ਨਵੰਬਰ 1984 ਦੇ ਸਿੱਖ ਕਤੇਲਆਮ ਵਿੱਚੋਂ ਹੀ ਨਿਕਲਿਆ ਹਿੰਦੂਤਵ ਫਾਸ਼ੀਵਾਦ

ਛੱਤੀ ਸਾਲ ਪਹਿਲਾਂ, ਦਿੱਲੀ ਅਤੇ ਹੋਰ ਸ਼ਹਿਰਾਂ/ਕਸਬਿਆਂ ਵਿੱਚ ਸਿੱਖ ਕਤਲੇਆਮ ਵਿੱਚੋਂ ਹੀ ਭਾਰਤੀ ਲੋਕਤੰਤਰ ਬਹੁਗਿਣਤੀ ਰਾਜਤੰਤਰ ਬਣਕੇ ਨਿਕਲਿਆ ਜਿਹੜਾ ਹੁਣ ਹਿੰਦੂਤਵੀ ਫਾਸ਼ੀਵਾਦ ਦਾ ਰੂਪ ਧਾਰਨ ਕਰ ਚੁੱਕਿਆ ਹੈ। ਭਾਰਤੀ ਸਟੇਟ ਵੱਲੋਂ ਸਿੱਖਾਂ ਉੱਤੇ 1984 ਵਿੱਚ ਦੋ ਅਸਹਿ ਅਤੇ ਅਣਕਿਆਸੇ ਮਾਰੂ ਹਮਲੇ ਹੋਏ। ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜ ਦਾ ਜੂਨ ਵਿੱਚ ਹਮਲਾ ਅਤੇ ਦੂਜਾ, ਚਾਰ ਮਹੀਨਿਆਂ ਬਾਅਦ, ਇੰਦਰਾ ਗਾਂਧੀ ਦੇ ਕਤਲ ਪਿੱਛੋਂ ਨਵੰਬਰ ਵਿੱਚ ਸਿੱਖਾਂ ਦੀ ਵੱਡੇ ਪੱਧਰ ਉੱਤੇ ਨਸਲਕੁਸ਼ੀ ਜਿਹੜੀ ਜਰਮਨੀ ਵਿੱਚ ਹੋਏ ਯਹੂਦੀਆਂ ਦੇ ਮਹਾਨਾਸ਼, ਅਰਮੀਨੀਆ, ਰਵਾਡਾ ਦੀਆਂ ਨਸਲਕੁਸ਼ੀ ਅਤੇ ਬੋਸਨੀਆ ਦੇ ਮੁਸਲਮਾਨਾਂ ਦੇ ਕਤਲੇਆਮਾ ਤੋਂ ਘੱਟ ਨਹੀਂ ਸੀ। ਸਿੱਖਾਂ ਨੂੰ ਘਰਾਂ, ਬਜ਼ਾਰਾਂ, ਬੱਸ-ਗੱਡੀਆਂ ਵਿੱਚੋਂ ਕੱਢਕੇ ਕੋਹ-ਕੋਹ ਕੇ ਮਾਰਿਆ ਗਿਆ, ਜ਼ਿੰਦਾ ਜਲਾਇਆ ਗਿਆ। ਉਹਨਾਂ ਦੀਆਂ ਔਰਤਾਂ ਦੀ ਸ਼ਰੇਆਮ ਬੇਪਤੀ ਕੀਤੀ, ਉਹਨਾਂ ਦੇ ਘਰ/ਜਾਇਦਾਦਾਂ ਅਤੇ ਗੁਰਦਵਾਰਿਆਂ ਅਤੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕੀਤਾ ਗਿਆ। ਤਕਰੀਬਨ, 5000 ਸਿੱਖਾਂ ਨੂੰ ਜਾਨ ਤੋਂ ਹੱਥ ਧੋਣੇ ਪਏ।

