ਹਰਿਆਣਾ ਸਰਕਾਰ ਨੇ ਅਕਤੂਬਰ ਮਹੀਨੇ ’ਚ ਚੁੱਪ-ਚਪੀਤੇ ਰਾਮ ਰਹੀਮ ਨੂੰ ਦਿੱਤੀ ਸੀ ਪੈਰੋਲ

ਬਲਾਤਕਾਰ ਅਤੇ ਕਤਲ ਕੇਸ ਵਿੱਚ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਰਾਮ ਰਹੀਮ ਨੂੰ 24 ਅਕਤੂਬਰ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਸੀ। ਪਰ ਇਹ ਸਭ ਕੁਝ ਅਜਿਹੇ ਚੁੱਪਚਾਪ ਢੰਗ ਨਾਲ ਹੋਇਆ ਕਿ ਕਿਸੇ ਨੂੰ ਕੋਈ ਭਿਣਕ ਤਕ ਨਹੀਂ ਲੱਗੀ।

ਡੇਰਾ ਮੁਖੀ ਬਲਾਤਕਾਰ ਅਤੇ ਕਤਲ ਕੇਸ ਵਿੱਚ ਰੋਹਤਕ ਦੀ ਜੇਲ੍ਹ ਵਿੱਚ ਬੰਦ ਹੈ। ਸੂਤਰਾਂ ਨੇ ਦੱਸਿਆ ਕਿ ਰਾਮ ਰਹੀਮ ਨੂੰ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਮਿਲੀ ਸੀ ਅਤੇ ਉਹ ਗੁਰੂਗਾਮ ਦੇ ਇਕ ਹਸਪਤਾਲ ਵਿਚ ਦਾਖਲ ਹੈ। ਭਾਰੀ ਸੁਰੱਖਿਆ ਦੇ ਘੇਰੇ ਵਿਚ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਹਸਪਤਾਲ ਲਿਜਾਇਆ ਗਿਆ।

ਸੂਤਰਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੀਆਂ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਕ ਯੂਨਿਟ ਵਿਚ 80 ਤੋਂ 100 ਸਿਪਾਹੀ ਸਨ। ਡੇਰਾ ਮੁਖੀ ਨੂੰ ਪੁਲਿਸ ਦੀ ਕਾਰ ਵਿਚ ਜੇਲ੍ਹ ਤੋਂ ਲਿਆਂਦਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਰੋਹਤਕ ਪੁਲਿਸ ਨੂੰ ਸੁਰੱਖਿਆ ਲਈ ਆਖਿਆ ਗਿਆ ਸੀ ਅਤੇ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸਿਰਫ ਸੀ.ਐੱਮ ਅਤੇ ਕੁਝ ਸੀਨੀਅਰ ਸਰਕਾਰੀ ਅਧਿਕਾਰੀ ਜਾਣਦੇ ਸਨ। ਇਸ ਤੋਂ ਪਹਿਲਾਂ ਵੀ ਰਾਮ ਰਾਹੀਮ ਨੂੰ ਪੈਰੋਲ ਦੇਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ, ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਹੁਣ ਪੈਰੋਲ ਦੇ ਇਹ ਤਰੀਕੇ ‘ਤੇ ਸਵਾਲ ਖੜੇ ਹੋ ਰਹੇ ਹਨ।
ਦੱਸਣਯੋਗ ਹੈ ਕਿ ਸਾਲ 2002 ‘ਚ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ‘ਚ ਡੇਰਾ ਮੁਖੀ ਰਾਮ ਰਹੀਮ ਨੂੰ ਕਤਲ ਦੀ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਸੀ। ਇਸ ਤੋਂ ਪਹਿਲਾਂ 28 ਅਗਸਤ 2017 ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਕੋਰਟ ਨੇ 2 ਜਨਾਨੀਆਂ ਨਾਲ ਜਬਰ ਜ਼ਿਨਾਹ ਦੇ ਮਾਮਲੇ ‘ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ।

  • 92
  •  
  •  
  •  
  •