ਲਾਹੌਰ: ਮਸਜਿਦ ਦੀ ਖੁਦਾਈ ਦੌਰਾਨ ਸਿੱਖ ਰਾਜ ਸਮੇਂ ਦਾ ਤੋਸ਼ਾਖਾਨਾ ਮਿਲਿਆ

ਅੰਮ੍ਰਿਤਸਰ ਸਾਹਿਬ (ਸੁਰਿੰਦਰ ਕੋਛੜ): ਲਾਹੌਰ ਦੇ ਵਿਸ਼ਵ ਪ੍ਰਸਿੱਧ ਸ਼ਾਹੀ ਕਿਲ੍ਹੇ ਦੇ ਅੰਦਰ 17ਵੀਂ ਸਦੀ ਦੀ ਪੁਰਾਣੀ ਮੋਤੀ ਮਸਜਿਦ ਦੀ ਖੁਦਾਈ ਦੌਰਾਨ ਉਸ ਹੇਠੋਂ ਸਿੱਖ ਰਾਜ ਸਮੇਂ ਦਾ ਤੋਸ਼ਾਖਾਨਾ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿਲ੍ਹੇ ਅੰਦਰ ਮੌਜੂਦਾ ਉਕਤ ਮਸਜਿਦ ‘ਚ ਵਾਲਡ ਸਿਟੀ ਲਾਹੌਰ ਅਥਾਰਿਟੀ ਦੁਆਰਾ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਹ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਅਤੇ ਗੁਰਦੁਆਰਾ ਡੇਹਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਹੈ।

ਦੱਸਣਯੋਗ ਹੈ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਲਾਹੌਰ ਦੇ ਉਕਤ ਸ਼ਾਹੀ ਕਿਲ੍ਹੇ ‘ਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ ਸੀ। ਉਨ੍ਹਾਂ ਦੇ ਬਾਅਦ ਸ਼ਾਹ ਜਹਾਨ ਨੇ ਵੀ ਇਸ ਮਸਜਿਦ ਦੇ ਕੁਝ ਹਿੱਸੇ ਦੀ ਉਸਾਰੀ ਕਰਵਾਈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ‘ਤੇ ਆਪਣਾ ਅਧਿਕਾਰ ਕਾਇਮ ਕਰਨ ਤੋਂ ਬਾਅਦ ਉਨ੍ਹਾਂ ਸ਼ਾਹੀ ਕਿਲ੍ਹੇ ‘ਚ ਕਈ ਨਿਰਮਾਣ ਕਾਰਜ ਕਰਵਾਏ ਅਤੇ ਕਈ ਨਵੇਂ ਸਮਾਰਕਾਂ ਦੀ ਉਸਾਰੀ ਕਰਵਾਈ। ਉਸੇ ਦੌਰਾਨ ਉਕਤ ਮਸਜਿਦ ਨੂੰ ਮੰਦਰ ਦਾ ਰੂਪ ਦੇ ਦਿੱਤਾ ਗਿਆ। ਸ਼ੇਰ-ਏ-ਪੰਜਾਬ ਨੇ ਮੋਤੀ ਮੰਦਰ ‘ਚ ਤਬਦੀਲ ਕੀਤੀ ਮੋਤੀ ਮਸਜਿਦ ਨੂੰ ਸਿੱਖ ਰਾਜ ਦੇ ਖਜ਼ਾਨਾ ਸਥਾਨ ਭਾਵ ਤੋਸ਼ਾਖਾਨਾ ਵਜੋਂ ਚੁਣਿਆ।

ਦੱਸਿਆ ਜਾ ਰਿਹਾ ਹੈ ਕਿ ਸੰਨ 1849 ‘ਚ ਜਦੋਂ ਸ਼ਾਹੀ ਕਿਲ੍ਹਾ ਅੰਗਰੇਜ਼ਾਂ ਦੇ ਕਬਜ਼ੇ ਹੇਠ ਆ ਗਿਆ ਤਾਂ ਮੋਤੀ ਮਸਜਿਦ ਬਨਾਮ ਮੋਤੀ ਮੰਦਰ ਦੇ ਪਾਸ ਕੀਤੀ ਖੁਦਾਈ ‘ਚ ਉਨ੍ਹਾਂ ਨੂੰ ਕਈ ਕੀਮਤੀ ਮੋਤੀ, ਹੀਰੇ ਅਤੇ ਗਹਿਣੇ ਮਿਲੇ ਸਨ। ਵਾਲਡ ਸਿਟੀ ਲਾਹੌਰ ਅਥਾਰਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਸਜਿਦ ਦੇ ਬਰਾਂਮਦੇ ‘ਚ ਜਿਸ ਜਗ੍ਹਾ ਤੋਂ ਸਿੱਖ ਰਾਜ ਦਾ ਉਕਤ ਤੋਸ਼ਾਖਾਨਾ ਮਿਲਿਆ ਹੈ, ਉੱਥੇ ਕਈ ਕਮਰੇ ਬਣੇ ਹੋਏ ਹਨ। ਨਾਨਕਸ਼ਾਹੀ ਇੱਟਾਂ ਨਾਲ ਬਣੇ ਇਨ੍ਹਾਂ ਕਮਰਿਆਂ ਦੀਆਂ ਦੀਵਾਰਾਂ ਚਾਰ ਫੁੱਟ ਤੋਂ ਵੀ ਵਧੇਰੇ ਚੌੜੀਆਂ ਹਨ। ਇਨ੍ਹਾਂ ਕਮਰਿਆਂ ਦੇ ਉਪਰ ਪੱਕਾ ਫ਼ਰਸ਼ ਪਿਆ ਹੋਣ ਕਰਕੇ ਅਜੇ ਤੱਕ ਇਨ੍ਹਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਅਧਿਕਾਰੀਆਂ ਅਨੁਸਾਰ ਫਿਲਹਾਲ ਆਮ ਯਾਤਰੂਆਂ ਦੇ ਉੱਥੇ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉੱਥੇ ਖੁਦਾਈ ਕਰਨ ‘ਤੇ ਤੋਸ਼ਾਖਾਨਾ ਨਾਲ ਸਬੰਧਤ ਕਈ ਹੋਰ ਨਵੀਆਂ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।

  • 622
  •  
  •  
  •  
  •