ਟਰੰਪ ਨੂੰ ਝਟਕਾ: ਚੋਣਾਂ ‘ਚ ਹੇਰਾਫੇਰੀ ਦੇ ਦਾਅਵੇ ਅਧਿਕਾਰੀਆਂ ਵੱਲੋਂ ਖ਼ਾਰਜ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੋਣ ਸੁਰੱਖਿਆ ਅਧਿਕਾਰੀਆਂ ਤੋਂ ਝਟਕਾ ਲੱਗਾ ਹੈ। ਅਧਿਕਾਰੀਆਂ ਨੇ ਟਰੰਪ ਦੇ ਉਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ ਜਿਨ੍ਹਾਂ ਵਿਚ ਉਨ੍ਹਾਂ ਨੇ ਚੋਣ ਵਿਚ ਹੇਰਾਫੇਰੀ ਦੇ ਦੋਸ਼ ਲਗਾਏ ਹਨ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਇਤਿਹਾਸ ਵਿਚ ਸਭ ਤੋਂ ਸੁਰੱਖਿਅਤ ਮੰਨੀ ਗਈ 2020 ਦੀ ਰਾਸ਼ਟਰਪਤੀ ਚੋਣ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਕੀਤੇ ਜਾਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਵਾਰ-ਵਾਰ ਚੋਣਾਂ ’ਚ ਧੋਖੇ ਦੇ ਨਿਰਆਧਾਰ ਦਾਅਵੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਹਾਲੇ ਤੱਕ ਹਾਰ ਨਹੀਂ ਮੰਨੀ ਹੈ। ਉਨ੍ਹਾਂ ਵਲੋਂ ਡੈਮੋਕਰੈਟਿਕ ਊਮੀਦਵਾਰ ਜੋਅ ਬਾਇਡਨ ਵੱਲੋਂ ਜਿੱਤੇ ਸੂਬਿਆਂ ਵਿੱਚ ਕਈ ਕਾਨੂੰਨੀ ਚੁਣੌਤੀਆਂ ਸ਼ੁਰੂ ਕੀਤੀਆਂ ਗਈਆਂ ਹਨ। ਹੋਮਲੈਂਡ ਸੁਰੱਖਿਆ ਵਿਭਾਗ ਦੀਆਂ ਦੋ ਕਮੇਟੀਆਂ ਜੀਸੀਸੀ ਅਤੇ ਸੀਆਈਐੱਸਏ (ਦੋਵੇਂ ਕਮੇਟੀਆਂ ਅਮਰੀਕਾ ਦੀ ਚੋਣ ਪ੍ਰਣਾਲੀ ਦੀ ਸੁਰੱਖਿਆ ਲਈ ਕੰਮ ਕਰਦੀਆਂ ਹਨ) ਵਲੋਂ ਸਾਂਝੇ ਤੌਰ ’ਤੇ ਜਾਰੀ ਬਿਆਨ ਵਿੱਚ ਵੋਟਾਂ ’ਚ ਕਿਸੇ ਤਰ੍ਹਾਂ ਦਾ ਸਮਝੌਤਾ ਹੋਣ ਨੂੰ ਰੱਦ ਕੀਤਾ ਗਿਆ।

ਬਿਆਨ ਵਿੱਚ ਕਿਹਾ ਗਿਆ, ‘‘ਜਦੋਂ ਸੂਬਿਆਂ ਵਿੱਚ ਵੋਟਾਂ ਵਿੱਚ ਥੋੜ੍ਹਾ ਫ਼ਰਕ ਹੋਵੇ, ਤਾਂ ਜ਼ਿਆਦਾਤਰ ਵੋਟਾਂ ਦੀ ਗਿਣਤੀ ਦੁਬਾਰਾ ਹੁੰਦੀ ਹੈ। 2020 ਦੀ ਰਾਸ਼ਟਰਪਤੀ ਚੋਣ ਵਿੱਚ ਕਰੀਬੀ ਨਤੀਜਿਆਂ ਵਾਲੇ ਸਾਰੇ ਸੂਬਿਆਂ ਕੋਲ ਹਰੇਕ ਵੋਟ ਦਾ ਕਾਗਜ਼ੀ ਰਿਕਾਰਡ ਮੌਜੂਦ ਹੈ, ਜਿਸ ਨਾਲ ਜੇਕਰ ਲੋੜ ਪਵੇ, ਤਾਂ ਦੁਬਾਰਾ ਗਿਣਤੀ ਕੀਤੀ ਜਾ ਸਕਦੀ ਹੈ। ਇਹ ਸੁਰੱਖਿਆ ਲਈ ਵੀ ਲਾਹੇਵੰਦ ਹੈ। ਇਸ ਪ੍ਰਕਿਰਿਆ ਨਾਲ ਕਿਸੇ ਵੀ ਗਲਤੀ ਦੀ ਸ਼ਨਾਖਤ ਅਤੇ ਦਰੁਸਤੀ ਹੋ ਜਾਂਦੀ ਹੈ। ਕੋਈ ਸਬੂਤ ਨਹੀਂ ਹੈ ਕਿ ਕਿਸੇ ਵੀ ਵੋਟਿੰਗ ਪ੍ਰਣਾਲੀ ਵਿੱਚ ਵੋਟਾਂ ਮਿਟਾਈਆਂ, ਬਦਲੀਆਂ, ਗੁਆਚੀਆਂ ਹੋਣ ਜਾਂ ਕਿਸੇ ਤਰ੍ਹਾਂ ਦਾ ਸਮਝੌਤਾ ਹੋਇਆ ਹੋਵੇ।’’ ਬਿਆਨ ਵਿੱਚ ਅੱਗੇ ਕਿਹਾ ਗਿਆ, ‘‘ਸਾਨੂੰ ਪਤਾ ਹੈ ਕਿ ਸਾਡੀ ਚੋਣ ਪ੍ਰਕਿਰਿਆ ਬਾਰੇ ਗਲਤ ਸੂਚਨਾ ਲਈ ਕਈ ਨਿਰਆਧਾਰ ਦਾਅਵੇ ਕੀਤੇ ਜਾ ਰਹੇ ਹਨ, ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਨੂੰ ਸਾਡੀਆਂ ਚੋਣਾਂ ਦੀ ਸੁਰੱਖਿਆ ਅਤੇ ਇਮਾਨਦਾਰੀ ਵਿੱਚ ਪੂਰਾ ਭਰੋਸਾ ਹੈ ਅਤੇ ਤੁਹਾਨੂੰ ਵੀ ਹੋਣਾ ਚਾਹੀਦਾ ਹੈ।’’

  • 78
  •  
  •  
  •  
  •