31 ਪ੍ਰਸਿੱਧ ਚਿੱਤਰਕਾਰਾਂ ਨੇ ਚਿਤਰਿਆ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੇ ਕੁਰਬਾਨੀਆਂ ਭਰਿਆ ਇਤਿਹਾਸ

ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਚੱਲ ਰਹੀ ਚਿੱਤਰਕਲਾ ਕਾਰਜਸ਼ਾਲਾ ਦੌਰਾਨ ਪੰਜਾਬ ਤੇ ਚੰਡੀਗੜ੍ਹ ਦੇ 31 ਪ੍ਰਸਿੱਧ ਚਿੱਤਰਕਾਰਾਂ ਵਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨੂੰ ਰੂਪਮਾਨ ਕਰਦੇ ਬਣਾਏ ਗਏ ਭਾਵਪੂਰਤ ਚਿੱਤਰ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਲਈ ਪ੍ਰਦਰਸ਼ਿਤ ਕੀਤੇ ਜਾਣਗੇ।

ਇਸ ਨਿਵੇਕਲੀ ਚਿੱਤਰਕਲਾ ਕਾਰਜਸ਼ਾਲਾ ਦੇ ਆਖਰੀ ਦਿਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਹੋਰ ਅਹੁਦੇਦਾਰ ਵੀ ਮੌਕੇ ‘ਤੇ ਪੁੱਜੇ ਤੇ ਵੱਖ- ਵੱਖ ਕਲਾਕਾਰਾਂ ਵਲੋਂ ਤਿਆਰ ਕੀਤੇ ਚਿੱਤਰਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਇਸ ਦੀਆਂ ਕੌਮ ਪ੍ਰਤੀ ਪ੍ਰਾਪਤੀਆਂ ਵੀ ਵੱਡੀਆਂ ਹਨ। ਉਨ੍ਹਾਂ ਕਿਹਾ ਕਿ ਸੌ ਸਾਲਾ ਸਥਾਪਨਾ ਦਿਵਸ ਮੌਕੇ ਇਨ੍ਹਾਂ ਚਿੱਤਰਕਾਰਾਂ ਵੱਲੋਂ ਤਿਆਰ ਕੀਤੀਆਂ ਤਸਵੀਰਾਂ ਦੀ ਚਿੱਤਰ ਪ੍ਰਦਰਸ਼ਨੀ ਸੰਗਤ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਉਨ੍ਹਾਂ ਆਖਿਆ ਕਿ ਇਤਿਹਾਸਕ ਘਟਨਾਵਾਂ ਨੂੰ ਤਰੀਕ ਅਤੇ ਸਾਲ ਮੁਤਾਬਿਕ ਚਿੱਤਰਾਂ ਵਿਚ ਢਾਲਣਾ ਚਿੱਤਰਕਾਰਾਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਹਿਲੀ ਵਾਰ ਇਹ ਉਪਰਾਲਾ ਕੀਤਾ ਗਿਆ। ਇਸ ਦੌਰਾਨ ਭਾਈ ਲੌਂਗੋਵਾਲ ਨੇ ਪੰਜ ਵਧੀਆ ਚਿੱਤਰਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ।

  • 76
  •  
  •  
  •  
  •