ਪਹਿਲੀ ਵਰ੍ਹੇਗੰਢ ਮੌਕੇ ਹੀ ਬੰਦ ਰਿਹਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ

-ਡਾ. ਕਮਲ ਕਾਹਲੋਂ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ 2019 ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਗਿਆ ਸੀ। ਲਾਂਘਾ ਖੋਲ੍ਹਣ ਦੀ ਰਸਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਇਸ ਮੌਕੇ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਵੀ ਪਹੁੰਚੀਆਂ ਸਨ ਅਤੇ ਉਸ ਦਿਨ 500 ਦੇ ਕਰੀਬ ਰਾਜਨੀਤਕ, ਧਾਰਮਿਕ ਅਤੇ ਹੋਰ ਸ਼ਖ਼ਸੀਅਤਾਂ ਲਾਂਘੇ ਦੇ ਸਮਾਰੋਹ ‘ਚ ਹਾਜ਼ਰ ਹੋਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਪਹੁੰਚੀਆਂ ਸਨ।

9 ਨਵੰਬਰ ਨੂੰ ਖੁੱਲ੍ਹੇ ਇਸ ਲਾਂਘੇ ਦੀ ਯਾਤਰਾ ਕੇਵਲ 128 ਦਿਨ ਹੀ ਚੱਲ ਸਕੀ ਅਤੇ ਕੋਵਿਡ-19 ਮਹਾਂਮਾਰੀ ਕਾਰਨ ਭਾਰਤ ਸਰਕਾਰ ਨੇ ਇਸ ਨੂੰ 16 ਮਾਰਚ 2020 ਨੂੰ ਬੰਦ ਕਰ ਦਿੱਤਾ ਸੀ। ਉਸ ਸਮੇਂ ਇਕ ਮਹੀਨੇ ਲਈ ਬੰਦ ਕੀਤਾ ਗਿਆ ਸੀ ਪ੍ਰੰਤੂ ਭਿਆਨਕ ਬਿਮਾਰੀ ਦੇ ਚਲਦਿਆਂ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਲਾਂਘਾ ਖੁੱਲ੍ਹਣ ਦਾ ਪੂਰਾ ਇਕ ਸਾਲ ਹੋ ਗਿਆ ਹੈ ਅਤੇ ਪਹਿਲੀ ਵਰ੍ਹੇਗੰਢ ਮੌਕੇ ਹੀ ਬੰਦ ਰਹਿਣ ਕਾਰਨ ਸਿੱਖ ਸੰਗਤ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਂਘਾ ਖੁੱਲ੍ ਜਾਣ ਦੀ ਪੂਰੀ ਉਮੀਦ ਸੀ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਧਾਰਮਿਕ ਅਸਥਾਨ ਖੁੱਲ੍ਹ ਚੁੱਕੇ ਹਨ ਪ੍ਰੰਤੂ ਭਾਰਤ ਸਰਕਾਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਜੇ ਤੱਕ ਕਿਉਂ ਨਹੀਂ ਖੋਲ੍ਹਿਆ? ਦੱਸਣਯੋਗ ਹੈ ਕਿ ਪਾਕਿਸਤਾਨ ਨੇ ਮਹੀਨਾ ਕੁ ਪਹਿਲਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਪਾਸੇ ਤੋਂ ਖੋਲ੍ਹ ਦਿੱਤਾ ਸੀ ਅਤੇ ਭਾਰਤ ਨੂੰ ਵੀ ਖੋਲ੍ਹਣ ਦੀ ਅਪੀਲ ਕੀਤੀ ਸੀ।

ਟਰਮੀਨਲ ਦਾ ਕੰਮ ਹੋ ਚੁੱਕਾ ਹੈ ਪੂਰਾ

9 ਨਵੰਬਰ 2019 ਨੂੰ ਕਾਹਲੀ ਨਾਲ ਖੋਲ੍ਹੇ ਲਾਂਘੇ ਦੌਰਾਨ ਟਰਮੀਨਲ ਅੰਦਰ ਬਹੁਤ ਸਾਰਾ ਕੰਮ ਅਧੂਰਾ ਰਹਿ ਗਿਆ ਸੀ, ਜੋ ਹੁਣ ਸਰਕਾਰ ਵਲੋਂ ਪੂਰਾ ਕਰ ਲਿਆ ਗਿਆ ਹੈ। ਪਾਰਕਿੰਗ ਵਿਚ ਮਹਾਨ ਯੋਧਿਆਂ ਨਾਲ ਸਬੰਧਤ ਬੁੱਤ ਲਗਾ ਦਿੱਤੇ ਗਏ ਹਨ। ਚਾਹ-ਪਾਣੀ ਲਈ ਕੰਟੀਨਾਂ ਵੀ ਬਣਾ ਦਿੱਤੀਆਂ ਗਈਆਂ ਹਨ।