ਉਹਨਾਂ 1984 ਦੀਆਂ ਦੁਖਦਾਈ ਘਟਨਾਵਾਂ ਪਿਛੇ ਭਾਰਤੀ ਸਿਆਸੀ ਜਮਾਤ ਆਰ.ਐਸ.ਐਸ ਅਤੇ ਹਿੰਦੂਤਵੀ ਤੱਤਾਂ ਦੀ ਜ਼ਾਹਰਾ ਇੱਕਜੁਟਤਾ ਸੀ। ਜਿਹੜੀ ਦਸਬੰਰ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਤਿੰਨ-ਚੁਥਾਈ ਸੀਟਾਂ ਜਿੱਤਣ ਦੇ ਰੂਪ ਵਿੱਚ ਭਰਪੂਰ ਸਾਹਮਣੇ ਆਈ/ਚੌਰਾਸੀ ਨੇ ਸਿੱਖਾਂ ਦੇ ਅਮੀਰ ਵਰਗ ਨੂੰ ਡੂੰਘੀ ਰਾਸ਼ਟਰਵਾਦੀ ਨੀਂਦ ਤੋਂ ਜਗਾ ਦਿੱਤਾ ਜਿਸ ਕਰਕੇ, ਸਿੱਖ ਭਾਈਚਾਰੇ ਨੂੰ 1947 ਵਿੱਚ ਮੁਸਲਮਾਨਾਂ ਵਿਰੁੱਧ ਵਿੱਢੀ ਮੁਹਿੰਮ ਦਾ ਦੁਬਾਰਾ ਮੁਲਾਂਕਣ ਕਰਨਾ ਪਿਆ ਅਤੇ ਹਿੰਦੂਤਵ ਦੇ ਮੰਨੂਵਾਦੀ, ਕੱਟੜਵਾਦੀ ਅਤੇ ਆਪਣੇ ਆਪ ਤੱਕ ਸੀਮਤ (exclusive) ਖਾਸੇ ਦੀ ਸਮਝ ਪਈ। ਇਹ ਸਮਝ ਹੋਰ ਵੀ ਪੁਖਤਾ ਹੋ ਗਈ ਜਦੋਂ ਦਰਜਨ ਸਰਕਾਰੀ ਕਮਿਸ਼ਨਾਂ/ਕਮੇਟੀਆਂ ਦੀ ਪੁਣਛਾਣ ਪਿੱਛੋਂ ਵੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੀ ਅਤੇ ਕਾਂਗਰਸ ਅਤੇ ਭਾਜਪਾ ਸਰਕਾਰਾਂ ਆਪਣੀ ਲੋਕਤੰਤਰ ਨਿਜ਼ਾਮ ਵਾਲੀ ਜ਼ਿੰਮੇਵਾਰੀ ਤੋਂ ਭੱਜ ਗਈਆਂ। ਇਉਂ ਸਿੱਖਾਂ ਦੀ ਇਨਸਾਫ ਮਿਲਣ ਦੀ ਆਸ ਵੀ ਹੌਲੀ-ਹੌਲੀ ਦਮ ਤੋੜ ਗਈ।

ਸਿੱਖਾਂ ਨਾਲ ਵਾਪਰੇ ਚੌਰਾਸੀ ਵਿੱਚੋਂ ਮਜ਼ਬੂਤ ਹੋ ਕੇ ਨਿਕਲੀਆਂ ਹਿੰਦੂਤਵ ਤਾਕਤਾਂ ਨੇ ਆਪਣਾ ਰੰਗ ਗੁਜਰਾਤ ਵਿੱਚ ਮੁਸਲਮਾਨਾਂ ਦੇ 2002 ਦੇ ਕਤਲੇਆਮ ਵਿੱਚ ਦਿਖਾਇਆ। ਹਿੰਦੂਤਵ ਸਿਆਸਤ ਨੂੰ ਤਕੜਾ ਕਰਨ ਲਈ ਕੁਝ ਮਹੀਨੇ ਪਹਿਲਾਂ ਦਿੱਲੀ ਵਿੱਚ ਦੰਗੇ ਵੀ ਹੋਏ ਅਤੇ ਮੁਸਲਮਾਨਾਂ ਦੀ ‘ਲਿਚਿੰਗ’ ਦੀਆਂ ਘਟਨਾਵਾਂ ਵੀ ਗਾਹੇ ਬਗਾਹੇ ਜਾਰੀ ਹਨ।

