ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਸਿੱਖ ਜਥੇਬੰਦੀਆਂ ਨੇ ਅੰਮ੍ਰਿਤਸਰ ‘ਚ ਕੱਢਿਆ ਰੋਸ ਮਾਰਚ

ਸਿੱਖ ਸਦਭਾਵਨਾ ਦਲ ਵਲੋਂ ਲਾਪਤਾ ਪਾਵਨ ਸਰੂਪਾਂ ਦਾ ਸਿੱਖ ਸੰਗਤਾਂ ਨੂੰ ਹਿਸਾਬ ਦਿੱਤੇ ਜਾਣ, ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਗੁਰਦੁਆਰਾ ਪ੍ਰਬੰਧਾਂ ‘ਚ ਸੁਧਾਰ ਦੀਆਂ ਮੰਗਾਂ ਨੂੰ ਲੈ ਕੇ ਅੱਜ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਵਿਰਾਸਤੀ ਮਾਰਗ ਤੱਕ ਰੋਸ ਮਾਰਚ ਕੱਢਿਆ ਗਿਆ।

ਵਿਰਾਸਤੀ ਮਾਰਗ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਸੰਗਤਾਂ ਨਾਲ ਕੁੱਝ ਸਮਾਂ ਰੋਸ ਧਰਨਾ ਦਿੰਦਿਆਂ ਦਲ ਦੇ ਮੁਖੀ ਅਤੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਅਜੋਕੇ ਨਰੈਣੂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ ਸਿੱਖ ਸਦਭਾਵਨਾ ਦਲ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਘਰਸ਼ ਜਾਰੀ ਰਹੇਗਾ।

ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਅੱਜ ਇਥੇ ਖਿੰਡਰੀ ਹੋਈ ਸਿੱਖ ਸ਼ਕਤੀ ਨੂੰ ਅਪੀਲ ਕੀਤੀ ਹੈ ਕਿ ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ਸ੍ਰੀ ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣ ਲਈ ਸਾਂਝਾ ਫਰੰਟ ਬਣਾਇਆ ਜਾਵੇ। ਕਮੇਟੀ ਆਗੂ ਪ੍ਰੋ. ਬਲਜਿੰਦਰ ਸਿੰਘ, ਅਮਰ ਸਿੰਘ ਚਾਹਲ, ਗੁਰਚਰਨ ਸਿੰਘ, ਬਲਬੀਰ ਸਿੰਘ ਹਿਸਾਰ ਆਦਿ ਨੇ ਦੋਸ਼ ਲਾਇਆ ਕਿ ਕਾਬਜ਼ ਧਿਰ ਨੇ ਸਿੱਖ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਗੁਰਮਤਿ ਸਿਧਾਂਤ ਅਤੇ ਕੌਮੀ ਵੱਕਾਰ ਪੱਖੋਂ ਵੱਡੀ ਢਾਹ ਲਾਈ ਹੈ।

  •  
  •  
  •  
  •  
  •