ਗ਼ਦਰ ਲਹਿਰ ਦਾ ਨਾਇਕ: ਸ਼ਹੀਦ ਕਰਤਾਰ ਸਿੰਘ ਸਰਾਭਾ

ਰਾਜਵਿੰਦਰ ਸਿੰਘ ਰਾਹੀ

ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਲਹਿਰ ਦਾ ਅਜਿਹਾ ਮਹਾ ਨਾਇਕ ਹੈ, ਜਿੱਡਾ ਵੱਡਾ ਉਸ ਦਾ ਇਤਿਹਾਸਕ ਕੰਮ ਹੈ, ਓਨਾਂ ਵੱਡਾ ਉਸ ਦਾ ਮੁੱਲ ਨਹੀਂ ਪਿਆ। ਹੁਣ ਤੱਕ ਸ਼ਹੀਦ ਸਰਾਭਾ ਦੀ ਕੋਈ ਕੋਈ ਅਜਿਹੀ ਪ੍ਰਮਾਣਿਕ ਜੀਵਨੀ ਨਹੀਂ ਮਿਲਦੀ ਜੋ ਉਸ ਦੇ ਕੌਮਾਂਤਰੀ ਪਸਾਰ ਵਾਲੇ ਕੰਮ ਨੂੰ ਬੱਝਵੇਂ ਰੂਪ ਵਿਚ ਪੇਸ਼ ਕਰ ਸਕੇ। ਸਰਾਭੇ ਬਾਰੇ ਜੋ ਵੀ ਸੰਪਾਦਿਤ ਕੀਤੀਆਂ ਪੁਸਤਕਾਂ ਮਿਲਦੀਆਂ ਹਨ, ਉਹ ਇੱਧਰੋਂ ਉਧਰੋਂ ਲੇਖ ਜਾਂ ਬਿਆਨ ਇਕੱਠੇ ਕਰ ਕੇ ਸਿਰਫ਼ ਡੰਗ ਹੀ ਸਾਰਿਆ ਗਿਆ ਹੈ। ਜੋ ਸ਼ਹੀਦ ਨਾਲ ਇਨਸਾਫ਼ ਨਹੀਂ ਕਰਦੀਆਂ।

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਸਰਾਭਾ ਵਿਖੇ ਪਿਤਾ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਆਪਣੇ ਜ਼ਮਾਨੇ ਵਿਚ ਇਹ ਪਰਿਵਾਰ ਪੜ੍ਹਿਆ ਲਿਖਿਆ ਅਤੇ ਖਾਂਦਾ ਪੀਂਦਾ ਸਰਦਾ ਪੁੱਜਦਾ ਪਰਿਵਾਰ ਸੀ। ਅੱਜ ਤੋਂ ਸੌ ਸਵਾ ਸੌ ਪਹਿਲਾਂ ਪਿੰਡ ਵਿਚ ਬਣੀ ਪਰਿਵਾਰ ਦੀ ਰਿਹਾਇਸ਼ੀ ਹਵੇਲੀ ਤੋਂ ਹੀ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਹੈਸੀਅਤ ਦਾ ਪਤਾ ਲੱਗ ਜਾਂਦਾ ਹੈ। ਭਾਵੇਂ ਸਰਾਭੇ ਦੇ ਬਾਪ ਮੰਗਲ ਸਿੰਘ, ਜਿਸ ਦੀ ਸਰਾਭਾ ਦੇ ਬਚਪਨ ਵਿਚ ਹੀ ਮੌਤ ਹੋ ਗਈ ਸੀ, ਬਾਰੇ ਕੋਈ ਬਹੁਤ ਜਾਣਕਾਰੀ ਨਹੀਂ ਮਿਲਦੀ। ਪਰ ਕਰਤਾਰ ਸਿੰਘ ਦੇ ਦੋ ਚਾਚੇ ਉੜੀਸਾ ਵਿਚ ਚੰਗੀਆਂ ਨੌਕਰੀਆਂ ’ਤੇ ਲੱਗੇ ਹੋਏ ਸਨ। ਮੇਰੇ ਸਾਹਮਣੇ ਇਹ ਸੁਆਲ ਹੈ ਕਿ ਉਹ ਕਿਹੜੇ ਸੰਸਕਾਰ ਸਨ, ਕਿਹੜਾ ਮਾਹੌਲ ਸੀ, ਤੇ ਕਿਹੜੇ ਹਾਲਾਤ ਸਨ? ਜਿਨ੍ਹਾਂ ਕਰ ਕੇ ਰਾਜਕੁਮਾਰਾਂ ਵਾਂਗ ਪਲਿਆ ਬੱਚਾ ਵੱਡਾ ਹੋ ਕੇ ਮਹਾਨ ਇਨਕਲਾਬੀ ਹੋ ਨਿੱਬੜਦਾ ਹੈ ਤੇ ਮੌਤ ਨੂੰ ਜਿਸ ਦ੍ਰਿੜ੍ਹਤਾ ਨਾਲ ਉਹ ਗਲੇ ਲਗਾਉਂਦਾ ਹੈ, ਉਹ ਆਪਣੀ ਮਿਸਾਲ ਆਪ ਹੈ। ਆਮ ਤੌਰ ’ਤੇ, ਜਿਸ ਤਰ੍ਹਾਂ ਦੀ ਆਰਥਿਕ ਅਤੇ ਸਮਾਜੀ ਹੈਸੀਅਤ ਕਰਤਾਰ ਸਿੰਘ ਦੇ ਪਰਿਵਾਰ ਦੀ ਸੀ, ਅਜਿਹੇ ਪਰਿਵਾਰ ਵੇਲੇ ਦੀ ਹਕੂਮਤ ਦੇ ਖ਼ੈਰ ਖਵਾਹ ਹੁੰਦੇ ਹਨ ਤੇ ਹਕੂਮਤੀ ਮਿਲਵਰਤਨ ਉਨ੍ਹਾਂ ਲਈ ਤਰੱਕੀ ਦੀਆਂ ਪੌੜੀਆਂ ਬਣ ਜਾਂਦਾ ਹੈ। ਜਿਸ ਤਰ੍ਹਾਂ ਦੀ ਹੈਸੀਅਤ ਸ਼ਹੀਦ ਸਰਾਭੇ ਦੇ ਦਾਦੇ ਸ. ਬਚਨ ਸਿੰਘ ਦੀ ਸੀ, ਅਜਿਹੀ ਹੈਸੀਅਤ ਵਾਲੇ ਪਰਿਵਾਰਾਂ ਨੂੰ ਅੰਗਰੇਜ਼ਾਂ ਨੇ ‘‘ਸਰਦਾਰ ਬਹਾਦਰਾਂ’’ ਦੇ ਖ਼ਿਤਾਬ ਬਖ਼ਸ਼ ਰੱਖੇ ਸਨ। ਪਰ ਲਗਦਾ ਹੈ ਕਿ ਸ. ਬਚਨ ਸਿੰਘ ਦੇ ਪਰਿਵਾਰ ਨੇ ਅੰਗਰੇਜ਼ ਹਕੂਮਤ ਤੋਂ ਇੱਕ ਤਰ੍ਹਾਂ ਨਾਲ ਆਪਣੀ ਦੂਰੀ ਹੀ ਬਣਾ ਰੱਖੀ ਸੀ। ਮਨੋਵਿਗਿਆਨੀਆਂ ਅਨੁਸਾਰ ਪਰਿਵਾਰ ਦੇ ਮੈਂਬਰਾਂ ਅਤੇ ਮਾਹੌਲ ਦਾ ਬੱਚੇ ਦੇ ਜਨਮ ਸਮੇਂ ਹੀ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਬੱਚੇ ਦਾ ਸਮੁੱਚਾ ਜੀਵਨ ਇੱਕ ਬਾਲਗ ਉਂਤੇ ਨਿਰਭਰ ਕਰਦਾ ਹੈ, ਬਾਲਗਾਂ ਵੱਲੋਂ ਜਥੇਬੰਦ ਅਤੇ ਨਿਰਦੇਸ਼ਤ ਹੁੰਦਾ ਹੈ। ਬਹੁਤ ਹੀ ਮੁੱਢਲੀ ਉਮਰ ਵਿਚ ਬੱਚਾ ਬਾਲਗਾਂ ਤੋਂ ਸਿੱਖਣਾ ਸ਼ੁਰੂ ਕਰ ਦਿੰਦਾ ਹੈ। ਉਹ ਨਾ ਕੇਵਲ ਤੁਰਨਾ ਬੋਲਣਾ ਅਤੇ ਵਸਤੂਆਂ ਦੀ ਵਰਤੋਂ ਸਹੀ ਤੌਰ ’ਤੇ ਕਰਨਾ ਸਿੱਖਦਾ ਹੈ, ਸਗੋਂ ਸੋਚਣਾ, ਮਹਿਸੂਸ ਕਰਨਾ ਅਤੇ ਆਪਣਾ ਖ਼ੁਦ ਦਾ ਵਰਤਾਓ ਕੰਟਰੋਲ ਕਰਨਾ ਸਿਖਦਾ ਹੈ। ਪਰਿਵਾਰਕ ਸੰਸਕਾਰ ਅਤੇ ਮੁੱਢਲੀ ਸਿੱਖਿਆ ਵੀ ਬੱਚੇ ਦੀ ਸ਼ਖ਼ਸੀਅਤ ਨੂੰ ਘੜਨ ਡੌਲਣ ਵਿਚ ਕੇਂਦਰੀ ਭੂਮਿਕਾ ਅਦਾ ਕਰਦੇ ਹਨ। ਜਨਮ ਸਮੇਂ ਬੱਚੇ ਦਾ ਕੋਈ ਧਰਮ ਅਤੇ ਵਰਨ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਿਸੇ ਰਿਸ਼ਤੇ ਦਾ ਅਨੁਭਵ ਹੁੰਦਾ ਹੈ। ਉਦੋਂ ਨਾ ਉਹ ਕਿਸੇ ਸਭਿਆਚਾਰਕ ਭਾਣੇ ਦੀ ਤੰਦ ਹੁੰਦਾ ਹੈ। ਬੱਚੇ ਦਾ ਮਨ ਨਿਰਮਲ, ਨਿਰਮੋਹ ਅਤੇ ਸਭ ਕੁੱਝ ਵੱਲੋਂ ਅਟੰਕ ਹੁੰਦਾ ਹੈ। ਸਿਰਫ਼, ਅੰਤਰ ਪ੍ਰੇਰਨਾ ਦਾ ਆਧਾਰ ਬਣਦੀਆਂ ਕੁੱਝ ਕੁਰੀਤੀਆਂ ਜੋ ਇਸ ਨੂੰ ਵਿਰਸੇ ’ਚ ਮਿਲੀਆਂ ਹੁੰਦੀਆਂ ਹਨ। ਫਿਰ ਜਿਸ ਮਾਹੌਲ ’ਚ ਬੱਚਾ ਪਲਦਾ ਹੈ ਉਸ ਵਿਚ ਪ੍ਰਚਲਿਤ ਸੰਸਕਾਰ ਉਸ ਦੇ ਮਨ ਅੰਦਰ ਪਹਿਲਾਂ ਪੋਲੇ ਪੈਰੀਂ ਅਤੇ ਫਿਰ ਅਸਰਦਾਰ ਤਰੀਕੇ ਨਾਲ ਘਰ ਕਰਨ ਲੱਗਦੇ ਹਨ। ਇਹ ਅਗਾਂਹ ਚੱਲ ਕੇ, ਉਸ ਦੇ ਵਿਸ਼ਵਾਸ, ਉਸ ਦੇ ਅਕੀਦੇ, ਉਸ ਦੇ ਬੋਲਚਾਲ ਬਣ ਕੇ ਉਸ ਦੇ ਵਤੀਰੇ ਨੂੰ ਉਮਰ ਭਰ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜੋ ਕੁੱਝ ਵੀ ਜੀਵਨ ਦੇ ਮੁੱਢਲੇ ਪੱਖ ਵਿਚ ਮਨ ਅੰਦਰ ਸਮਾਉਂਦਾ ਹੈ ਉਹ ਅਤਿ ਪ੍ਰਭਾਵਕਾਰੀ ਹੁੰਦਾ ਹੈ ਅਤੇ ਉਸ ਦਾ ਜੀਵਨ ਭਰ ਆਵੇਗੀ ਤੀਬਰਤਾ ਨਾਲ ਪਾਲਨਾ ਹੁੰਦੀ ਹੈ। ਇਸੇ ਕਾਰਨ ਮੁੱਢਲੀ ਸਿੱਖਿਆ ਦਾ ਬਹੁਤ ਮਹੱਤਵ ਹੈ।

