ਬੰਗਲੌਰ ਦੀ ਇੱਕ ਕੰਪਨੀ ਨੇ ਸਿੱਖ ਨੌਜਵਾਨਾਂ ਨੂੰ ਨੌਕਰੀ ਛੱਡਣ ਜਾਂ ਦਸਤਾਰ ਉਤਾਰਨ ਲਈ ਕਿਹਾ

ਸਿੱਖਾਂ ਨਾਲ ਦੇਸ਼ ਤੇ ਵਿਦੇਸ਼ਾਂ ਵਿਚ ਭੇਦਭਾਵ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਨਵਾਂ ਮਾਮਲਾ ਬਟਾਲਾ ਦੇ ਰਹਿਣ ਵਾਲੇ ਦੋ ਸਿੱਖ ਨੌਜਵਾਨ ਮਹਿਕਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਸਾਹਮਣੇ ਆਇਆ ਹੈ। ਦਰਅਸਲ, ਇਹ ਦੋਵੇਂ ਨੌਜਵਾਨ ਮਾਰਚ 2020 ਨੂੰ ਬੈਂਗਲੂਰ ਦੀ ਇਕ ਕੰਪਨੀ ‘ਚ ਕੰਮ ਕਰਨ ਗਏ ਸੀ। ਉਹ ਆਪਣੇ ਪਰਿਵਾਰ ਤੇ ਚੰਗੇ ਭਵਿੱਖ ਖ਼ਾਤਰ ਬੈਂਗਲੂਰ ਏਅਰਪੋਰਟ ਦੀ ਕੰਪਨੀ ‘ਚ ਮਹਿਜ 11 ਹਜ਼ਾਰ ਰੁਪਏ ਦੀ ਨੌਕਰੀ ਲਈ ਕੰਮ ਕਰ ਰਹੇ ਸਨ। ਲਗਾਤਾਰ 6 ਮਹੀਨੇ ਕੰਪਨੀ ‘ਚ ਕੰਮ ਕਰ ਰਹੇ ਸਨ। ਪਰ ਪਿਛਲੇ ਕੁੱਝ ਦਿਨਾਂ ਤੋਂ ਕੰਪਨੀ ਵਲੋਂ ਦਸਤਾਰ ਨੂੰ ਲੈ ਕੇ ਇਤਰਾਜ਼ ਜਤਾਇਆ ਜਾਣਾ ਸ਼ੁਰੂ ਕਰ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਦਸਤਾਰ ਉਤਾਰ ਕੇ ਹੈਲਮੇਟ ਪਹਿਨ ਕੇ ਕੰਮ ਕਰੋ ਜਾਂ ਕੰਮ ਛੱਡ ਦਿਓ।

ਮਹਿਕਪ੍ਰੀਤ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਪਿਛਲੇ ਹਫਤੇ ਤੋਂ ਕੰਪਨੀ ਸਟਾਫ ਵਲੋਂ ਹੈਲਮਟ ਪਾ ਕੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਕੰਪਨੀ ਨੇ ਉਹਨਾਂ ਨੂੰ ਦਸਤਾਰ ਸਜਾ ਕੇ ਕੰਮ ਤੇ ਆਉਣ ਦੀ ਮਨਾਹੀ ਕਰ ਦਿੱਤੀ। ਉਹਨਾਂ ਦਸਿਆ ਕਿ ਇਸ ਸਾਲ ਮਾਰਚ ਮਹੀਨੇ ਵਿਚ ਉਨ੍ਹਾਂ ਦੀ ਇੰਟਰਵਿਊ ਲਈ ਗਈ ਸੀ। ਇੰਟਰਵਿਊ ਵੇਲੇ ਉਹ ਪੱਗ ਬੰਨ੍ਹ ਕੇ ਗਏ ਸਨ, ਤੇ ਮਾਰਚ ਮਹੀਨੇ ਚ ਭਰਤੀ ਹੋਣ ਤੋਂ ਹੁਣ ਤੱਕ ਕੰਪਨੀ ਨੂੰ ਕੋਈ ਇਤਰਾਜ਼ ਨਹੀਂ ਸੀ। ਮਹਿਕਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹੈਲਮਟ ਪਾ ਕੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਮਹਿਕਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਉਹਨਾਂ ਨੂੰ ਗੁਰੂਆਂ ਦੀ ਬਖਸ਼ੀ ਦਸਤਾਰ ਪਿਆਰੀ ਹੈ। ਉਹ ਸਿੱਖੀ ਨੂੰ ਲਾਜ ਲਾ ਕੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਨੌਜਵਾਨਾਂ ਨਾਲ ਅਜਿਹਾ ਭੇਦਭਾਵ ਖ਼ਤਮ ਹੋਣਾ ਚਾਹੀਦਾ ਹੈ ਅਤੇ ਸਾਡੀਆਂ ਸਰਕਾਰਾਂ ਨੂੰ ਅਤੇ ਸਿੱਖ ਜਥੇਬੰਦੀਆਂ ਨੂੰ ਅੱਗੇ ਆ ਕੇ ਇੰਨ੍ਹਾਂ ਨੂੰ ਇਨਸਾਫ਼ ਦਵਾਉਣਾ ਚਾਹੀਦਾ। ਸਿੱਖ ਹੈਲਪਿੰਗ ਸਮਾਜ ਸੇਵੀ ਸੰਸਥਾ ਵਲੋਂ ਮਹਿਕਪ੍ਰੀਤ ਸਿੰਘ ਦੇ ਹੱਕ ‘ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਵੀ ਇਕ ਪੱਤਰ ਲਿਖਿਆ ਹੈ। ਦੋਵਾਂ ਨੌਜਵਾਨਾਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਮਸਲੇ ਤੇ ਗੌਰ ਕਰਨ ਲਈ ਅਪੀਲ ਕੀਤੀ ਹੈ।

  • 709
  •  
  •  
  •  
  •