ਅਮਰੀਕੀ ਰਾਸ਼ਟਰਪਤੀ ਚੋਣਾਂ: ਬਾਇਡਨ ਜਿੱਤ ਦੇ ਕਰੀਬ; ਕਈ ਸ਼ਹਿਰਾਂ ‘ਚ ਹਿੰਸਾ ਦਾ ਖਦਸ਼ਾ

ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪੂਰੀ ਤਸਵੀਰ ਅਜੇ ਸਾਫ ਨਹੀਂ ਹੈ। ਅਮਰੀਕੀ ਚੋਣਾਂ ਦੇ ਹੁਣ ਤੱਕ ਆਏ ਨਤੀਜਿਆਂ ‘ਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡਨ, ਰਿਪਬਲਿਕਨ ਉਮੀਦਵਾਰ ਡੌਨਾਲਡ ਟਰੰਪ ਤੋਂ ਅੱਗੇ ਆ ਗਏ ਹਨ। ਡੋਨਾਲਡ ਟਰੰਪ ਤੇ ਜੋ ਬਾਈਡਨ ਵਿਚਕਾਰ ਸਖਤ ਮੁਕਾਬਲੇ ਵਿਚਕਾਰ ਬਾਇਡਨ ਜਿੱਤ ਦੇ ਕਰੀਬ ਲੱਗ ਰਹੇ ਹਨ।

ਦੂਜੇ ਪਾਸੇ ਡੋਨਾਲਡ ਟਰੰਪ ਨੇ ਵੋਟਾਂ ਦੀ ਗਿਣਤੀ ਦਰਮਿਆਨ ਦਾਅਵਾ ਕੀਤਾ ਕਿ ਅਮਰੀਕੀ ਜਨਤਾ ਦੇ ਨਾਲ ਵੱਡੀ ਧੋਖਾਧੜੀ ਕੀਤੀ ਜਾ ਰਹੀ ਹੈ ਅਤੇ ਉਹ ਇਸ ਦੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਚੋਣ ਪ੍ਰਕਿਰਿਆ ‘ਚ ਗੜਬੜੀ ਦਾ ਕੋਈ ਹਵਾਲਾ ਦਿੱਤੇ ਬਗੈਰ ਕਿਹਾ ਕਿ ਅਚਾਨਕ ਸਭ ਕੁਝ ਰੁਕ ਗਿਆ। ਇਹ ਅਮਰੀਕੀ ਜਨਤਾ ਨਾਲ ਧੋਖਾਧੜੀ ਹੈ। ਅਸੀਂ ਚੋਣ ਜਿੱਤ ਰਹੇ ਸੀ। ਸੱਚ ਦੱਸਾਂ ਤਾਂ ਅਸੀਂ ਇਹ ਚੋਣਾਂ ਜਿੱਤ ਚੁੱਕੇ ਸੀ। ਟਰੰਪ ਤੇ ਬਾਇਡਨ ਦੋਵਾਂ ਨੇ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਜੋ ਬਾਇਡਨ ਨੇ ਟਵੀਟ ਕਰਕੇ ਕਿਹਾ ਮੇਰੀ ਜਿੱਤ ਪੂਰੇ ਅਮਰੀਕਾ ਦੀ ਜਿੱਤ ਹੋਵੇਗੀ।

ਇਸ ਦਰਮਿਆਨ ਚੋਣ ਨਤੀਜਿਆਂ ‘ਚ ਟਰੰਪ ਦੇ ਪਿਛੜਨ ਦਰਮਿਆਨ ਅਮਰੀਕਾ ‘ਚ ਕਈ ਥਾਈਂ ਹਿੰਸਾ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵ੍ਹਾਈਟ ਹਾਊਸ ਦੇ ਆਸੇ-ਪਾਸੇ ਸੁਰੱਖਿਆ ਵਧਾ ਦਿੱਤੀ ਗਈ ਹੈ। ਵ੍ਹਾਈਟ ਹਾਊਸ ਤੋਂ ਸਿਰਫ਼ ਕੁਝ ਦੂਰੀ ‘ਤੇ ਸਥਿਤ ਬਲੈਕ ਲਾਈਵਸ ਮੈਟਰ ਪਲਾਜ਼ਾ ‘ਤੇ ਰਾਸ਼ਟਰਪਤੀ ਟਰੰਪ ਦਾ ਵਿਰੋਧ ਕਰਨ ਲਈ ਮੰਗਲਵਾਰ ਰਾਤ ਇਕ ਹਜ਼ਾਰ ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਇਕੱਠੇ ਹੋਏ। ਦੋ ਥਾਵਾਂ ‘ਤੇ ਟਰੰਪ ਵਿਰੋਧੀਆਂ ਤੇ ਹਮਾਇਤੀਆਂ ‘ਚ ਝੜਪ ਹੋਣ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਮਾਰਚ ਵੀ ਕੱਢਿਆ ਤੇ ਕਈ ਵਾਰੀ ਆਵਾਜਾਈ ‘ਚ ਰੁਕਾਵਟ ਪਾਉਣ ਦੇ ਨਾਲ ਪਟਾਕੇ ਚਲਾਏ। ਵਾਸ਼ਿੰਗਟਨ ਤੋਂ ਲੈਕੇ ਲੌਸ ਏਂਜਲਸ ਤਕ ਸਿਆਸੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ।

ਅਜੇ ਤਕ ਆਏ ਨਤੀਜਿਆਂ ‘ਚ ਜੋ ਬਾਇਡਨ ਕਾਫੀ ਅੱਗੇ ਚਲੇ ਗਏ ਹਨ। ਅਮਰੀਕਾ ‘ਚ ਬਹੁਮਤ ਦਾ ਅੰਕੜਾ 270 ਹੈ ਪਰ ਰੁਝਾਨਾਂ ‘ਚ ਟਰੰਪ ਫਿਲਹਾਲ 214 ਵੋਟ ਹਾਸਲ ਕਰ ਸਕੇ ਹਨ। ਜਦਕਿ ਬਾਇਡਨ 264 ਵੋਟਾਂ ਨਾਲ ਜਿੱਤ ਦੇ ਬਿਲਕੁਲ ਕਰੀਬ ਪਹੁੰਚ ਰਹੇ ਹਨ। ਹੁਣ ਉਨ੍ਹਾਂ ਨੂੰ ਬਹੁਮਤ ਤਕ ਪਹੁੰਚਣ ਲਈ ਸਿਰਫ 6 ਵੋਟਾਂ ਦੀ ਹੀ ਲੋੜ ਹੋਵੇਗੀ।

  • 156
  •  
  •  
  •  
  •