ਪਰਿਵਾਰ ਵੱਲੋਂ 8 ਕੁ ਸਾਲ ਦੀ ਉਮਰੋਂ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਪਾਇਆ ਗਿਆ। 4 ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅਗਾਂਹ ਪੰਜਵੀਂ ਦਾ ਵਰਨੈਕੁਲਰ ਸਕੂਲ ਗੁਜਰਵਾਲ ਵਿਚ ਸੀ, ਜੋ ਪਿੰਡੋਂ ਪੰਜ ਮੀਲ ਦੂਰ ਸੀ। ਪੰਜਵੀਂ ਵਿਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਦੀ ਚਮਿੰਡਾ ਬਣਿਆ ਜੋ ਪਿੰਡੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ। ਇੱਥੇ ਇਹ ਗੱਲ ਵੀ ਖ਼ਾਸ ਤੌਰ ’ਤੇ ਨੋਟ ਕਰਨ ਵਾਲੀ ਹੈ ਕਿ ਪਰਿਵਾਰ ਵੱਲੋਂ ਉਸ ਨੂੰ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਹੀ ਦਾਖਲਾ ਕਰਵਾਇਆ ਜਾਂਦਾ ਹੈ, ਜੋ ਉਸ ਵਕਤ ਰਹਿਤ ਬਹਿਤ ਦੇ ਮਾਹੌਲ ਵਾਲਾ ਸਕੂਲ ਸੀ। ਜਦ ਕਿ ਉਸ ਵਕਤ ਲੁਧਿਆਣੇ ਵਿਚ ਈਸਾਈਆਂ ਦਾ ਮਿਸ਼ਨ ਸਕੂਲ, ਮੁਸਲਮਾਨਾਂ ਦਾ ਇਸਲਾਮੀਆ ਸਕੂਲ ਤੇ ਹਿੰਦੂਆਂ ਦਾ ਆਰੀਆ ਸਕੂਲ ਬਹੁਤ ਪੁਰਾਣੇ ਸਕੂਲ ਸਨ। ਖ਼ਾਲਸਾ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖ ਬੱਚੇ ਵੀ ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਹੁੰਦੇ ਸਨ। ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਕੇ ਉਨ੍ਹਾਂ ਦਾ ਧਰਮ ਅਤੇ ਸਭਿਆਚਾਰ ਕਾਇਮ ਰੱਖਣ ਲਈ ਸਿੱਖ ਦਾਨਿਸ਼ਵਰਾਂ ਨੇ 1905 ਵਿਚ ਖ਼ਾਲਸਾ ਸਕੂਲ ਚਾਲੂ ਕਰ ਦਿੱਤਾ ਸੀ। ਸਕੂਲਾਂ ਵਿਚ ਅੱਠਵੀਂ ਤੱਕ ਤਾਂ ਉਰਦੂ ਪੜ੍ਹਾਈ ਜਾਂਦੀ ਸੀ। ਅਗਾਹਾਂ ਨੌਵੀਂ ਦਸਵੀਂ ਜਿਨ੍ਹਾਂ ਨੂੰ ਉਦੋਂ ਜੂਨੀਅਰ-ਸੀਨੀਅਰ ਕਿਹਾ ਜਾਂਦਾ ਸੀ, ਵਿਚ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਹੁੰਦੀ ਸੀ। ਖ਼ਾਲਸਾ ਸਕੂਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਹੋਇਆ ਸੀ। ਵਿਦਿਆਰਥੀ ਉਦੋਂ ਬੰਨੇ ਦੇ ਅਹਾਤੇ ਵਾਲੇ ਬੋਰਡਿੰਗ ਵਿਚ ਰਿਹਾ ਕਰਦੇ ਸਨ। ਜੂਨੀਅਰ-ਸੀਨੀਅਰ ਜਮਾਤਾਂ ਵਿਚ ਵੀ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਹੀ ਸੀ। ਉਸ ਵਕਤ ਸਕੂਲ ਦਾ ਮਾਹੌਲ ਕਿਹੋ ਜਿਹਾ ਸੀ, ਬਾਬਾ ਚਮਿੰਡਾ ਅਨੁਸਾਰ: ‘‘ਇਸ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਉਪਦੇਸ਼ ਅਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ। ਗੁਰਮਤਿ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਮਾਲਵਾ ਖ਼ਾਲਸਾ ਹਾਈ ਸਕੂਲ ਦੇ ਬੋਰਡਿੰਗ ਵਿਚ ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉੱਠਣਾ ਅਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼ ਇਕੱਠੇ ਹੋ ਕੇ ਗੁਰਦੁਆਰਾ ਜਾਂਦੇ, ਢੋਲਕੀ ਚਿਮਟਿਆਂ ਨਾਲ ਸ਼ਬਦ ਕੀਰਤਨ ਕਰਦੇ, ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿਚ ਆ ਕੇ ਰਸ-ਭਿੰਨੇ ਕੀਰਤਨ ਦਾ ਅਨੰਦ ਮਾਣਦੇ। ਕੀਰਤਨ ਦੀ ਸਮਾਪਤੀ ਤੋਂ ਉਪਰੰਤ ਗੁਰਵਾਕ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਕ ਨਾਲ ਨਿੱਤ ਕਰਦੇ ਸਨ। ਸਭਨਾਂ ਲਈ ਸਿੱਖੀ ਰਹਿਤ ਵਿਚ ਤਿਆਰ-ਬਰ-ਤਿਆਰ ਰਹਿਣਾ ਜ਼ਰੂਰੀ ਸੀ। ਰੇਬ ਕਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸਾਂ ਨੂੰ ਸਤਿਕਾਰ ਵਜੋਂ ਢੱਕ ਕੇ ਰੱਖਣਾ। ਕਮਰੇ ਵਿਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵੱਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿਰਾਸ ਦੇ ਮੌਕੇ ਗੁਰਦੁਆਰੇ ਵਿਚ ਫਿਰ ਦੀਵਾਨ ਸਜਦਾ।’’
ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਵਿਦਿਆਰਥੀਆਂ ਦੀ ‘ਖ਼ਾਲਸਾ ਭੁਜੰਗੀ ਸਭਾ’ ਬਣਾਈ ਹੋਈ ਸੀ। ਜੋ ਸਾਰੀਆਂ ਸਰਗਰਮੀਆਂ ਵਿਚ ਮੋਹਰੀ ਰਹਿੰਦੀ ਸੀ। ਗ਼ਦਰ ਲਹਿਰ ਵਿਚ ਜੇਲ੍ਹ ਕੱਟਣ ਵਾਲੇ ਗਿਆਨੀ ਨਾਹਰ ਸਿੰਘ ਗੁੱਜਰਵਾਲ ਅਨੁਸਾਰ : ‘‘ਖ਼ਾਲਸਾ ਯੰਗ ਮੈਨਰਜ਼ ਲੀਗ (ਖ਼ਾਲਸਾ ਭੁਜੰਗੀ ਸਭਾ) ਲੁਧਿਆਣਾ 1885 ਈ. ਵਿਚ ਕਾਇਮ ਹੋਈ। ਖ਼ਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤੇ ਮਿਸ਼ਨ ਹਾਈ ਸਕੂਲ ਵਿਚ ਹੀ ਪੜ੍ਹਿਆ ਕਰਦੇ ਸਨ। ਸੋ ਖ਼ਾਲਸਾ ਭੁਜੰਗੀ ਸਭਾ ਦਾ ਜ਼ੋਰ-ਤੋਰ ਭੀ ਇਸੇ ਸਕੂਲ ਵਿਚ ਹੀ ਸੀ। ਜਦੋਂ ਖ਼ਾਲਸਾ ਸਕੂਲ ਲੁਧਿਆਣਾ ਦੇ ਖੁੱਲਣ ਦੇ ਖ਼ਿਆਲ ਤੇ ਉੱਦਮ ਆਰੰਭ ਹੋਣ ਲੱਗੇ, ਉਸ ਯਤਨ ਤੇ ਪ੍ਰੇਰਨਾ ਵਿਚ ਇਸ ਭੁਜੰਗੀ ਸਭਾ ਦਾ ਖ਼ਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿਚ ਇਸ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਕ ਇਕੱਠਾਂ ਵਿਚ ਇਸ ਦੇ ਪ੍ਰਤੀਨਿਧਾਂ ਨੂੰ ਖ਼ਾਸ ਤੌਰ ਪਰ ਬੁਲਾਇਆ ਜਾਂਦਾ ਸੀ, ਤੇ ਹਰ ਪੰਥਕ ਮਸਲੇ ਵਿਚ ਇਹ ਸਭਾ ਹਿੱਸਾ ਲੈਂਦੀ ਸੀ। ਖ਼ਾਲਸਾ ਹਾਈ ਸਕੂਲ ਖੁੱਲ ਜਾਣ ਪਰ ਸਭਾ ਦਾ ਸਭ ਜੋਰ-ਤੋਰ ਖ਼ਾਲਸਾ ਸਕੂਲ ਵਿਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਈ. ਨੂੰ ਜਾਰੀ ਹੋਇਆ।

