ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ ਲੇਖ- ਬਾਬਾ ਦੀਪ ਸਿੰਘ ਜੀ

-ਧਰਮਿੰਦਰ ਸਿੰਘ ਚੱਬਾ

ਸ਼ਹੀਦ ਸ਼ਬਦ ਅਰਬੀ ਭਾਸ਼ਾ ਦਾ ਹੈ ਤੇ ਸਿੱਖਾਂ ਨੇ ਸਿੱਖ ਪੰਥ ਦੀ ਆਨ-ਸ਼ਾਨ ਬਰਕਰਾਰ ਰੱਖਣ ਲਈ ਆਪਣੇ ਸਤਿਗੁਰੂ ਦੇ ਹੁਕਮ ‘ਤੇ ਹੱਸ-ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਇਹ ਸਾਕੇ, ਘੱਲੂਘਾਰੇ ਸਿੱਖ ਕੌਮ ‘ਤੇ ਹੀ ਵਾਪਰੇ ਹਨ ਫਿਰ ਵੀ ਸਿੱਖ ਸਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਕਰਦਾ ਹੈ ਤੇ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਭਗਤ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1365 ਉੱਪਰ ਫੁਰਮਾਉਂਦੇ ਹਨ:

ਕਬੀਰ ਜਿਸੁ ਮਰਨੇ ਤੇ ਜਗੁ ਡਰੈ, ਮੇਰੇ ਮਨਿ ਆਨੰਦ। ।
ਮਰਨੇ ਹੀ ਤੇ ਪਾਈਐ, ਪੂਰਨੁ ਪਰਮਾਨੰਦੁ। ।

ਜੀਵਨ ਦੇ ਵਿਜੇਤਾ ਬਣਨ ਲਈ ਗੁਰੂ ਨਾਨਕ ਸਾਹਿਬ ਨੇ ‘ਸਿਰ ਦੀਜੈ ਕਾਣਿ ਨ ਕੀਜੈ’ ਦੀ ਤਾਕੀਦ ਕੀਤੀ ਹੈ। ਸੂਰਮਾ ਉਹ ਹੈ ਜੋ ਮੁੱਖ ਨਹੀ ਮੋੜਦਾ, ਸੁੱਚੇ ਆਦਰਸ਼ ਲਈ ਨਿਧੜਕ ਹੋ ਕੇ ਜੂਝ ਮਰਦਾ ਹੈ। ਐਸੇ ਮਹਾਨ ਸੂਰਬੀਰ ਯੋਧੇ ਸਨ ਬਾਬਾ ਦੀਪ ਸਿੰਘ ਜੀ।

ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈਸਵੀ (14 ਮਾਘ 1739 ਬਿਕਰਮੀ) ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤਾ ਸੰਧੂ ਦੇ ਗ੍ਰਹਿ ਪਿੰਡ ਪਹੂਵਿੰਡ, ਤਹਿਸੀਲ ਪੱਟੀ (ਜ਼ਿਲ੍ਹਾ ਅੰਮ੍ਰਿਤਸਰ) ਹੁਣ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਚਾਹਤ ਪ੍ਰਬਲ ਹੋਈ ਤਾਂ ਸੰਗਤ ਸਮੇਤ ਭਾਈ ਦੀਪਾ ਜੀ ਵੀ ਕਈ ਦਿਨ ਪੈਦਲ ਯਾਤਰਾ ਕਰ ਕੇ ਜਥੇ ਸਮੇਤ ਸ੍ਰੀ ਅਨੰਦਪੁਰ ਸਾਹਿਬ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਦੀਦਾਰੇ ਕਰ ਕੇ ਸੰਗਤਾਂ ਨਿਹਾਲ ਹੋਈਆਂ ਤੇ ਗੁਰੂ ਜੀ ਦੀ ਪ੍ਰੇਰਨਾ ਸਦਕਾ ਸਭ ਨੇ ਕਲਗੀਧਰ ਪਾਤਸ਼ਾਹ ਜੀ ਪਾਸੋਂ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕੀਤੀ। ਭਾਈ ਦੀਪਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿ ਕੇ ਗੁਰਮੁਖੀ, ਫ਼ਾਰਸੀ ਤੇ ਅਰਬੀ ਭਾਸ਼ਾ ਵਿਚ ਨਿਪੁੰਨਤਾ ਹਾਸਲ ਕੀਤੀ ਤੇ ਇਥੇ ਹੀ ਆਪ ਨੇ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ਦੀ ਮੁਹਾਰਤ ਹਾਸਲ ਕੀਤੀ। ਆਪ ਗੁਰੂ ਗੋਬਿੰਦ ਸਿੰਘ ਜੀ ਪਾਸ ਪੰਜ ਸਾਲ ਰਹੇ।

ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਦ ਸਾਬ੍ਹੋਂ ਕੀ ਤਲਵੰਡੀ ਜ਼ਿਲ੍ਹਾ ਬਠਿੰਡਾ ਪੁੱਜੇ ਤਾਂ ਇਥੇ ਗੁਰੂ ਜੀ ਨੇ ਕਈ ਚਿਰਾਂ ਦਾ ਕਮਰਕੱਸਾ ਖੋਲ੍ਹਿਆ ਤੇ ਦਮ ਲਿਆ ਤਾਂ ਇਸ ਅਸਥਾਨ ਦਾ ਨਾਂ ‘ਦਮਦਮਾ ਸਾਹਿਬ’ ਪ੍ਰਸਿੱਧ ਹੋਇਆ। ਆਪ ਜੀ ਇਥੇ ਨੌਂ ਮਹੀਨੇ ਤੇ ਕੁਝ ਦਿਨ ਰਹੇ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੁਕੰਮਲ ਕਰਨ ਵੱਲ ਧਿਆਨ ਦਿੱਤਾ ਗਿਆ। ਭਾਈ ਮਨੀ ਸਿੰਘ ਜੀ ਪਾਸੋਂ ਬੀੜ ਲਿਖਵਾਉਣੀ ਸ਼ੁਰੂ ਕੀਤੀ ਗਈ ਤੇ ਬਾਬਾ ਦੀਪ ਸਿੰਘ ਜੀ ਲਿਖਣ ਦੇ ਸਾਰੇ ਸਮਾਨ ਦਾ ਪ੍ਰਬੰਧ ਕਰਨ ਲੱਗੇ। ਬਾਅਦ ਵਿਚ ਬਾਬਾ ਜੀ ਨੇ ਆਪਣੇ ਹੱਥੀਂ ਚਾਰ ਬੀੜਾਂ ਦਾ ਉਤਾਰਾ ਕੀਤਾ, ਜੋ ਚਾਰ ਤਖ਼ਤਾਂ ‘ਤੇ ਸੁਸ਼ੋਭਿਤ ਹਨ।

ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੰਗਾਂ-ਯੁੱਧਾਂ ਵਿਚ ਭਰਪੂਰ ਸਾਥ ਦਿੱਤਾ। ਖ਼ਾਲਸਾ ਪੰਥ ਵੱਲੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ 12 ਮਿਸਲਾਂ ਵਿਚ ਵੰਡਿਆ ਗਿਆ, ਜਿਸ ਦੇ 12 ਮੁੱਖ ਜਥੇਦਾਰ ਥਾਪੇ ਗਏ, ਜਿਨ੍ਹਾਂ ਵਿੱਚੋਂ ਇਕ ਮਿਸਲ ਦਾ ਨਾਂ ‘ਸ਼ਹੀਦਾਂ ਦੀ ਮਿਸਲ’ ਸੀ। ਬਾਬਾ ਦੀਪ ਸਿੰਘ ਜੀ ਇਸ ਮਿਸਲ ਦੇ ਮੁੱਖ ਜਥੇਦਾਰ ਸਨ। ਜਦ ਦਰਬਾਰ ਸਾਹਿਬ ਦੀ ਬੇਅਦਬੀ ਦੀ ਖ਼ਬਰ ਬਾਬਾ ਜੀ ਕੋਲ ਪਹੁੰਚੀ ਤਾਂ ਬਾਬਾ ਜੀ ਨੇ ਨਗਾਰੇ ‘ਤੇ ਚੋਟ ਲਾਈ ਅਤੇ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਤੁਰ ਪਏ। ਤਰਨਤਾਰਨ ਸਾਹਿਬ ਪੁੱਜ ਕੇ ਇਸ਼ਨਾਨ ਕਰਨ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਤੇ 500 ਸਿੰਘਾਂ ਦਾ ਜਥਾ ਤਰਨਤਾਰਨ ਤੋਂ ਤੁਰਨ ਵੇਲੇ 5,000 ਸਿੰਘਾਂ ਦਾ ਜਥਾ ਬਣ ਚੁੱਕਾ ਸੀ। ਤਰਨਤਾਰਨ ਸ਼ਹਿਰ ‘ਚ ਹੀ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਤੇ ਗਰਜਵੀਂ ਆਵਾਜ਼ ਵਿਚ ਜੋਸ਼ੀਲੀ ਤਕਰੀਰ ਕੀਤੀ। ਸਿੰਘ ਜੈਕਾਰੇ ਗਜਾਉਂਦੇ ਹੋਏ ਛਾਲਾਂ ਮਾਰ ਕੇ ਲਕੀਰ ਟੱਪ ਗਏ।

