ਕਰਤਾਰਪੁਰ ਲਾਂਘੇ ਦੀ ਪਹਿਲੀ ਵਰ੍ਹੇਗੰਢ ਮੌਕੇ ਭਾਰਤ-ਪਾਕਿ ਸਰਹੱਦ ‘ਤੇ ਸਮਾਗਮ ਭਲਕੇ

ਦਲ ਖ਼ਾਲਸਾ ਵੱਲੋਂ ਅਕਾਲ ਫ਼ੈਡਰੇਸ਼ਨ ਦੇ ਸਹਿਯੋਗ ਨਾਲ ਕਰਤਾਰਪੁਰ ਲਾਂਘੇ ਦੇ ਖੋਲੇ ਜਾਣ ਦੀ ਪਹਿਲੀ ਵਰ੍ਹੇਗੰਢ ਮੌਕੇ ਡੇਰਾ ਬਾਬਾ ਨਾਨਕ ਨੇੜੇ ਭਾਰਤ-ਪਾਕਿ ਸਰਹੱਦ ਉੱਤੇ 9 ਨਵੰਬਰ ਨੂੰ ਸੰਕੇਤਕ ਤੌਰ ‘ਤੇ ਸਮਾਗਮ ਆਯੋਜਿਤ ਕੀਤਾ ਜਾਵੇਗਾ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 16 ਮਾਰਚ ਤੋਂ ਭਾਰਤ ਸਰਕਾਰ ਵੱਲੋਂ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਲਾਕਡਾਊਨ ਦੇ ਖ਼ਤਮ ਹੋਣ ਤੋਂ ਬਾਅਦ ਜੂਨ ਮਹੀਨੇ ਤੋਂ ਪਾਕਿਸਤਾਨ ਨੇ ਆਪਣੇ ਪਾਸੇ ਤੋਂ ਕੋਰੀਡੋਰ ਖੋਲ੍ਹ ਦਿੱਤਾ ਹੈ ਪਰ ਭਾਰਤ ਸਰਕਾਰ ਖੋਲਣ ਤੋਂ ਇਨਕਾਰੀ ਹੈ।

ਉਹਨਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਸਿੱਖ ਕੌਮ ਦੀ ਲੀਡਰਸ਼ਿਪ ਦੀਆਂ ਲਾਂਘਾ ਖੋਲ੍ਹਣ ਦੀਆਂ ਅਪੀਲਾਂ ਨੂੰ ਨਜ਼ਰ-ਅੰਦਾਜ਼ ਕਰ ਰੱਖਿਆ ਹੈ। ਉਹਨਾਂ ਭਾਰਤ ਸਰਕਾਰ ਦੇ ਉਸ ਤਰਕ ਕਿ ਉਹ ਕੋਰੀਡੋਰ ਨੂੰ ਕੋਵਿਡ-19 ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਖੋਲ੍ਹਣਗੇ ਉੱਤੇ ਵਿਅੰਗ ਕੱਸਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਭਾਰਤ ਨਾਲੋਂ ਕੋਰੋਨਾ ਕੇਸਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਦੂਜਾ ਕੋਰੋਨਾ ਦੇ ਬਾਵਜੂਦ ਪੂਰੇ ਭਾਰਤ ਅੰਦਰ ਰਾਜਸੀ, ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦਾ ਤਰਕ ਮਹਿਜ਼ ਇੱਕ ਬਹਾਨਾ ਹੈ। ਉਹਨਾਂ ਦੱਸਿਆ ਕਿ ਸਿੱਖ ਜਥੇਬੰਦੀਆਂ ਦੇ ਕਾਰਜਕਰਤਾ ਹਰਪਾਲ ਸਿੰਘ ਚੀਮਾ ਅਤੇ ਨਰਾਇਣ ਸਿੰਘ ਦੀ ਅਗਵਾਈ ਹੇਠ 9 ਤਰੀਕ ਨੂੰ ਦੁਪਹਿਰ ਕੋਰੀਡੋਰ ਦੀ ਅਰੰਭਤਾ ਵਾਲੇ ਸਥਾਨ ‘ਤੇ ਪੰਥਕ ਇੱਕਤਰਤਾ ਕਰਨਗੇ ਉਪਰੰਤ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਲਾਂਘੇ ਨੂੰ ਮੁੜ ਖੋਲ੍ਹਣ ਲਈ ਭਾਰਤ ਸਰਕਾਰ ਨੂੰ ਗੁਹਾਰ ਲਾਉਣਗੇ। ਉਹਨਾਂ ਸਿੱਖ ਸੰਗਤਾਂ ਨੂੰ ਵੀ ਡੇਰਾ ਬਾਬਾ ਨਾਨਕ ਪਹੁੰਚਣ ਦੀ ਅਪੀਲ ਕੀਤੀ।

ਉਹਨਾਂ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਅਕਾਲੀ ਆਗੂਆਂ ਦੇ ਕਰਤਾਰਪੁਰ ਸਾਹਿਬ ਦੇ ਪ੍ਰਬੰਧ ਦੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਦਰਬਾਰ ਅਤੇ ਉਹਨਾਂ ਦੇ ਚਹੇਤੇ ਅਕਾਲੀਆਂ ਨੇ ਤੱਥਾਂ ਨੂੰ ਗ਼ਲਤ ਰੰਗਤ ਦੇ ਕੇ ਸਿੱਖ-ਮੁਸਲਿਮ ਭਾਈਚਾਰੇ ਵਿੱਚ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਮੈਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸਤਵੰਤ ਸਿੰਘ ਨਾਲ ਸੱਚਾਈ ਜਾਣਨ ਲਈ ਗੱਲ ਕੀਤੀ ਹੈ ਅਤੇ ਉਹਨਾਂ ਅੱਗੋਂ ਦੱਸਿਆ ਕਿ ਧਾਰਮਿਕ ਕਾਰ-ਵਿਹਾਰ ਅਤੇ ਮਰਿਯਾਦਾ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਕੋਲ ਹੀ ਰਹੇਗਾ ਜਿਵੇਂ ਬਾਕੀ ਗੁਰਦੁਆਰਿਆਂ ਦਾ ਵੀ ਹੈ ਅਤੇ ਔਕਾਫ਼ ਬੋਰਡ ਜੋ ਕਿ ਸਰਕਾਰੀ ਸੰਸਥਾ ਹੈ ਜਿਸ ਦੇ ਮੈਂਬਰ ਮੁਸਲਮਾਨ ਹਨ, ਕੋਲ ਸਿਰਫ਼ ਪ੍ਰਬੰਧਕੀ ਅਤੇ ਵਿਕਾਸ ਕੰਮਾਂ ਦਾ ਕੰਟਰੋਲ ਰਹੇਗਾ। ਇਸੇ ਦੌਰਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਦੇ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਨੇ ਇਸ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਕਰਤਾਰਪੁਰ ਕੋਰੀਡੋਰ ਨੂੰ ਸਮਰਪਿਤ ਕੀਤਾ ਸੀ।

  • 108
  •  
  •  
  •  
  •