1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫ਼ਤਾਵਾਰੀ ਦੀਵਾਨ ਜੋ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਨ੍ਹਾਂ ਵਿਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਦਸਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿਚ ਸ਼ਾਮਿਲ ਹੁੰਦੇ ਤੇ ਅਖੰਡ ਪਾਠ ਕਰਦੇ। ਸਕੂਲ ਵਿਚ ਬਹੁਤ ਵਾਰ ਗੁਰਪੁਰਬਾਂ ਦੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿਚ ਭਾਈ ਸਾਹਿਬ ਵੀ ਸ਼ਾਮਿਲ ਹੁੰਦੇ ਰਹੇ।’’ ਸੋ ਇਹ ਕਿਤੇ ਹੋ ਸਕਦਾ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਿਲ ਨਾ ਹੁੰਦਾ ਹੋਵੇ? ਬਾਬਾ ਹਰਭਜਨ ਸਿੰਘ ਚਮਿੰਡਾ ਅਨੁਸਾਰ: ਉਹ ਤਾਂ ਹਰ ਸਰਗਰਮੀ ਵਿਚ ਮੂਹਰੇ ਰਹਿੰਦਾ ਸੀ, ਹਰ ਵੇਲੇ ਟਪੂੰ-ਟਪੂੰ ਕਰਦਾ ਰਹਿੰਦਾ ਸੀ। ਇਸੇ ਕਰਕੇ ਸਕੂਲ ਵਿਚ ਉਸ ਦਾ ਨਾਂਅ ‘ਉਂਡਣਾ ਸੱਪ’ ਰੱਖਿਆ ਹੋਇਆ ਸੀ। 1910-1911 ਦੌਰਾਨ ਭਾਈ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ ਉੜੀਸਾ ਚਲਿਆ ਗਿਆ; ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਲਗਦਾ ਹੈ ਕਿ ਦਸਵੀਂ ਤੋਂ ਬਾਅਦ ਭਾਈ ਕਰਤਾਰ ਸਿੰਘ ਨੇ ਵਿਦੇਸ਼ ਵਿਚ ਜਾ ਕੇ ਪੜ੍ਹਨ ਦੀ ਇੱਛਾ ਜ਼ਾਹਿਰ ਕੀਤੀ ਹੋਵੇ। ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਪਰਿਵਾਰ ਕਾਫ਼ੀ ਪੜ੍ਹਿਆ ਲਿਖਿਆ ਸੀ। ਭਾਈ ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ, ਤੇ ਬਖ਼ਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ਉਂਤੇ ਉਦੋਂ ਲੱਗੇ ਹੋਏ ਸਨ। ਬਖ਼ਸ਼ੀਸ਼ ਸਿੰਘ ਉੜੀਸਾ ਵਿਚ ਜੰਗਲਾਤ ਮਹਿਕਮੇ ਵਿਚ ਸੀ ਤੇ ਇਕ ਚਾਚਾ ਯੂ.ਪੀ. ਵਿਚ ਸਬ ਇੰਸਪੈਕਟਰ ਸੀ। ਉਸ ਵਕਤ ਪੜ੍ਹਾਈ ਦੀਆਂ ਦੋ ਧਾਰਾਵਾਂ ਸਨ, ਜਿਨ੍ਹਾਂ ਨੇ ਅੰਗਰੇਜ਼ੀ ਦੀ ਚਾਕਰੀ ਕਰਨੀ ਹੁੰਦੀ ਸੀ, ਉਹ ਇੰਗਲੈਂਡ ਜਾ ਕੇ ਪੜ੍ਹਾਈ ਕਰਦੇ ਸਨ, ਤੇ ਜਿਨ੍ਹਾਂ ਨੇ ਆਜ਼ਾਦ ਜੀਵਨ ਜਿਊਣਾ ਹੁੰਦਾ ਸੀ ਉਹ ਅਮਰੀਕਾ ਨੂੰ ਤਰਜ਼ੀਹ ਦਿੰਦੇ ਸਨ। ਸੋ ਭਾਈ ਕਰਤਾਰ ਸਿੰਘ ਦੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਣ ਨੂੰ ਤਰਜ਼ੀਹ ਦਿੱਤੀ। ਭਾਈ ਕਰਤਾਰ ਸਿੰਘ ਜਨਵਰੀ 1912 ਵਿਚ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿਚ ਪਹੁੰਚਿਆ ਅਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿਚ ਦਾਖਲਾ ਲੈ ਲਿਆ। ਉਸ ਵਕਤ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਕੈਲੇਫੋਰਨੀਆ ਹੀ ਪਹੁੰਚਦੇ ਸਨ। ਕਿਉਂਕਿ ਉੱਥੇ ਸਿੱਖ ਵੱਡੀ ਗਿਣਤੀ ਵਿਚ ਰਹਿੰਦੇ ਸਨ। ਜੋ ਖੇਤੀ ਫਾਰਮਾਂ ਵਿਚ ਕੰਮ ਕਰਦੇ ਸਨ। ਇਸ ਸਟੇਟ ਦਾ ਪੌਣ ਪਾਣੀ ਵੀ ਪੰਜਾਬ ਵਰਗਾ ਹੀ ਹੈ। ਅੰਗਰੇਜ਼ਾਂ ਦੀਆਂ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਭਾਈ ਕਰਤਾਰ ਸਿੰਘ ਫਰਵਰੀ 1913 ਵਿਚ ਅਮਰੀਕਾ ਪਹੁੰਚਿਆ ਸੀ।
ਜਿਸ ਵਕਤ ਭਾਈ ਕਰਤਾਰ ਸਿੰਘ ਅਮਰੀਕਾ ਪਹੁੰਚਿਆ ਉਸ ਵਕਤ ਭਾਰਤੀਆਂ ਵਿਚ ਅੰਗਰੇਜ਼ ਵਿਰੋਧੀ ਮਾਹੌਲ ਭਖਿਆ ਹੋਇਆ ਸੀ। ਬਰਕਲੇ ਯੂਨੀਵਰਸਿਟੀ ਨੇੜੇ ਹਿੰਦੂ ਵਿਦਿਆਰਥੀਆਂ ਨੇ ਨਾਲੰਦਾ ਹੋਸਟਲ ਬਣਾਇਆ ਹੋਇਆ ਸੀ। ਜਿਸ ਵਿਚ ਜਤਿੰਦਰ ਨਾਥ ਲਹਿਰੀ, ਸੁਰਿੰਦਰ ਬੋਸ ਅਤੇ ਤਾਰਕ ਨਾਥ ਵਰਗੇ ਵਿਦਿਆਰਥੀ ਰਹਿੰਦੇ ਸਨ। ਜੋ ਅੰਗਰੇਜ਼ਾਂ ਵਿਚ ਪ੍ਰਚਾਰ ਕਰਦੇ ਸਨ। ਜੋ ਵਿਦਿਆਰਥੀ ਬਾਬਾ ਜਵਾਲਾ ਸਿੰਘ (ਜੋ ਪਿੱਛੋਂ ਗ਼ਦਰ ਪਾਰਟੀ ਦੇ ਮੀਤ ਪ੍ਰਧਾਨ ਬਣੇ) ਦੇ ਵਜ਼ੀਫ਼ਿਆਂ ’ਤੇ ਪੜ੍ਹਨ ਆਏ ਸਨ, ਉਹ ਯੂਨੀਵਰਸਿਟੀ ਨੇੜੇ ਹੀ ਸ਼ੈਟੁੱਕ ਹੋਟਲ ਵਿਚ ਰਹਿੰਦੇ ਸਨ, ਜਿਨ੍ਹਾਂ ਦਾ ਇੰਚਾਰਜ ਲਾਲਾ ਹਰਦਿਆਲ ਸੀ, ਜੋ ਉਸ ਵਕਤ ਸਟੇਟ ਫਾਰਟ ਯੂਨੀਵਰਸਿਟੀ ਦੇ ਅਰਾਜਕਤਾਵਾਦੀ ਵਿਚਾਰਾਂ ਕਾਰਨ ਕੱਢ ਦਿੱਤਾ ਸੀ।

