ਪਾਕਿ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੀ ਪਹਿਲੀ ਵਰ੍ਹੇਗੰਢ ਭਾਰੀ ਉਤਸ਼ਾਹ ਨਾਲ ਮਨਾਈ

ਅੰਮ੍ਰਿਤਸਰ: ਭਾਰਤ ਤੇ ਪਾਕਿਸਤਾਨ ਵੱਲੋਂ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ਦੇ ਸੰਬੰਧ ਵਿਚ ਜਿੱਥੇ ਇੱਧਰ ਦਲ ਖ਼ਾਲਸਾ ਵੱਲੋਂ ਸਮਾਗਮ ਕੀਤੇ ਗਏ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵਿਚ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੀ ਪਹਿਲੀ ਵਰ੍ਹੇਗੰਢ ਭਾਰੀ ਉਤਸ਼ਾਹ ਨਾਲ ਮਨਾਈ ਗਈ। ਭਾਰਤ ਵਾਲੇ ਪਾਸੋਂ ਤੋਂ ਲਾਂਘਾ ਨਾ ਖੋਲ੍ਹਣ ਕਾਰਨ ਇਧਰਲੀ ਸਿੱਖ ਸੰਗਤ ਉੱਥੇ ਸ਼ਮੂਲੀਅਤ ਨਾ ਕਰ ਸਕੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ.) ਤੇ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ ‘ਤੇ ਮਨਾਏ ਗਏ ਇਸ ਦਿਹਾੜੇ ਦੀ ਸ਼ੁਰੂਆਤ ਹਵਾ ‘ਚ ਕਬੂਤਰ ਅਤੇ ਗੁਬਾਰੇ ਉਡਾ ਕੇ ਕੀਤੀ ਗਈ। ਇਸ ਉਪਰੰਤ ਕੇਕ ਵੀ ਕੱਟਿਆ ਗਿਆ।

ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕਰਾਏ ਸੈਮੀਨਾਰ ‘ਚ ਲਾਂਘੇ ਦੀ ਉਸਾਰੀ ਕਰਨ ਵਾਲੇ ਇੰਜੀਨੀਅਰਾਂ, ਬਿਜਲੀ ਦਾ ਕੰਮ ਕਰਨ ਵਾਲੇ, ਸੰਗਮਰਮਰ ਦੀ ਉਸਾਰੀ ਕਰਨ ਵਾਲੇ, ਆਰਕੀਟੈਕਟ, ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਤੇ ਉਸਾਰੀ ਨਾਲ ਸਬੰਧਿਤ ਹੋਰ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਨੇ ਲਾਂਘੇ ਬਾਰੇ ਆਪਣੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਲਾਂਘੇ ਦੀ ਜਿਸ ਉਸਾਰੀ ਨੂੰ ਤਿੰਨ ਸਾਲ ‘ਚ ਵੀ ਮੁਕੰਮਲ ਕਰਨਾ ਸੰਭਵ ਨਹੀਂ ਸੀ, ਉਹ ‘ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ’ ਪ੍ਰੋਜੈਕਟ ਅਧੀਨ ਫ਼ਰੰਟੀਅਰ ਵਰਕਸ ਐਸੋਸੀਏਸ਼ਨ (ਐਫ.ਡਬਲਿਊ.ਓ.), ਐਮ.ਕੇ.ਬੀ. ਤੇ ਹੋਰਨਾਂ ਦੇ ਸਹਿਯੋਗ ਨਾਲ ਸਿਰਫ਼ 11 ਮਹੀਨਿਆਂ ‘ਚ ਮੁਕੰਮਲ ਕੀਤੀ ਗਈ ਹੈ।

ਸੈਮੀਨਾਰ ‘ਚ ਸ੍ਰੀ ਨਨਕਾਣਾ ਸਾਹਿਬ, ਸ਼ੇਖੂਪੁਰਾ, ਲਾਹੌਰ, ਸਿਆਲਕੋਟ, ਨਾਰੋਵਾਲ, ਪਿਸ਼ਾਵਰ, ਹਸਨ ਅਬਦਾਲ ਤੇ ਹੋਰਨਾਂ ਪਾਕਿਸਤਾਨੀ ਸ਼ਹਿਰਾਂ ਤੋਂ 500 ਦੇ ਲਗਪਗ ਸੰਗਤ, ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੇ ਪਾਕਿ ਮੀਡੀਆ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਗਏ।

ਸੈਮੀਨਾਰ ‘ਚ ਸੰਬੋਧਨ ਦੌਰਾਨ ਈ.ਟੀ.ਪੀ.ਬੀ. ਦੇ ਸਕੱਤਰ ਤਾਰਿਕ ਵਜੀਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਦੇਸ਼ਾਂ ਦੀ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਨਸਾਨਾਂ ਨੂੰ ਮਿਲਾਉਣ ਤੇ ਅਮਨ-ਭਾਈਚਾਰਾ ਕਾਇਮ ਕਰਨ ਦਾ ਸੁਨੇਹਾ ਦਿੱਤਾ ਹੈ। ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਰੂਪ ‘ਚ ਪਾਕਿ ਸਰਕਾਰ ਨੇ ਸਮੁੱਚੇ ਸਿੱਖ ਜਗਤ ਨੂੰ ਇਕ ਅਮੁਲ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤੀ ਸ਼ਰਧਾਲੂਆਂ ਲਈ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ।

  • 308
  •  
  •  
  •  
  •