ਹੁਣ ਭਾਰਤ ਦਾ ਜਮਹੂਰੀ ਢਾਂਚਾ ਬਹੁਗਿਣਤੀ ਰਾਜਤੰਤਰ ਦੀ ਪੂਰੀ ਲਪੇਟ ਵਿੱਚ ਆ ਗਿਆ ਹੈ ਅਤੇ ਹਿੰਦੂਤਵੀ ਤਾਕਤਾਂ ਦੇਸ਼ ਨੂੰ ਰਸਮੀ ਤੌਰ ਤੇ ‘ਹਿੰਦੂ ਰਾਸ਼ਟਰ’ ਐਲਾਨਣ ਲਈ ਬਜ਼ਿਦ ਹਨ। ਜੇ ਇਤਿਹਾਸਕ ਪਰਿਪੇਖ ਵਿੱਚ, ਸਿੱਖ ਨਸਲਕੁਸ਼ੀ ਨੂੰ ਵਾਚੀਏ ਤਾਂ ਸਪੱਸ਼ਟ ਹੈ ਕਿ ਅੰਗਰੇਜ਼ਾਂ ਤੋਂ ਰਾਜਸੱਤਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਹਾਕਮਾਂ ਨੇ ਦੇਸ਼ ਨੂੰ ਬਹੁਗਿਣਤੀ ਫਿਰਕੇ ਆਧਾਰਤ ‘ਨੇਸ਼ਨ-ਸਟੇਟ’ ਖੜ੍ਹੀ ਕਰਨ ਵੱਲ ਸਿਆਸਤ ਨੂੰ ਮੋੜਾ ਦੇ ਦਿੱਤਾ। ਇਸੇ ਕਰਕੇ, ਸਿੱਖਾਂ ਵੱਲੋਂ ਵੱਖਰੀ ਸਿਆਸੀ ਹਸਤੀ ਖੜ੍ਹੀ ਕਰਨ ਅਤੇ ਰਾਜ ਸੱਤਾ ਵਿੱਚ ਆਪਣਾ ਬਣਦਾ ਹਿੱਸਾ ਪ੍ਰਾਪਤ ਕਰਨ ਦੀਆਂ ਸਾਰੀਆਂ ਕੋਸ਼ਿਸ਼ ਨੂੰ ਦਿੱਲੀ ਨੇ ਭਾਰੀ ਬੂਟਾਂ ਥੱਲੇ ਦਰੜ ਕੇ ਵਰਤਾਈ।
ਨਵੰਬਰ ਦਾ ਪਹਿਲਾ ਹਫਤਾ ਸਿੱਖਾਂ ਲਈ ਆਤਮ-ਚਿੰਤਨ ਦਾ ਦਿਹਾੜਾ ਹੈ। ਸਿੱਖ ਭਾਈਚਾਰਾ ਆਪਣੀ ਪਹਿਚਾਣ, ਸਭਿਆਚਾਰ ਅਤੇ ਰਹਿਣ-ਸਹਿਣ ਨੂੰ ਗੁਰੂ ਆਸ਼ੇ ਮੁਤਾਬਕ ਚਲਾਉਂਦਾ ਹੋਇਆਂ ਕਿਵੇਂ ਆਪਣੀ ਬਣਦੀ ਰਾਜਸੱਤਾ ਵਿਚਲੀ ਹਿੱਸੇਦਾਰੀ ਪ੍ਰਾਪਤ ਕਰ ਸਕਦਾ ਹੈ। ਸਪੱਸ਼ਟ ਹੈ ਕਿ ਸਿੱਖ ਜੀਵਨ-ਜਾਚ ਨੂੰ ਕਾਇਮ ਰੱਖਣ ਲਈ ਸਾਨੂੰ ਜਾਤ-ਪਾਤ ਦੇ ਛੁਪੇ ਹੋਏ ਕੋਹੜ ਨੂੰ ਦੂਰ ਕਰਕੇ ਇਖਲਾਕੀ ਬੁਲੰਦੀ ਅਤੇ ਸਮਾਜਕ ਬਰਾਬਰੀ ਸਮਾਜ ਖੜ੍ਹਾ ਕਰਕੇ ਹੀ ਮਨੂੰਵਾਦੀ ਅਤੇ ਅਨੈਤਿਕ ਤਾਨਾਸ਼ਾਹੀ ਤਾਕਤਾਂ ਦਾ ਮੁਕਾਬਲਾ ਕਰ ਸਕਦੇ ਹਾਂ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਮਨਜੀਤ ਸਿੰਘ, ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਡਾ. ਪਿਆਰੇ ਲਾਲ ਗਰਗ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ ਅਤੇ ਰਾਜਵਿੰਦਰ ਸਿੰਘ ਰਾਹੀ।

  • 87
  •  
  •  
  •  
  •