ਹਰਦਿਆਲ ਉਸ ਵਕਤ ਅੰਗਰੇਜ਼ਾਂ ਵਿਰੁੱਧ ਖੁੱਲ੍ਹਮ ਖੁੱਲ੍ਹਾ ਪ੍ਰਚਾਰ ਕਰ ਰਿਹਾ ਸੀ। 1912 ਦੌਰਾਨ ਦਿੱਲੀ ’ਚ ਜੋ ਵਾਇਸਰਾਏ ਹਾਰਡਿੰਗ ਉੱਪਰ ਬੰਬ ਸੁੱਟਿਆ ਗਿਆ ਸੀ, ਹਰਦਿਆਲ ਨੇ ਉਸ ਦੀ ਪੂਰੀ ਜੈ ਜੈ ਕਾਰ ਕੀਤੀ ਸੀ। ਪਰ ਹਿੰਦੂ ਵਿਦਿਆਰਥੀਆਂ ਦੀ ਕਿਸੇ ਲਿਖਤ ਵਿਚ ਭਾਈ ਕਰਤਾਰ ਸਿੰਘ ਦੀ ਕਿਸੇ ਸਰਗਰਮੀ ਦਾ ਜ਼ਿਕਰ ਨਹੀਂ ਕੀਤਾ ਗਿਆ। ਹਾਂ ! ਇਕ ਥਾਂ ਲਾਲਾ ਹਰਦਿਆਲ ਦੇ ਸਾਲੇ ਗੋਬਿੰਦ ਬਿਹਾਰੀ ਲਾਲ (ਜੋ ਬਾਬਾ ਜਵਾਲਾ ਸਿੰਘ ਦਾ ਵਜੀਫਾਖੋਰ ਸੀ) ਨੇ ਸ਼ੈਟੁੱਕ ਹੋਟਲ ਵਿਚ ਹੋਈ ਇਕ ਮੀਟਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦੀ ਪ੍ਰਧਾਨਗੀ ਹਰਦਿਆਲ ਨੇ ਕੀਤੀ ਸੀ, ਤੇ ਭਾਈ ਕਰਤਾਰ ਸਿੰਘ ਉਸ ਵਿਚ ਸ਼ਾਮਿਲ ਹੋਇਆ ਸੀ। ਵੈਸੇ ਜਿਸ ਵਕਤ ਸਰਾਭਾ ਪੰਜਾਬ ਤੋਂ ਅਮਰੀਕਾ ਲਈ ਚਲਿਆ ਸੀ, ਉਸ ਵਕਤ ਸਿੱਖਾਂ ਵਿਚ ਅੰਗਰੇਜ਼ ਵਿਰੋਧੀ ਭਾਵਨਾਵਾਂ ਭੜਕ ਉੱਠੀਆਂ ਸਨ। ਅੰਗਰੇਜ਼ਾਂ ਨੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਹ ਦਿੱਤੀ ਸੀ, ਤੇ ਭਾਈ ਰਣਧੀਰ ਸਿੰਘ ਇਸ ਘੋਲ ਵਿਚ ਸਰਗਰਮ ਸੀ। ਭਾਈ ਕਰਤਾਰ ਸਿੰਘ ਰਸਤੇ ਵਿਚ ਹਾਂਗਕਾਂਗ ਦੇ ਗੁਰਦੁਆਰੇ ਵਿਚ ਰੁਕਿਆ ਸੀ, ਜੋ ਅੰਗਰੇਜ਼ ਵਿਰੋਧੀ ਪ੍ਰਚਾਰ ਦਾ ਕੇਂਦਰ ਬਣ ਚੁੱਕਿਆ ਸੀ। ਉਸ ਵਕਤ ਗੁਰਦੁਆਰੇ ਦਾ ਗ੍ਰੰਥੀ ਭਾਈ ਭਗਵਾਨ ਸਿੰਘ ‘ਪ੍ਰੀਤਮ’ ਸੀ, ਜੋ ਪਿੱਛੋਂ ਜਾ ਕੇ ਮਸ਼ਹੂਰ ਕਵੀ ਤੇ ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ। ਭਾਈ ਕਰਤਾਰ ਸਿੰਘ ਦਾ ਇੱਥੇ ਭਾਈ ਭਗਵਾਨ ਸਿੰਘ ਨਾਲ ਚੰਗੀ ਦੋਸਤੀ ਪੈ ਗਈ। ਜਿਸ ਨੂੰ ਭਾਈ ਜੀ ਨੇ ਬਾਅਦ ਵਿਚ ਮਾਣ ਨਾਲ ਯਾਦ ਕੀਤਾ ਸੀ : ‘‘ਥੋੜ੍ਹੀ ਦੇਰ ਬਾਅਦ ਸਵੇਰ ਦੇ ਦਰਸ਼ਨ ਕਰਨ ’ਤੇ ਇਕ ਹੋਰ ਨੌਜਵਾਨ ਮਿਲਿਆ। ਮੈਨੂੰ ਇਹ ਗਿਆਤ ਵੀ ਨਹੀਂ ਸੀ ਕਿ ਮੈਂ ਇਕ ਅਜਿਹੇ ਨੌਨਿਹਾਲ ਨਾਲ ਬਾਤਚੀਤ ਕਰ ਰਿਹਾ ਹਾਂ, ਜੋ ਮੇਰੇ ਬੱਚਿਆਂ ਨਾਲੋਂ ਵੀ ਪਿਆਰਾ ਤੇ ਵਤਨ ਦਾ ਬੇਸ਼ਕੀਮਤੀ ਲਾਲ ਹੋ ਚਮਕੇਗਾ। ਇਹ ਸੀ ਕਰਤਾਰ ਸਿੰਘ ਸਰਾਭਾ, ਬੱਚਾ ਸੀ ਅਜੇ, ਦਾੜ੍ਹੀ ਨਹੀਂ ਉੱਤਰੀ ਸੀ, ਮਿਲਣ ਸਾਰ, ਸੁੰਦਰ, ਸੰਜੀਦਾ ਤੇ ਹੋਣਹਾਰ।

