ਮਾਨ ਸਿੰਘ ਅਤੇ ਸ਼ੇਰ ਸਿੰਘ ਨੂੰ 10-10 ਸਾਲ ਦੀ ਸਜ਼ਾ ਅਤੇ 50-50 ਹਜ਼ਾਰ ਜੁਰਮਾਨਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਸਾਲ 2017 ਵਿਚ ਬੀਐਸਐਫ ਵੱਲੋਂ ਖਾੜਕੂ ਮਾਨ ਸਿੰਘ ਨਿਹੰਗ ਅਤੇ ਸ਼ੇਰ ਸਿੰਘ ਜੋ ਕਿ ਹਥਿਆਰਾਂ ਨਾਲ ਫੜੇ ਗਏ ਸਨ, ਜਿਸ ਵਿਚ ਮਾਨ ਸਿੰਘ ਕੋਲ ਹਥਿਆਰਾਂ ਦਾ ਲਾਇਸੈਂਸ ਵੀ ਸੀ, ਨੂੰ ਨਾ ਮੰਨਦਿਆਂ ਹੋਏ ਜੇਲ੍ਹ ਡੱਕ ਦਿੱਤਾ ਸੀ ਜਿਸ ਕਰਕੇ ਇਹ ਮਾਮਲਾ ਬਹੁ-ਚਰਚਿਤ ਹੋ ਗਿਆ ਸੀ।
ਉਪਰੰਤ ਮਾਮਲੇ ਅੰਦਰ ਅੰਮ੍ਰਿਤਸਰ ਪੁਲਿਸ ਵਲੋਂ ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ, ਸਤਿੰਦਰ ਰਾਵਤ, ਸਿਮਰਨਜੀਤ ਸਿੰਘ ਨੂੰ ਯੂ ਏ ਪੀ ਏ, ਗੈਰ ਕਾਨੂੰਨੀ ਗਤੀਵਿਧਿਆਂ ਅਤੇ ਅਸਲੇ ਦੀ ਧਾਰਾਵਾਂ ਹੇਠ ਨਾਮਜ਼ਦ ਕਰ ਦਿੱਤਾ ਗਿਆ ਸੀ। ਕੁੱਝ ਦਿਨ ਪਹਿਲਾਂ ਅਦਾਲਤ ਅੰਦਰ ਚਲੇ ਮਾਮਲੇ ਵਿਚ ਸੈਸਨ ਜੱਜ ਸਰਬਜੀਤ ਸਿੰਘ ਨੇ ਸਾਰਿਆਂ ਨੂੰ ਯੂਆਪਾ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਧਾਰਾ ਵਿਚੋਂ ਬਰੀ ਕਰ ਦਿੱਤਾ ਗਿਆ ਸੀ।

ਮਾਮਲੇ ਦੀ ਪੈਰਵਾਈ ਕਰ ਰਹੇ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਨ੍ਹਾਂ ਤੇ ਯੂਆਪਾ, ਅਸਲਾ, ਧਮਾਕਾਖੇਜ ਸਮਗਰੀ ਲਾਈ ਗਈ ਸੀ ਜਿਸ ਵਿਚੋਂ ਬਲਕਾਰ ਸਿੰਘ, ਸਤਿੰਦਰ ਰਾਵਤ ਅਤੇ ਬਲਵਿੰਦਰ ਸਿੰਘ ਨੂੰ ਪੁਲਿਸ ਵੱਲੋਂ ਲਗਾਏ ਸਾਰੇ ਦੋਸ਼ਾਂ ਵਿਚੋ ਬਰੀ ਕਰ ਦਿੱਤਾ ਗਿਆ ਹੈ ਤੇ ਮਾਨ ਸਿੰਘ, ਸ਼ੇਰ ਸਿੰਘ, ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਅਸਲੇ ਦੀ ਧਾਰਾ ਹੇਠ ਦੋਸ਼ੀ ਠਹਿਰਾਇਆ ਗਿਆ ਹੈ। ਜਿਸ ਦੀ ਸਜਾ ਸੁਣਾਉਂਦੇ ਹੋਏ ਨਿਹੰਗ ਮਾਨ ਅਤੇ ਸ਼ੇਰ ਸਿੰਘ ਨੂੰ ਅਸਲੇ ਦੀ ਧਾਰਾ 25 (1) ਏ ਅਧੀਨ 10-10 ਸਾਲ ਦੀ ਸਜਾ ਅਤੇ 50-50 ਹਜਾਰ ਜੁਰਮਾਨਾ ਕੀਤਾ ਗਿਆ ਹੈ, ਜੁਰਮਾਨਾ ਨਾ ਭਰੇ ਜਾਣ ਦੀ ਸੂਰਤ ਵਿਚ ਇਕ-ਇਕ ਸਾਲ ਦੀ ਸਜਾ ਹੋਰ ਭੁਗਤਣੀ ਪਵੇਗੀ।

ਸਿਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਜਿਨ੍ਹਾਂ ਕੋਲੋ ਪਿਸਤੌਲ ਮਿਲਿਆ ਦੱਸਿਆ ਗਿਆ ਹੈ ਨੂੰ ਅਸਲੇ ਦੀ ਧਾਰਾ 25 (1) ਬੀ ਅਧੀਨ 10-10 ਹਜਾਰ ਜੁਰਮਾਨਾ ਅਤੇ ਤਿੰਨ ਤਿੰਨ ਸਾਲ ਦੀ ਸਜਾ ਸੁਣਾਈ ਗਈ ਹੈ। ਸਿਮਰਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਜੁਰਮਾਨਾ ਭਰ ਦਿੱਤਾ ਗਿਆ ਹੈ ਤੇ ਦੋਨੋਂ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਪਰਤ ਆਉਣਗੇ। ਇਸ ਮਾਮਲੇ ਦੀ ਪੈਰਵਾਈ ਸਿੱਖ ਲੈਬ ਨਾਮੀ ਸੰਸਥਾਂ ਕਰ ਰਹੀ ਹੈ ।

  •  
  •  
  •  
  •  
  •