ਲੈ ਕੇ ਜਾਹ। ਉਸ ਅਸਮਰਥਾ ਜਤਾਉਂਦਿਆਂ ਦੱਸਿਆ ਕਿ ਉਸ ਦਾ ਆਪਣਾ ਪਸਤੌਲ ਵੀ 31ਅਕਤੂਬਰ ਨੂੰ ਜਮਾਂ ਕਰਵਾ ਲਿਆ ਗਿਆ ਹੈ। ਪਿਤਾ ਜੀ ਉਥੇ ਮਹਿਫੂਜ਼ ਰਹੇ। ਮਾਲਕ ਰਤਨ ਲਾਲ ਜੀ ਦੋਹੇਂ ਵਕਤ ਪਿਤਾ ਜੀ ਨੂੰ ਚਾਹ ਰੋਟੀ ਵੀ ਪੁਹੰਚਾਉਂਦੇ ਰਹੇ। ਕਰੀਬ ਦੋ ਕੁ ਹਫਤੇ ਬਾਅਦ ਜਦ ਆਲੇ ਦੁਆਲੇ ਸ਼ਾਂਤੀ ਹੋਈ ਤਾਂ ਅਸੀਂ ਆਪਣੇ ਘਰ ਵਾਪਸ ਪਰਤ ਗਏ। ਸਾਡੇ ਘਰ ਦਾ ਕੋਈ ਨੁਕਸਾਨ ਨਹੀਂ ਹੋਇਆ। ਮੁਹੱਲਾ ‘ਚੋਂ ਕੁੱਝ ਹਿਤੈਸ਼ੀ ਆਂ ਨੇ, ਸਾਡੇ ਘਰ ਦੀ ਰਖਵਾਲੀ ਕੀਤੀ। ਜਿਨ੍ਹਾਂ ਚੋਂ ਪ੍ਰਮੁੱਖ ਪੰਡਤ ਜੀ ਦਾ ਹੀ ਪਰਿਵਾਰ ਸੀ। ਉਹਨਾਂ ਇਹ ਅਫ਼ਵਾਹ ਵੀ ਫੈਲਾਅ ਛੱਡੀ ਸੀ ਕਿ ਸਰਦਾਰ ਜੀ ਘਰ ‘ਚ ਕਰੰਟ ਛੱਡ ਗਏ ਨੇ ਕੋਈ ਨੇੜੇ ਨ ਜਾਏ। ਮੈਂ ਉਸ ਦਰਵੇਸ਼ ਪੁਰਸ਼ ਨੂੰ ਨਮਸਕਾਰ ਕਰਦਾ ਹਾਂ।”

  • 58
  •  
  •  
  •  
  •