ਹਰ ਹਫ਼ਤੇ ਗੁਰਦੁਆਰੇ ਵਿਚ ਲੈਕਚਰ ਹੋਣ ਤੋਂ ਇਲਾਵਾ ਖੇਲ੍ਹਾਂ ਵੀ ਹੁੰਦੀਆਂ ਸਨ। ਕੁਸ਼ਤੀਆਂ, ਗੋਲਾ ਸੁੱਟਣਾ, ਆਦਿਕਾ ਸ਼ਾਮ ਨੂੰ ਕਥਾ ਕੀਰਤਨ, ਬਹਿਸ ਮੁਕਾਬਲੇ ਵਗ਼ੈਰਾ ਸਧਾਰਨ ਜ਼ਿੰਦਗੀ ਸੀ। ਬਤੌਰ ਗ੍ਰੰਥੀ ਮੈਂ ਦੋ ਵਾਰੀ ਹਰ ਰੋਜ਼ ਸਾਰੇ ਮੁਸਾਫ਼ਰਾਂ ਨੂੰ ਮਿਲ਼ਿਆ ਕਰਦਾ ਸੀ, ਉਨ੍ਹਾਂ ਦੇ ਨਾਂਅ ਪਤੇ ਲਿਖਿਆ ਕਰਦਾ ਸੀ, ਸ਼ਿਕਾਇਤਾਂ ਸੁਣਦਾ ਤੇ ਅਗਰ ਕੋਈ ਸੇਵਾ ਜਾਂ ਲੋੜ ਹੋਵੇ ਤਾਂ ਪੂਰੀ ਕਰਦਾ, ਹਰ ਸੁਭਾ ਤੇ ਸ਼ਾਮ ਨੂੰ। ਉਹ ਕੱਲ੍ਹ ਰਾਤੀਂ ਆਇਆ ਸੀ ਤੇ ਅੱਜ ਸਵੇਰੇ ਮਿਲੇ। ਇਕ ਲੈਕਚਰ ਸੁਣਿਆ ਤੇ ਇਕ ਗੋਲਾਬਾਜ਼ੀ ਦੇਖ ਕੇ ਦੋਸਤ ਬਣ ਗਏ। ਉਹ ਵਿਦੇਸ਼ੀ ਮੁਲਕਾਂ ਵਿਚ ਬੜੀ ਦਿਲਚਸਪੀ ਰਖਦਾ। ਚੀਨ, ਜਪਾਨ, ਕੈਨੇਡਾ ਤੇ ਅਮਰੀਕਾ ਬਾਰੇ ਖ਼ਬਰਾਂ ਪੁੱਛਦਾ ਰਹਿੰਦਾ। ਚੰਦ ਹਫ਼ਤਿਆਂ ਦੀ ਵਾਕਫ਼ੀ ਮੇਰੇ ਦਿਲ ’ਤੇ ਕਾਫ਼ੀ ਅਸਰ ਕਰ ਗਈ ਤੇ ਉਸ ਦੇ ਵੀ। 1914 ਵਿਚ ਅਸੀਂ ਅਮਰੀਕਾ ਵਿਚ ਇਕ ਵਾਰੀ ਫਿਰ ਗਲੇਬਾਂ ਆ ਹੋਏ।’’

