ਕੈਲੀਫੋਰਨੀਆ: ਸਿੱਖਾਂ ਦੀ ਵੱਖਰੀ ਪਛਾਣ ਦਰਸਾਉਣ ਲਈ ਮਨਾਇਆ ਜਾ ਰਿਹਾ ਜਾਗਰੂਕਤਾ ਮਹੀਨਾ

ਅਮਰੀਕਾ ਦੇ ਕੈਲੀਫੋਰਨੀਆ ਰਾਜ ਨੇ ਨਵੰਬਰ ਨੂੰ ਸਿੱਖ ਜਾਗਰੂਕਤਾ ਤੇ ਸ਼ਲਾਘਾ ਮਹੀਨੇ ਵਜੋਂ ਮਾਨਤਾ ਦਿੱਤੀ ਹੋਈ ਹੈ। ਹਰ ਸਾਲ ਇਸ ਮਹੀਨੇ ਦੌਰਾਨ ਸਿੱਖ ਸੰਸਥਾਵਾਂ ਵਲੋਂ ਸਿੱਖਾਂ ਦੀ ਪਛਾਣ ਬਾਰੇ ਭੁਲੇਖੇ ਦੂਰ ਕਰਨ ਤੇ ਸਿੱਖਾਂ ਦੇ ਸੱਭਿਆਚਾਰ ਬਾਰੇ ਅਮਰੀਕਨ ਲੋਕਾਂ ਨੂੰ ਜਾਣੂ ਕਰਵਾਉਣ ਲਈ ਮੁਹਿੰਮ ਚਲਾਈ ਜਾਂਦੀ ਹੈ। ਇਸ ਵਾਰ ਵੀ ਟਰੇਸੀ, ਮਾਊਨਟੇਨ ਹਾਊਸ , ਮਨਟਿਕਾ ਤੇ ਹੋਰ ਖੇਤਰਾਂ ਦੇ ਸਿੱਖ ਭਾਈਚਾਰੇ ਵੱਲੋਂ ਇਸ ਮੁਹਿੰਮ ‘ਚ ਹਿੱਸਾ ਲਿਆ ਜਾ ਰਿਹਾ ਹੈ।

ਗੁਰੂ ਘਰਾਂ, ਸੈਂਟਰਲ ਵੈਲੀ, ਆਰਗੇਨਾਈਜੇਸ਼ਨ, ਜੈਕਾਰਾ ਮੂਵਮੈਂਟ ਤੇ ਸਥਾਨਕ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਸੈਨ ਜੈਕੁਇਨ ਕਾਊਂਟੀ ਦੇ ਸਿੱਖ ਭਾਈਚਾਰੇ ਵਲੋਂ ਵੱਖ-ਵੱਖ ਰਾਸ਼ਟਰੀ ਮਾਰਗਾਂ ਉਪਰ ਸਿੱਖਾਂ ਦੀ ਪਛਾਣ ਸਬੰਧੀ ਬੋਰਡ ਲਾਏ ਗਏ ਹਨ। ਸਿੱਖਸ ਆਫ ਟਰੇਸੀ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਮੁਹਿੰਮ ਦਾ ਸਿੱਧਾ ਸਾਧਾ ਸੰਦੇਸ਼ ਇਹ ਹੈ ਕਿ ਅਮਰੀਕਨ ਲੋਕ ਸਿੱਖਾਂ ਦੇ ਸੱਭਿਆਚਾਰ ਤੇ ਸਿੱਖ ਧਰਮ ਬਾਰੇ ਜਾਣ ਸਕਣ।

ਸਿੱਖ ਧਰਮ ਨੂੰ ਗਲਤ ਪਛਾਣ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਸਿੱਖਾਂ ਨੂੰ ਨਫ਼ਰਤ ਨਾਲ ਵੇਖਿਆ ਜਾਂਦਾ ਹੈ। ਗਲਤ ਪਛਾਣ ਕਾਰਨ ਸਿੱਖਾਂ ਉਪਰ ਹਮਲੇ ਹੁੰਦੇ ਹਨ। ਅਗਸਤ 2019 ‘ਚ ਟਰੇਸੀ ਵਾਸੀ 64 ਸਾਲਾ ਪਰਮਜੀਤ ਸਿੰਘ ਇਸੇ ਨਫ਼ਰਤ ਦਾ ਸ਼ਿਕਾਰ ਹੋਇਆ ਸੀ ਤੇ ਉਸ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇੱਥੇ ਵਰਨਣਯੋਗ ਹੈ ਕਿ ਟਰੇਸੀ ਦੇ ਸਿੱਖਾਂ ਤੇ ਉਨ੍ਹਾਂ ਦੀਆਂ ਸਹਿਯੋਗੀ ਸੰਸਥਾਵਾਂ ਵਲੋਂ ਅਪਣਾਏ ਗਏ ਰਾਸ਼ਟਰੀ ਮਾਰਗਾਂ ਦੇ ਹਿੱਸੇ ਉਪਰ ਨਿਰੰਤਰ ਸਫ਼ਾਈ ਕੀਤੀ ਜਾਂਦੀ ਹੈ।

  • 224
  •  
  •  
  •  
  •