ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਲਈ ਮੁੜ ਸੱਦਾ, ਮੀਟਿੰਗ ਲਈ 13 ਨਵੰਬਰ ਦਾ ਦਿਨ ਕੀਤਾ ਤੈਅ

ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਪੰਜਾਬ ‘ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਅਜਿਹੇ ‘ਚ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਰੀਬ ਇਕ ਮਹੀਨੇ ਬਾਅਦ ਮੁੜ ਗੱਲਬਾਤ ਦਾ ਸੱਦਾ ਦੇ ਦਿੱਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਕਿਸਾਨ ਲੀਡਰਾਂ ਨਾਲ 13 ਨਵੰਬਰ ਨੂੰ ਮੀਟਿੰਗ ਤੈਅ ਹੋਈ ਹੈ। ਇਸ ਮੀਟਿੰਗ ‘ਚ ਪਰ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਸ਼ਾਮਲ ਹੋਣ ਜਾਂ ਨਾ ਹੋਣ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਹੋ ਸਕਿਆ।

ਉਧਰ 31 ਕਿਸਾਨ ਯੂਨੀਅਨਾਂ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂ ਡਾ. ਦਰਸ਼ਨ ਪਾਲ ਦਾ ਕਹਿਣਾ ਹੈ ਕਿ ਅਜੇ ਤਕ ਮੀਟਿੰਗ ਸਬੰਧੀ ਲਿਖਤੀ ਸੱਦਾ ਅਤੇ ਏਜੰਡਾ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਗੱਲਬਾਤ ਲਈ ਸੱਦਾ ਮਿਲਣ ਤੋਂ ਬਾਅਦ ਕਿਸਾਨ ਆਗੂ ਆਪਣੀ ਮੀਟਿੰਗ ਕਰਨਗੇ। ਡਾ. ਦਰਸ਼ਨ ਪਾਲ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਗੱਲਬਾਤ ਲਈ ਰਾਜ਼ੀ ਹੈ ਤਾਂ ਤੁਰੰਤ ਰੇਲ ਗੱਡੀਆਂ ਚਾਲੂ ਕੀਤੀਆਂ ਜਾਣ।

ਯਾਦ ਰਹੇ ਕਿ ਦੇਸ਼ ਦੀਆਂ ਸਮੂਹ ਕਿਸਾਨ ਯੂਨੀਅਨਾਂ ਨੇ ਕੌਮੀ ਪੱਧਰ ‘ਤੇ ਸੰਘਰਸ਼ ਭਖਾਉਣ ਲਈ ਕਿਸਾਨਾਂ ਨੂੰ 26 ਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਅਹਿਮ ਗੱਲ ਹੈ ਕਿ ਦਿੱਲੀ ਸਰਕਾਰ ਨੇ ਕਿਸਾਨਾਂ ਵੱਲੋਂ 26 ਤੇ 27 ਨਵੰਬਰ ਨੂੰ ਜਨਤਕ ਸਮਾਗਮ ਕਰਨ ਲਈ ਮਨਜ਼ੂਰੀ ਨਹੀਂ ਦਿੱਤੀ ਅਤੇ ਕਿਸਾਨ ਆਗੂਆਂ ਦੀ ਮਨਜ਼ੂਰੀ ਲਈ ਦਿੱਤੀ ਅਰਜ਼ੀ ਰੱਦ ਕਰ ਦਿੱਤੀ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਕੇਂਦਰ ਵੱਲੋਂ ਦੋ ਵਾਰ ਕਿਸਾਨ ਲੀਡਰਾਂ ਨੂੰ ਗੱਲਬਾਤ ਲਈ ਸੱਦਿਆ ਗਿਆ ਸੀ ਪਰ ਦੋਵੇਂ ਵਾਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਅਜਿਹੇ ‘ਚ 13 ਨਵੰਬਰ ਨੂੰ ਰੱਖੀ ਗੱਲਬਾਤ ਨਾਲ ਕੋਈ ਹੱਲ ਨਿੱਕਲਦਾ ਜਾਂ ਨਹੀਂ ਇਹ ਸਮਾਂ ਹੀ ਦੱਸੇਗਾ। ਪਰ ਕਿਸਾਨ ਇਸ ਗੱਲ ‘ਤੇ ਡਟੇ ਹੋਏ ਹਨ ਕਿ ਜਿੰਨ੍ਹਾਂ ਚਿਰ ਕੇਂਦਰ ਵੱਲੋਂ ਜਾਰੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

  •  
  •  
  •  
  •  
  •