ਲਗਦਾ ਹੈ ਕਿ ਭਾਈ ਕਰਤਾਰ ਸਿੰਘ ਦਾ ਪੜ੍ਹਾਈ ਵਿਚ ਮਨ ਨਹੀਂ ਲੱਗਿਆ ਤੇ ਨਾ ਹੀ ਉਸ ਦੀ ਹਿੰਦੂ ਵਿਦਿਆਰਥੀਆਂ ਨਾਲ ਕਰੂਰਾਂ ਮਿਲਿਆ ਹੋਵੇਗਾ। ਉਹ ਜਲਦੀ ਹੀ ਯੁਲੋ ਕਾਉਂਟੀ ਵਿਚ ਆਪਣੇ ਪਿੰਡ ਦੇ ਭਾਈ ਰੁਲੀਆ ਸਿੰਘ ਕੋਲ ਚਲਿਆ ਗਿਆ। ਉਸ ਵਕਤ ਗੱਦਰ ਪਾਰਟੀ ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ। ਭਾਈ ਕਰਤਾਰ ਸਿੰਘ ਨੇ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫ਼ੈਸਲਾ ਕਰ ਲਿਆ ਸੀ। ਭਾਵੇਂ ਉਸ ਦਾ ਨਾਂਅ ਪਾਰਟੀ ਦੇ ਅਹੁਦੇਦਾਰਾਂ ਵਿਚ ਨਹੀਂ ਆਉਂਦਾ ਪਰ ਜਦ ਨਵੰਬਰ 1913 ਤੋਂ ‘ਗੱਦਰ’ ਦਾ ਪਹਿਲਾ ਪਰਚਾ ਨਿਕਲਿਆ ਤਾਂ ਭਾਈ ਕਰਤਾਰ ਸਿੰਘ ਪਰਚੇ ਦੇ ਬਾਨੀਆਂ ਵਿਚ ਸ਼ਾਮਿਲ ਸੀ। ਜਦ ਦਸੰਬਰ 1913 ਵਿਚ ਗੁਰਮੁਖੀ ‘ਗੱਦਰ’ ਸ਼ੁਰੂ ਹੋਇਆ ਤਾਂ ਭਾਈ ਕਰਤਾਰ ਸਿੰਘ ਉੱਪਰ ਹੀ ਪਰਚੇ ਦੀ ਮੁੱਖ ਜ਼ਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿਚ ਭਾਈ ਕਰਤਾਰ ਸਿੰਘ ਹੀ ਕਰਦਾ ਸੀ। ਭਾਈ ਕਰਤਾਰ ਸਿੰਘ ਦਾ ਪਰਚੇ ਵਿਚ ਕੰਮ ਕਰਨ ਦਾ ਸਮਾਂ ਸਾਲ ਤੋਂ ਵੀ ਘੱਟ ਬਣਦਾ ਹੈ, ਪਰ ਇੰਨੇ ਥੋੜ੍ਹੇ ਸਮੇਂ ਵਿਚ ਹੀ ਉਸ ਨੇ ਆਪਣੇ ਕੰਮ ਅਤੇ ਲਿਆਕਤ ਨਾਲ ਆਪਣੀ ਸ਼ਖ਼ਸੀਅਤ ਨੂੰ ਸਥਾਪਤ ਕਰ ਦਿੱਤਾ ਸੀ। ਉਸ ਦੇ ਸਾਥੀਆਂ ਵਿਚ ਉਸ ਦਾ ਕਾਫ਼ੀ ਸਤਿਕਾਰ ਬਣ ਗਿਆ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸਿੱਖ ਗ਼ਦਰੀ, ਸਿੱਖ ਧਰਮ ਅਤੇ ਇਤਿਹਾਸਕ ਵਿਰਸੇ ਤੋਂ ਪ੍ਰੇਰਨਾ ਲੈਂਦੇ ਸਨ। ਇਸ ਦਾ ਪ੍ਰਤੱਖ ਸਬੂਤ ‘ਗੱਦਰ’ ਅਖ਼ਬਾਰ ਹੈ। ਉਰਦੂ ਪਰਚੇ ਉੱਪਰ ਬੈਨਰ ਲਾਈਨ ਸੀ ‘ਅੰਗਰੇਜ਼ੀ ਰਾਜ ਕਾ ਦੁਸ਼ਮਣ’ ਪਰ ਗੁਰਮੁਖੀ ‘ਗੱਦਰ’ ਉਪਰ ਗੁਰਬਾਣੀ ਦਾ ਇਹ ਸ਼ਬਦ ਬੈਨਰ ਲਾਈਨ ਵਜੋਂ ਲਿਖੇ ਹੋਏ ਸਨ : ‘ਜੇ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ”। ਜਦ ਅਗਸਤ 1914 ਵਿਚ ਪਹਿਲਾ ਸੰਸਾਰ ਯੁੱਧ ਲੱਗ ਜਾਣ ਦੇ ਮੱਦੇ ਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫ਼ੈਸਲਾ ਕਰ ਲਿਆ ਸੀ ਤਾਂ ਭਾਈ ਕਰਤਾਰ ਸਿੰਘ, ਪੰਜਾਬ ਪਹੁੰਚਣ ਵਾਲੇ ਗਦਰੀਆਂ ਵਿਚ ਸ਼ਾਮਿਲ ਸਨ। ਕਲਕੱਤੇ ਦੀਆਂ ਬੰਦਰਗਾਹਾਂ ’ਤੇ ਅੰਗਰੇਜ਼ਾਂ ਨੇ ਨਾਕੇ ਲਗਾ ਰੱਖੇ ਸਨ। ਭਾਈ ਕਰਤਾਰ ਸਿੰਘ ਹੋਰੀਂ ਕੋਲੰਬੋ ਰਾਹੀਂ ਭਾਰਤ ਵਿਚ ਦਾਖਲ ਹੋਏ ਸਨ। ਅੰਗਰੇਜ਼ ਸਰਕਾਰ ਨੇ ਭਾਵੇਂ ਕਲਕੱਤੇ ਦੀਆਂ ਬੰਦਰਗਾਹਾਂ ’ਤੇ ਗੱਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਵੇਈ ਪੂੰਈ ਆਦਿ ਨੂੰ ਗ੍ਰਿਫ਼ਤਾਰ ਕਰਕੇ ਇਕ ਤਰ੍ਹਾਂ ਲਹਿਰ ਦਾ ਲੱਕ ਹੀ ਤੋੜ ਦਿੱਤਾ ਸੀ। ਪਰ ਫਿਰ ਜਿਵੇਂ ਲਹਿਰ ਉੱਭਰ ਕੇ ਸਿਖਰ ਤੱਕ ਪਹੁੰਚੀ, ਇਹ ਇਕ ਤਰ੍ਹਾਂ ਨਾਲ ਕਰਾਮਾਤ ਹੀ ਸੀ। ਇਸ ਕਰਾਮਾਤ ਲਈ ਭਾਈ ਕਰਤਾਰ ਸਿੰਘ ਸਰਾਭੇ ਦੀ ਅਣਥੱਕ ਮਿਹਨਤ ਸੀ। ਇਕ ਪਾਸੇ ਉਸ ਨੇ ਮਾਲਵਾ ਖ਼ਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬ ਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲ ਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਫ਼ਿਰੋਜ਼ਪੁਰ ਮੀਆਂਮੀਰ, ਬੰਨੂ ਕੁਹਾਰ ਰਾਵਲ ਪਿੰਡੀ, ਅੰਬਾਲਾ, ਫੈਜ਼ਾਬਾਦ, ਬਨਾਰਸ ਆਦਿ ਦੀਆਂ ਫ਼ੌਜੀ ਛਾਉਣੀਆਂ ਵਿਚ ਫ਼ੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗ਼ਾਵਤ ਲਈ ਤਿਆਰ ਕੀਤਾ। ਉਸ ਦਾ ਕੰਮ ਦੇਖ ਕੇ ਬੰਗਾਲੀ ਇਨਕਲਾਬੀ ਸਚਿੰਦਰ ਨਾਥ ਸਨਿਆਲ ਵੀ ਹੈਰਾਨ ਰਹਿ ਗਿਆ ਸੀ, ‘‘ਉਨ੍ਹੀਂ ਦਿਨੀਂ ਕਰਤਾਰ ਸਿੰਘ ਬਹੁਤ ਸਖ਼ਤ ਮਿਹਨਤ ਕਰ ਰਹੇ ਸਨ। ਉਹ ਹਰ ਰੋਜ਼ ਸਾਈਕਲ ’ਤੇ ਪਿੰਡਾਂ ਵਿਚ ਲਗਭਗ 40-50 ਮੀਲ ਦਾ ਚੱਕਰ ਲਗਾਉਂਦੇ ਸਨ। ਪਿੰਡ ਪਿੰਡ ਕੰਮ ਕਰਨ ਲਈ ਜਾਂਦੇ ਸਨ। ਇਨ੍ਹੀਂ ਮਿਹਨਤ ਕਰਨ ’ਤੇ ਵੀ ਉਹ ਥੱਕਦੇ ਨਹੀਂ ਸਨ। ਜਿਨ੍ਹਾਂ ਉਹ ਮਿਹਨਤ ਕਰਦੇ ਸਨ, ਉਨ੍ਹੀਂ ਹੀ ਉਨ੍ਹਾਂ ਵਿਚ ਫੁਰਤੀ ਆ ਜਾਂਦੀ ਸੀ।’’

ਕਰਤਾਰ ਸਿੰਘ ਸਰਾਭੇ ਦਾ ਸਿੱਖ ਪ੍ਰਚਾਰ ਦਾ ਮਸਲਾ ਜਦ ਅਸੀਂ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਦੀ ਆਖਦੇ ਹਾਂ ਤਾਂ ਬਹੁਤ ਸਾਰੇ ਖੱਬੇ ਪੱਖੀ ਭਾਈ ਕਰਤਾਰ ਸਿੰਘ ਸਰਾਭੇ ਦੀ ਬੋਦੀਆਂ ਵਾਲੀ ਫ਼ੋਟੋ ਨੂੰ ਉਤਾਰ ਕੇ ਗ਼ਦਰ ਲਹਿਰ ਨੂੰ ‘ਭਾਰਤੀਆਂ’ ਦੀ ਲਹਿਰ ਸਿੱਧ ਕਰਨ ’ਤੇ ਜ਼ੋਰ ਲਗਾਉਂਦੇ ਹਨ। ਭਾਈ ਕਰਤਾਰ ਸਿੰਘ ਨੇ ਅਮਰੀਕਾ ਵਿਚ ਕੇਸ ਉਦੋਂ ਕਟਵਾਏ ਸਨ, ਜਦ ਗੱਦਰ ਪਾਰਟੀ ਨੇ ਜਰਮਨੀ ਦੀ ਸਹਾਇਤਾ ਨਾਲ ਉਸ ਨੂੰ ਨਿਊਯਾਰਕ ਦੀ ਐਵੀਏਸ਼ਨ ਅਕੈਡਮੀ ਤੋਂ ਹਵਾਈ ਜਹਾਜ਼ ਚਲਾਉਣਾ ਸਿੱਖਣ ਦੀ ਯੋਜਨਾ ਬਣਾਈ ਸੀ। ਇਹ ਫ਼ੈਸਲਾ ਪਾਰਟੀ ਨੇ ਲੰਬੀ ਤਿਆਰੀ ਦੇ ਮੱਦੇਨਜ਼ਰ ਕੀਤਾ ਸੀ। ਉਨ੍ਹਾਂ ਨੂੰ ਖ਼ਿਆਲ ਹੀ ਨਹੀਂ ਸੀ ਕਿ ਜੰਗ ਕਾਰਨ ਨੂੰ ਉਨ੍ਹਾਂ ਨੂੰ ਤੱਤ ਭੜੱਤੇ ਹੀ ਭਾਰਤ ਜਾਣਾ ਪਵੇਗਾ। ਐਵੀਏਸ਼ਨ ਅਕੈਡਮੀ ਦਾ ਨਿਯਮ ਸੀ ਕਿ ਜੇਕਰ ਵਿਦਿਆਰਥੀਆਂ ਨੇ ਆਪਣੇ ਸਰੂਪ ਮੁਤਾਬਿਕ ਸਿਖਲਾਈ ਲੈਣੀ ਹੈ ਤਾਂ ਕਲਾਸ ਵਿਚ ਘੱਟੋ ਘੱਟ 25 ਵਿਦਿਆਰਥੀ ਹੋਣੇ ਚਾਹੀਦੇ ਹਨ। ਜੇਕਰ 25 ਤੋਂ ਘੱਟ ਹਨ ਤਾਂ ਉਨ੍ਹਾਂ ਨੂੰ ਗੋਰੇ ਵਿਦਿਆਰਥੀਆਂ ਵਾਲਾ ਸਰੂਪ ਧਾਰਨ ਕਰਨਾ ਪਵੇਗਾ। ਸੋ ਉਸ ਵਕਤ ਉੱਥੇ 25 ਸਿੱਖ ਵਿਦਿਆਰਥੀ ਇਕੱਠੇ ਨਹੀਂ ਹੋ ਸਕਦੇ ਸਨ। ਜਿਸ ਕਰਕੇ ਕਾਹਲੀ ਵਿਚ ਭਾਈ ਕਰਤਾਰ ਸਿੰਘ ਨੂੰ ਆਪਣਾ ਸਿੱਖੀ ਸਰੂਪ ਤਿਆਗਣਾ ਪਿਆ।

