ਡੋਨਾਲਡ ਟਰੰਪ ਨੂੰ ਹਰਾ ਜੋਅ ਬਾਇਡਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ

ਰਾਸ਼ਟਰਪਤੀ ਚੋਣਾਂ ‘ਚ ਰੀਪਬਲਿਕਨ ਪਾਰਟੀ ਵੱਲੋਂ ਦੂਜੀ ਵਾਰ ਚੋਣ ਲੜੇ ਡੋਨਾਲਡ ਟਰੰਪ ਨੂੰ ਭਾਰੀ ਫਰਕ ਨਾਲ ਹਰਾ ਕੇ ਡੈਮੋਕ੍ਰੇਟਿਕ ਦੇ ਬਾਇਡਨ ਸੰਯੁਕਤ ਰਾਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਟਰੰਪ ਦੇ ਹੱਥ ਵੱਡੀ ਨਿਰਾਸ਼ਾ ਲੱਗੀ ਹੈ। 1992 ‘ਚ ਜਾਰਜ ਐੱਚ. ਡਬਲਿਊ. ਬੁਸ਼ ਤੋਂ ਬਾਅਦ ਟਰੰਪ ਰੀਇਲੈਕਸ਼ਨ ਹਾਰਨ ਵਾਲੇ ਪਹਿਲੇ ਮੌਜੂਦਾ ਰਾਸ਼ਟਰਪਤੀ ਹਨ।

ਵ੍ਹਾਈਟ ਹਾਊਸ ਪਹੁੰਚਣ ਲਈ 270 ਇਲੈਕਟ੍ਰੋਲ ਕਾਲਜ ਵੋਟਾਂ ਹਾਸਲ ਕਰਨਾ ਜ਼ਰੂਰੀ ਸੀ, ਜਦੋਂ ਕਿ ਬਾਇਡਨ ਇਸ ਤੋਂ ਵੀ ਕਾਫ਼ੀ ਅੱਗੇ ਨਿਕਲ ਗਏ। ਐਡੀਸਨ ਰਿਸਰਚ ਅਨੁਸਾਰ ਬਾਇਡਨ ਨੇ ਕੁੱਲ 290 ਇਲੈਕਟੋਰਲ ਕਾਲਜ ਵੋਟਾਂ ਜਿੱਤ ਲਈਆਂ ਹਨ, ਜਿਸ ਨਾਲ ਉਨ੍ਹਾਂ ਦੀ ਜਿੱਤ ਨਿਰਧਾਰਿਤ ਹੁੰਦੀ ਹੈ। ਸੂਬੇ ਪੈਨਸਿਲਵੇਨੀਆ ਵਿੱਚ ਮਿਲੀ ਸੱਜਰੀ ਜਿੱਤ ਨਾਲ ਬਾਇਡਨ ਨੂੰ 20 ਹੋਰ ਵੋਟਾਂ ਮਿਲੀਆਂ ਹਨ, ਜਿਸ ਨਾਲ ਊਹ ਵਾਈਟ ਹਾਊਸ ਲਈ ਲੋੜੀਂਦਾ 270 ਦਾ ਕ੍ਰਿਸ਼ਮਈ ਅੰਕੜਾ ਪਾਰ ਕਰ ਗਏ ਹਨ।

ਉਧਰ, ਰਿਪਬਲਿਕਨ ਊਮੀਦਵਾਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨੇ 214 ਵੋਟਾਂ ਜਿੱਤੀਆਂ ਹਨ। ਭਾਵੇਂ ਅਜੇ ਕੁਝ ਸੂਬਿਆਂ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਆਉਣੇ ਅਜੇ ਬਾਕੀ ਹਨ ਪਰ ਬਾਇਡਨ ਨੂੰ ਬਹੁਮਤ ਮਿਲ ਜਾਣ ਕਰਕੇ ਉਹ ਰਾਸ਼ਟਰਪਤੀ ਚੋਣ ਜਿੱਤ ਗਏ ਹਨ। ਵਾਈਟ ਹਾਊਸ ਵਿੱਚ 20 ਜਨਵਰੀ ਨੂੰ ਬਾਇਡਨ ਅਮਰੀਕਾ ਦੇ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ। ਉਦੋਂ ਉਹ 78 ਵਰ੍ਹਿਆਂ ਦੇ ਹੋ ਜਾਣਗੇ।

ਬਾਇਡਨ ਨੇ ਆਪਣੇ ਸੰਬੋਧਨ ਵਿੱਚ ਮੰਨਿਆ ਕਿ ਵੋਟਾਂ ਦੀ ਗਿਣਤੀ ਧੀਮੀ ਗਤੀ ਨਾਲ ਚੱਲ ਰਹੀ ਹੈ ਪ੍ਰੰਤੂ ਊਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਰੇਕ ਵੋਟ ਗਿਣੀ ਜਾਵੇਗੀ ਭਾਵੇਂ ਕੋਈ ਗਿਣਤੀ ਰੋਕਣ ਲਈ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ। ਬਾਇਡਨ ਨੇ ਐਲਾਨ ਕੀਤਾ ਕਿ ਉਹ ਆਪਣੇ ਦਫ਼ਤਰ ਦੇ ਪਹਿਲੇ ਦਿਨ ਕੋਵਿਡ-19 ਮਹਾਮਾਰੀ ਦਾ ਫੈਲਾਅ ਰੋਕਣ ਲਈ ਯੋਜਨਾਵਾਂ ਲੈ ਕੇ ਆਊਣਗੇ।

ਦੂਜੇ ਪਾਸੇ, ਟਰੰਪ ਨੇ ਹਾਲੇ ਹਾਰ ਨਹੀਂ ਸਵੀਕਾਰੀ ਹੈ ਬਲਕਿ ਊਹ ਇੱਥੋਂ ਤੱਕ ਕਹਿ ਰਹੇ ਹਨ ਕਿ ਡੈਮੋਕਰੈਟਿਕ ਉਮੀਦਵਾਰ ਨੂੰ ਜਿੱਤ ਦੇ ਗਲਤ ਦਾਅਵੇ ਨਹੀਂ ਕਰਨੇ ਚਾਹੀਦੇ। ਟਰੰਪ ਨੇ ਚੋਣ ਪ੍ਰਕਿਰਿਆ ‘ਚ ਵੱਡੇ ਪੱਧਰ ‘ਤੇ ਧੋਖਾਧੜੀ ਹੋਣ ਦਾ ਦੋਸ਼ ਲਗਾਉਂਦੇ ਹੋਏ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 7 ਕਰੋੜ 10 ਲੱਖ ਵੈਧ ਵੋਟ ਮਿਲੇ ਹਨ।

  • 98
  •  
  •  
  •  
  •