ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੀ ਪਹਿਲੀ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਨੇ ਕੀਤਾ ਸਮਾਗਮ

ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਦੀ ਅੱਜ ਪਹਿਲੀ ਵਰੇਗੰਢ ਹੈ। ਇਸ ਮੌਕੇ ਦਲ ਖਾਲਸਾ ਵਲੋਂ ਡੇਰਾ ਬਾਬਾ ਨਾਨਕ ਨੇੜੇ ਭਾਰਤ-ਪਾਕਿ ਸਰਹੱਦ ਉੱਤੇ ਸਮਾਗਮ ਕੀਤਾ ਗਿਆ। ਸਮਾਗਮ ਵਿਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਉੱਥੇ ਪਹੁੰਚੇ ਵੱਖ ਵੱਖ ਬੁਲਾਰਿਆਂ ਨੇ ਅਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿਚ ਕਰਤਾਰਪੁਰ ਲਾਂਘਾ ਖੋਲਣ ਲਈ ਭਾਰਤ ਸਰਕਾਰ ਨੂੰ ਸੰਬੋਧਨ ਕਰਦੇ ਪੋਸਟਰ ਵੀ ਲਾਏ ਹੋਏ ਸਨ।

ਦਲ ਖਾਲਸਾ ਦੇ ਬੁਲਾਰੇ ਸ. ਕੰਵਰਪਾਲ ਨੇ ਕਿਹਾ ਕਿ ਜਦੋਂ ਸਭ ਤੋਂ ਪਹਿਲਾਂ ਇਮਰਾਨ ਖਾਨ ਨੇ ਲਾਂਘਾ ਖੋਲਣ ਦਾ ਐਲਾਨ ਕੀਤਾ ਸੀ ਤਾਂ ਭਾਰਤ ਸਰਕਾਰ ਨੂੰ ਮਜ਼ਬੂਰੀ ਵਿਚ ਇਹ ਰਸਤਾ ਖੋਲਣਾ ਪਿਆ। ਪਰ ਹੁਣ ਭਾਰਤ ਸਰਕਾਰ ਨੇ ਕੋਵਿਡ-19 ਦਾ ਬਹਾਨਾ ਲਾ ਕੇ ਲਾਂਘਾ ਫ਼ਿਰ ਬੰਦ ਕਰ ਦਿੱਤਾ ਹੈ। ਭਾਈ ਪਰਮਜੀਤ ਸਿੰਘ ਮੰਡ ਨੇ ਖਾਲਸਾ ਰਾਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜ ਦੀ ਤਾਕਤ ਸਰਵ ਉੱਚ ਹੁੰਦੀ ਹੈ। ਰਾਜ ਦੀ ਤਾਕਤ ਨਾਲ ਹੀ ਇੱਕ ਪਾਸੇ ਮੰਦਰ ਬਣਵਾ ਲਿਆ ਗਿਆ ਤੇ ਦੂਜੇ ਪਾਸੇ ਸੀਮਤ ਜਥਿਆਂ ਨੂੰ ਵੀ ਰੋਕ ਦਿੱਤਾ ਗਿਆ। ਇਸ ਲਈ ਸਾਨੂੰ ਰਾਜ ਦੀ ਤਾਕਤ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉੱਥੇ ਪਹੁੰਚੇ ਹੋਰ ਵੱਖ-ਵੱਖ ਸਿੱਖ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

  • 102
  •  
  •  
  •  
  •