9 ਨਵੰਬਰ 2019 ਤੋਂ 15 ਮਾਰਚ 2020 ਤੱਕ 62774 ਸ਼ਰਧਾਲੂਆਂ ਨੇ ਕੀਤੇ ਦਰਸ਼ਨ

9 ਨਵੰਬਰ 2019 ਨੂੰ ਰਸਮੀ ਉਦਘਾਟਨ ਮੌਕੇ 500 ਸ਼ਰਧਾਲੂ ਪਾਕਿਸਤਾਨ ਗਏ ਸਨ ਅਤੇ ਉਸ ਤੋਂ ਬਾਅਦ ਕੋਵਿਡ-19 ਕਾਰਨ 15 ਮਾਰਚ 2020 ਨੂੰ ਬੰਦ ਕੀਤੇ ਲਾਂਘੇ ਦੇ 128 ਦਿਨਾਂ ਦਰਮਿਆਨ 62774 ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ। ਇਹ ਚਾਰ ਮਹੀਨੇ ਅਤੇ 6 ਦਿਨਾਂ ‘ਚ ਵੱਧ ਤੋਂ ਵੱਧ ਇਕ ਦਿਨ ਵਿਚ 1992 ਸ਼ਰਧਾਲੂ ਯਾਤਰਾ ਕਰਨ ਪਹੁੰਚੇ।

ਸ਼ਰਧਾਲੂਆਂ ਦੀ ਘੱਟ ਗਿਣਤੀ ਤੋਂ ਗੁਰਦੁਆਰਾ ਪਾਕਿ ਕਮੇਟੀ ਰਹੀ ਨਿਰਾਸ਼

ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਵਿਚ ਹੋਏ ਸਮਝੌਤੇ ਵਿਚ ਇਕ ਦਿਨ ਵਿਚ 5 ਹਜ਼ਾਰ ਸ਼ਰਧਾਲੂ ਜਾ ਸਕਦੇ ਸਨ ਪ੍ਰੰਤੂ ਇਹ ਅੰਕੜਾ ਇਕ ਦਿਨ ਵੀ 5 ਹਜ਼ਾਰ ਦੀ ਗਿਣਤੀ ਤੱਕ ਨਾ ਪਹੁੰਚ ਸਕਿਆ। ਇਸ ਦਾ ਕਾਰਨ ਭਾਰਤ-ਪਾਕਿ ਦਰਮਿਆਨ ਸਮੇਂ-ਸਮੇਂ ‘ਤੇ ਆਪਸੀ ਸਬੰਧਾਂ ਵਿਚ ਆਉਂਦੇ ਉਤਰਾਅ-ਚੜ੍ਹਾਅ ਨੂੰ ਵੀ ਸਮਝਿਆ ਜਾਂਦਾ ਰਿਹਾ ਹੈ।

ਦਰਸ਼ਨ ਸਥੱਲ ‘ਤੇ ਰਹੀ ਰੌਣਕ

ਕੋਵਿਡ-19 ਕਾਰਨ ਭਾਵੇਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਪ੍ਰੰਤੂ ਸਰਹੱਦ ‘ਤੇ ਬਣੇ ਦਰਸ਼ਨ ਸਥੱਲ ‘ਤੇ ਆਮ ਵਾਂਗ ਹੀ ਸ਼ਰਧਾਲੂ ਆਉਂਦੇ ਰਹੇ ਅਤੇ ਉੱਥੇ ਖੜ੍ਹੇ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹੇ। ਇਹ ਵੀ ਦੱਸ ਦਈਏ ਕੇ ਇਹ ਦਰਸ਼ਨ ਸਥੱਲ ਗੁਰਦੁਆਰਾ ਸ੍ਰੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਪ੍ਰਧਾਨ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ‘ਚ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਹੀ ਇਸ ਲਾਂਘੇ ਨੂੰ ਖੋਲ੍ਹਣ ਲਈ ਇਸ ਦਰਸ਼ਨ ਸਥੱਲ ‘ਤੇ ਅਰਦਾਸਾਂ ਕੀਤੀਆਂ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਇਸ ਸੰਸਥਾ ਦੇ ਅਹੁਦੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਗੁਰਿੰਦਰ ਸਿੰਘ ਬਾਜਵਾ, ਜਸਬੀਰ ਸਿੰਘ ਜਫਰਵਾਲ ਆਦਿ ਵੱਲੋਂ ਲਾਂਘੇ ਸਬੰਧੀ ਕੋਸ਼ਿਸ਼ਾਂ ਜਾਰੀ ਰੱਖੀਆਂ ਗਈਆਂ। ਲਗਪਗ 18 ਸਾਲ ਤੱਕ ਅਰਦਾਸ ਮੁਹਿੰਮ ਚਲਾਈ ਗਈ, ਜਿਸ ਨੂੰ 2019 ਵਿਚ ਬੂਰ ਪਿਆ ਸੀ।

  • 95
  •  
  •  
  •  
  •