ਪਿੰਡ ਸਰਾਭਾ ਵਿੱਚ ਕਰਤਾਰ ਸਿੰਘ ਦਾ ਜੱਦੀ ਪਿੰਡ

ਦੂਜਾ ਭਾਰਤ ਪਰਤਣ ਸਮੇਂ ਜੇਕਰ ਭਾਈ ਕਰਤਾਰ ਸਿੰਘ ਨੇ ਸਿੱਖੀ ਸਰੂਪ ਤਜਿਆ ਹੁੰਦਾ ਤਾਂ ਉਹ ਕੋਲੰਬੋ ਦੀ ਬਜਾਏ ਬੇਖਟਕੇ ਹੀ ਕਲਕੱਤੇ ਦੇ ਰਸਤੇ ਆ ਸਕਦਾ ਸੀ, ਕਿਉਂਕਿ ਅੰਗਰੇਜ਼ ਸਰਕਾਰ ਗ਼ਦਰ ਲਹਿਰ ਨੂੰ ਸਿੱਖਾਂ ਦੀ ਲਹਿਰ ਹੀ ਸਮਝਦੀ ਸੀ। 12 ਬਾਹਰੋਂ ਆਉਣ ਵਾਲੇ ਮੋਨਿਆਂ ਦੀ ਕੋਈ ਪੁੱਛ ਗਿੱਛ ਨਹੀਂ ਸੀ ਹੁੰਦੀ। ਪੰਡਿਤ ਪਰਮਾਨੰਦ ਝਾਂਸੀ, ਪ੍ਰਿਥਵੀ ਸਿੰਘ ਆਜ਼ਾਦ ਤੇ ਪੰਡਤ ਜਗਤ ਰਾਮ ਇਸੇ ਤਰ੍ਹਾਂ ਹੀ ਨਿਕਲ ਆਏ ਸਨ।
ਤੀਜਾ, ਜੇਕਰ ਭਾਈ ਕਰਤਾਰ ਸਿੰਘ ਪਤਿਤ ਹੁੰਦਾ ਤਾਂ ਭਾਈ ਸਾਹਿਬ ਰਣਧੀਰ ਸਿੰਘ ਵਰਗੇ ਧਾਰਮਿਕ ਪੁਰਸ਼ ਨੇ ਉਸ ਦਾ ਭਰੋਸਾ ਤਾਂ ਕੀ ਕਰਨਾ ਸੀ, ਉਸ ਨਾਲ ਗੱਲ ਵੀ ਨਹੀਂ ਕਰਨੀ ਸੀ। ਉਸ ਸਮੇਂ ਦੇ ਆਮ ਸਿੱਖ ਵੀ ਪਤਿਤ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸਨ।

ਚੌਥਾ, ਜਦ ਸਨਿਆਲ ਪਹਿਲੀ ਵਾਰ ਪੰਜਾਬ ਆਉਂਦਾ ਹੈ ਤਾਂ ਉਹ ਕਿਹੋ ਜਿਹੇ ਸਰਾਭੇ ਨੂੰ ਮਿਲਦਾ ਹੈ, ‘‘ਪਹਿਲਾਂ ਹੀ ਨਿਸ਼ਚਿਤ ਹੋ ਗਿਆ ਸੀ ਕਿ ਮੈਂ ਜਲੰਧਰ ਜਾ ਕੇ ਸਿੱਖ ਨੇਤਾਵਾਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਖ਼ਤਮ ਹੋਣ ਵਾਲਾ ਸੀ, ਪੱਛਮ ਵਿਚ ਠੰਢ ਦਾ ਮੌਸਮ ਸੀ। ਸਰਦੀਆਂ ਦੀ ਸਵੇਰ ਨੂੰ ਲੁਧਿਆਣਾ ਗੱਡੀ ਪਹੁੰਚਦਿਆਂ ਹੀ ਦੇਖਿਆ ਕਿ ਮੇਰੇ ਮਿੱਤਰ ਦੇ ਇਕ ਜਾਣੂ ਸਿੱਖ ਨੌਜਵਾਨ ਸਾਡੀ ਉਡੀਕ ਕਰ ਰਹੇ ਹਨ। ਮਿੱਤਰ ਨੇ ਇਨ੍ਹਾਂ ਨਾਲ ਮੇਰੀ ਜਾਣ ਪਛਾਣ ਕਰਾ ਦਿੱਤੀ। ਇਹੀ ਕਰਤਾਰ ਸਿੰਘ ਸਨ। ਇਹ ਗੱਡੀ ਵਿਚ ਸਵਾਰ ਹੋ ਕੇ ਸਾਡੇ ਨਾਲ ਜਲੰਧਰ ਲਈ ਰਵਾਨਾ ਹੋ ਗਏ।’’

ਇਨਕਲਾਬੀ ਕਵੀ ਅਮਰੀਕ ਚੰਦਨ ਅਨੁਸਾਰ : ‘‘ਬੜੇ ਸਾਲ ਪਹਿਲਾਂ ਕੀਰਤੀ ਪਾਰਟੀ ਦੇ ਬਾਬਿਆਂ ਨੇ ਕਰਤਾਰ ਸਿੰਘ ਸਰਾਭੇ ਦੀ ਮਿਲਦੀ ਇਕੋ ਇਕ ਬੋਦਿਆਂ ਵਾਲੀ ਤਸਵੀਰ ਨੂੰ ਅੰਮ੍ਰਿਤਸਰ ਦੇ ਗੁਰਦਿਆਲ ਫੋਟੋਗ੍ਰਾਫਰ ਨੂੰ ਆਖ ਕੇ ਭੱਦੀ ਜਿਹੀ ਪੱਗ ਬਣਵਾ ਦਿੱਤੀ ਸੀ।’’ ਕੀਰਤੀ ਬਾਬਿਆਂ ਨੇ ਸਰਾਭੇ ਦੀ ਬੋਦਿਆਂ ਵਾਲੀ ਫ਼ੋਟੋ ’ਤੇ ਪੱਗ ਇਸ ਕਰਕੇ ਬਨ੍ਹਵਾਈ ਸੀ, ਕਿਉਂਕਿ ਉਨ੍ਹਾਂ ਜਿਹੋ ਜਿਹਾ ਸਰਾਭਾ ਦੇਖਿਆ ਸੀ, ਉਹ ਉਸ ਨੂੰ ਉਹੋ ਜਿਹਾ ਹੀ ਦੇਖਣਾ ਚਾਹੁੰਦੇ ਸਨ। ਉਹ ਨਹੀਂ ਸੀ ਚਾਹੁੰਦੇ ਕਿ ਉਸ ਦਾ ਗ਼ਲਤ ਪ੍ਰਭਾਵ ਪਾਉਣ ਵਾਲੀ ਫ਼ੋਟੋ ਲੋਕਾਂ ਵਿਚ ਜਾਵੇ। ਇਹ ਦੇਖ ਕੇ ਉਨ੍ਹਾਂ ਅੰਦਰ ਖੋਹ ਪੈਂਦੀ ਸੀ।

