ਬਿਹਾਰ ਚੋਣਾਂ ਵਿਚ ਜੇਤੂ 68% ਵਿਧਾਇਕਾਂ ਖਿਲਾਫ਼ ਦਰਜ ਨੇ ਅਪਰਾਧਿਕ ਮਾਮਲੇ

ਬਿਹਾਰ ਵਿਧਾਨ ਸਭਾ ਚੋਣਾਂ ’ਚ ਜਿੱਤੇ 241 ’ਚੋਂ 163 (68 ਫ਼ੀਸਦੀ) ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹਨ। ਇਨ੍ਹਾਂ ਵਿਧਾਇਕਾਂ ਨੇ ਚੋਣ ਹਲਫ਼ਨਾਮਿਆਂ ’ਚ ਇਹ ਜਾਣਕਾਰੀ ਦਿੱਤੀ ਹੈ। ਹਲਫ਼ਨਾਮਿਆਂ ਦੇ ਅਧਿਐਨ ਮੁਤਾਬਕ 123 ਵਿਧਾਇਕਾਂ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼, ਅਗਵਾ ਅਤੇ ਮਹਿਲਾਵਾਂ ਖ਼ਿਲਾਫ਼ ਜੁਰਮਾਂ ਸਮੇਤ ਕਈ ਹੋਰ ਗੰਭੀਰ ਕੇਸ ਬਕਾਇਆ ਹਨ।

ਬਿਹਾਰ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਮੁਤਾਬਕ ਆਰਜੇਡੀ ਦੇ ਸਭ ਤੋਂ ਜ਼ਿਆਦਾ ਕਰੀਬ 73 ਫ਼ੀਸਦ ਵਿਧਾਇਕ ਕੇਸਾਂ ’ਚ ਫਸੇ ਹੋਏ ਹਨ। 2015 ਦੀਆਂ ਵਿਧਾਨ ਸਭਾ ਚੋਣਾਂ ’ਚ ਗੰਭੀਰ ਕੇਸਾਂ ਵਾਲੇ 142 ਵਿਧਾਇਕ ਚੋਣ ਜਿੱਤੇ ਸਨ। ਚੋਣ ਜਿੱਤੇ 123 ਵਿਧਾਇਕਾਂ ’ਚੋਂ 19 ਖ਼ਿਲਾਫ਼ ਹੱਤਿਆ, 31 ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ 8 ਖ਼ਿਲਾਫ਼ ਮਹਿਲਾਵਾਂ ਨਾਲ ਜ਼ਿਆਦਤੀਆਂ ਦੇ ਕੇਸ ਦਰਜ ਹਨ।

ਤੇਜਸਵੀ ਯਾਦਵ ਦੀ ਅਗਵਾਈ ਹੇਠਲੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ 74 ’ਚੋਂ 54 ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸ ਬਕਾਇਆ ਪਏ ਹਨ। ਭਾਜਪਾ ਦੇ 73 ’ਚੋਂ 47, ਜਨਤਾ ਦਲ (ਯੂ) ਦੇ 43 ’ਚੋਂ 20, ਕਾਂਗਰਸ ਦੇ 19 ’ਚੋਂ 16, ਸੀਪੀਆਈ-ਐੱਮਐੱਲ ਲਿਬਰੇਸ਼ਨ ਦੇ 12 ’ਚੋਂ 10 ਅਤੇ ਏਆਈਐੱਮਆਈਐੱਮ ਦੇ ਸਾਰੇ ਪੰਜ ਵਿਧਾਇਕਾਂ ਖ਼ਿਲਾਫ਼ ਅਪਰਾਧਿਕ ਕੇਸ ਬਕਾਇਆ ਹਨ।

  • 89
  •  
  •  
  •  
  •