ਓਧਰ ਜਹਾਨ ਖ਼ਾਂ ਭਾਰੀ ਫ਼ੌਜ ਲੈ ਕੇ ਗੋਹਲਵੜ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਦੋਵਾਂ ਦੇ ਫ਼ੌਜਾਂ ਦਰਮਿਆਨ ਯੁੱਧ ਸ਼ੁਰੂ ਹੋ ਗਿਆ। ਸਿੰਘ ਤੇ ਦੁਰਾਨੀ ਲੜਦੇ ਹੋਏ ਪਿੰਡ ਚੱਬਾ ਤੇ ਪਿੰਡ ਵਰਪਾਲ ਦੀ ਸਾਂਝੀ ਜੂਹ ‘ਚ ਆਹਮੋ-ਸਾਹਮਣੇ ਹੋ ਗਏ। ਬਾਬਾ ਦੀਪ ਸਿੰਘ ਜੀ 18 ਸੇਰ ਦਾ ਦੋ-ਧਾਰਾ ਖੰਡਾ ਫੜ ਕੇ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਅੱਗੇ ਹੀ ਅੱਗੇ ਵਧੀ ਜਾ ਰਹੇ ਸਨ।

ਇਸ ਹਮਲੇ ਵਿਚ ਯਾਕੂਬ ਖ਼ਾਨ ਤੇ ਅਮਾਨ ਖ਼ਾਨ ਸਾਥੀਆਂ ਸਮੇਤ ਮਾਰੇ ਗਏ। ਬਾਬਾ ਦਿਆਲ ਸਿੰਘ ਹੱਥੋਂ ਜਹਾਨ ਖ਼ਾਂ ਮਾਰਿਆ ਗਿਆ। ਜਹਾਨ ਖ਼ਾਂ ਦਾ ਸਿਰ ਨੇਜ਼ੇ ‘ਤੇ ਟੰਗਿਆ ਵੇਖ ਕੇ ਦੁਰਾਨੀ ਪਿੱਛੇ ਹਟਣ ਲੱਗੇ। ਇੰਨੇ ਚਿਰ ਨੂੰ ਦੁਰਾਨੀਆਂ ਦੀ ਮਦਦ ਲਈ ਹੋਰ ਫ਼ੌਜ ਆ ਪਹੁੰਚੀ। ਇਸ ਜੰਗ ਵਿਚ ਕਈ ਸਿੰਘ ਸ਼ਹੀਦ ਹੋਏ। ਫ਼ੌਜਾਂ ਲੜਦੀਆਂ ਹੋਈਆਂ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਵਧ ਰਹੀਆਂ ਸਨ। ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਜਮਾਲ ਖ਼ਾਂ ਆ ਗਿਆ। ਦੋਵਾਂ ਵਿਚ ਜ਼ਬਰਦਸਤ ਟੱਕਰ ਹੋਈ। ਇੱਕ ਸਾਂਝੇ ਵਾਰ ਨਾਲ ਜਮਾਲ ਖ਼ਾਂ ਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਗਿਆ। ਤਰਨਤਾਰਨ ਰੋਡ ਸਥਿਤ ਇਸ ਅਸਥਾਨ ‘ਤੇ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਸੁਸ਼ੋਭਿਤ ਹੈ। ਇਕ ਸਿੰਘ ਦੇ ਕਹਿਣ ਤੇ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਵਿਚ ਖੰਡਾ ਤੇ ਖੱਬੇ ਹੱਥ ‘ਤੇ ਸੀਸ ਰੱਖ ਕੇ ਦੁਸ਼ਮਣਾਂ ਦੀ ਵਾਢ ਇਸ ਤਰ੍ਹਾਂ ਕੀਤੀ ਕਿ ਦੁਸ਼ਮਣਾਂ ‘ਚ ਹਫੜਾ-ਦਫੜੀ ਮਚ ਗਈ ਤੇ ਵੈਰੀ ਮੈਦਾਨ ਛਡ ਕੇ ਭੱਜਣ ਲੱਗੇ।

ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਬਾਬਾ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਪਹੁੰਚ ਗਏ। ਸ੍ਰੀ ਹਰਿਮੰਦਰ ਸਾਹਿਬ ਦੀ ਦੱਖਣੀ ਬਾਹੀ ਵੱਲ ਇੱਕ ਗੁਰਦੁਆਰਾ ਸਾਹਿਬ ਤੇ ਇਕ ਨਿਸ਼ਾਨ ਸਾਹਿਬ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਨੇ 13 ਨਵੰਬਰ 1757 (30 ਕੱਤਕ 1814) ਨੂੰ ਸ਼ਹੀਦੀ ਪ੍ਰਾਪਤ ਕੀਤੀ। ਗੁਰਦੁਆਰਾ ਰਾਮਸਰ ਸਾਹਬ ਦੇ ਨਜ਼ਦੀਕ ਗੁਰਦੁਆਰਾ ‘ਸ਼ਹੀਦਾਂ ਸਾਹਿਬ’ ਹੈ।

  • 154
  •  
  •  
  •  
  •