ਗੱਦਰ ਦੀ ਅਸਫਲਤਾ ਤੋਂ ਬਾਅਦ ਜਦ 19 ਫਰਵਰੀ 1915 ਦਾ ਗ਼ਦਰ ਫ਼ੇਲ੍ਹ ਹੋ ਗਿਆ ਤਾਂ ਲਹਿਰ ਦੀ ਇਕ ਤਰ੍ਹਾਂ ਨਾਲ ਰੀੜ੍ਹ ਹੀ ਟੁੱਟ ਗਈ ਸੀ। ਫੜੋ ਫੜੀ ਅਤੇ ਜਬਰ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ ਸੀ। ਪਾਰਟੀ ਦੇ ਲਾਹੌਰ ਵਿਚਲੇ ਚਾਰੇ ਹੈਂਡ ਕੁਆਟਰਾਂ ’ਤੇ ਛਾਪੇ ਪੈ ਗਏ ਸਨ ਤੇ ਦਰਜਨਾਂ ਹੀ ਗ਼ਦਰੀ ਪੁਲਿਸ ਦੇ ਹੱਥ ਆ ਗਏ ਸਨ, ਉਹ ਕਮਰਾ ਹੀ ਛਾਪੇ ਤੋਂ ਬਚਿਆ ਸੀ ਜਿੱਥੇ ਬੰਗਾਲੀ ਇਨਕਲਾਬੀ ਰਾਮ ਬਿਹਾਰੀ ਬੋਸ ਰੁਕਿਆ ਹੋਇਆ ਸੀ। ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਉਸ ਨੂੰ ਦਿੱਲੀ ਵੱਲ ਦੀ ਗੱਡੀ ਚੜ੍ਹਾ ਦਿੱਤਾ। ਬੋਸ ਸਿੱਧਾ ਦੇਹਰਾਦੂਨ ਪ੍ਰੋ. ਪੂਰਨ ਸਿੰਘ ਕੋਲ ਚਲਿਆ ਗਿਆ। ਜਿੱਥੇ ਉਹ ਪ੍ਰੋਫੈਸਰ ਸਾਹਿਬ ਦੇ ਅਧੀਨ ਜੰਗਲਾਤ ਵਿਭਾਗ ਵਿਚ ਨੌਕਰੀ ਕਰਦਾ ਰਿਹਾ ਸੀ। ਪ੍ਰੋ. ਪੂਰਨ ਸਿੰਘ ਹੋਰਾਂ ਨੇ ਉਸ ਨੂੰ ਬੱਚ ਬਚਾ ਕੇ ਜਪਾਨ ਭੇਜ ਦਿੱਤਾ, ਜਿੱਥੇ ਪ੍ਰੋ. ਸਾਹਿਬ ਦੇ ਪੜ੍ਹਾਈ ਦੌਰਾਨ ਦੇ ਦੋਸਤ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ, ਭਾਈ ਜਗਤ ਸਿੰਘ ਤੇ ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ ਨੇ ਅਫ਼ਗ਼ਾਨਿਸਤਾਨ ਦੀ ਸਰਹੱਦ ਵੱਲ ਬੱਚ ਕੇ ਨਿਕਲ ਜਾਣ ਦਾ ਫ਼ੈਸਲਾ ਕਰ ਲਿਆ। ਉਹ ਲਾਇਲਪੁਰ ਤੋਂ ਸ. ਹਰਚੰਦ ਸਿੰਘ ਰਾਈਸ ਲਾਇਲਪੁਰ ਜੋ ਰਕਾਬ ਗੰਜ ਐਜੀਟੇਸ਼ਨ ਦੇ ਆਗੂ ਸਨ, ਕੋਲੋਂ 100 ਰੁਪਿਆ ਲੈ ਕੇ ਪਠਾਣੀ ਭੇਸ ਤਾਰ ਕੇ ਪਿਸ਼ੌਰ ਚਲੇ ਗਏ। ਪਿਸ਼ੌਰ ਉਹ ਸਿੰਘ ਸਭਾ ਸਦਰ ਦੇ ਗੁਰਦੁਆਰੇ ਵਿਚ ਠਹਿਰੇ, ਜਿੱਥੇ ਦਾ ਗ੍ਰੰਥੀ ਭਾਈ ਵਾਗ ਸਿੰਘ ਸੀ, ਭਾਈ ਵਾਂਗ ਸਿੰਘ ਦੀ ਸਿੱਖ ਪੰਥ ਵਿਚ ਚੰਗੀ ਮਾਨਤਾ ਸੀ। ਨਾਵਲਕਾਰ ਨਾਨਕ ਸਿੰਘ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ। ਸਵੇਰੇ ਤਿੰਨੇ ਜਣੇ ਊਠ ’ਤੇ ਸਮਾਨ ਲੱਦ ਕੇ ਪਿਸ਼ੌਰ ਤੋਂ ਮਿਚਨੀ ਪਹੁੰਚ ਗਏ, ਇਹ ਥਾਂ ਉਤਰ ਪੱਛਮ ਵੱਲ ਹੈ, ਇੱਥੇ ਜਾ ਕੇ ਉਹ ਨਦੀ ਦੇ ਕਿਨਾਰੇ ਆਰਾਮ ਕਰਨ ਬੈਠ ਗਏ। ਭਾਈ ਕਰਤਾਰ ਸਿੰਘ ਨੇ ‘ਗ਼ਦਰ’ ਅਖ਼ਬਾਰ ਵਿਚ ਛਪ ਚੁੱਕੀ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ, ਜੋ ਉਸ ਦੇ ਮੂੰਹ ਜ਼ੁਬਾਨੀ ਯਾਦ ਸੀ।

‘ਹਿੰਦ ਦੇ ਬਹਾਦਰੋ ਕਿਉਂ ਬੈਠੇ ਚੁੱਪ ਜੀ,
ਅੱਗ ਲੱਗੀ ਦੇਸ਼ ਨਾ ਸਹਾਰੋ ਧੁੱਪ ਜੀ,
ਬੁਝਣੀ ਇਹ ਤਾਂ ਹੀ ਹੈ ਸਰੀਰ ਤਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸਿਰ ਦਿੱਤੇ ਬਾਝ ਨਹੀਂ ਕੰਮ ਸਰਨਾ,
ਯੁੱਧ ਵਿਚ ਪਵੇਗਾ ਜ਼ਰੂਰ ਮਰਨਾ,
ਪਾਵੋ ਲਲਕਾਰ ਸ਼ੇਰਾਂ ਵਾਂਗ ਗੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਸ਼ੇਰ ਹੋ ਕੇ ਗਿੱਦੜਾਂ ਦਾ ਕਰੋ ਕੰਮ ਉਏ,
ਸੁਣ ਕੇ ਗੱਦਰ ਦਿਲ ਖਵੇ ਗੰਮ ਉਏ,
ਜਿੱਦੀ ਬਣੋ ਸ਼ੇਰੋ ਕਿਉਂ ਮੈਦਾਨੋਂ ਭੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਹੱਥ ਸ਼ਮਸ਼ੇਰ ਕੂਦ ਪਓ ਮੈਦਾਨ ਜੀ,
ਮਾਰ ਮਾਰ ਵੈਰੀਆਂ ਦੇ ਲਾਹੋ ਆਣ ਜੀ,
ਵੈਰੀਆਂ ਦਾ ਆਓ ਲਹੂ ਪੀਏ ਰੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ,
ਮਾਰ ਲਈਏ ਵੈਰੀ ਮਰ ਜਾਈਏ ਆਪ ਜਾਂ,
ਕਾਇਰਤਾ ਗਰੀਬੀ ਮਿੱਟ ਜਾਵੇ ਤਾਪ ਤਾਂ,
ਪਾ ਲਈਏ ਸ਼ਹੀਦੀ ਸਿੰਘ ਸ਼ੇਰ ਸੱਜ ਕੇ,
ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ”

ਇਹ ਨਿਰੀ ਪੂਰੀ ਕਵਿਤਾ ਹੀ ਨਹੀਂ ਸੀ, ਪੂਰਾ ਸਿੱਖ ਇਤਿਹਾਸ ਤੇ ਗੁਰੂ ਸਾਹਿਬ ਉਨ੍ਹਾਂ ਦੇ ਸਾਹਮਣੇ ਆ ਖੜੇ ਸਨ। ਸਿੱਖ ਧਰਮ ਦਾ ਨੈਤਿਕ ਕਦਰ ਪ੍ਰਬੰਧ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਸੀ, ਕਿ ਉਹ ਮੈਦਾਨੋਂ ਨੱਸ ਜਾਣ, ਇਹ ਆਪਣੇ ਗੁਰੂ ਵੱਲੋਂ ਪਿੱਠ ਮੋੜਨਾ ਸੀ। ਇਹ ਆਪਣੇ ਧਰਮ ਨੂੰ ਕਲੰਕ ਲਾਉਣਾ ਸੀ। ਰਾਸ ਬਿਹਾਰੀ ਸਾਹਮਣੇ ਅਜਿਹੀ ਕੋਈ ਰੋਕ ਨਹੀਂ ਸੀ। ਉਹ ਭੱਜ ਕੇ ਜਾਪਾਨ ਚਲਿਆ ਗਿਆ। ਸਿੱਖ ਵਿਰਸੇ ਨੇ ਭਾਈ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਪੈਰਾਂ ਨੂੰ ਜੂੜ ਪਾ ਲਿਆ ਸੀ। ਉਨ੍ਹਾਂ ਨੇ ਪਿੱਛੇ ਮੁੜ ਕੇ ਫਿਰ ਲੜਾਈ ਲੜਨ ਦਾ ਫ਼ੈਸਲਾ ਕਰ ਲਿਆ। ਮਿਚਨੀ ਤੋਂ ਵਾਪਸ ਪਿਸ਼ੌਰ ਪਰਤ ਆਏ। ਪਿਸ਼ੌਰ ਲਾਲੇਮੂਸਾ ਦਾ ਟਿਕਟ ਲਿਆ। ਉੱਥੋਂ ਗੱਡੀ ਬਦਲ ਕੇ ਬਲਵਾਲ ਜਾ ਪਹੁੰਚੇ, ਪਠਾਣੀ ਕੱਪੜੇ ਲਾਹ ਕੇ ਗਠੜੀ ਵਿਚ ਬੰਨ੍ਹ ਲਏ। ਸਟੇਸ਼ਨ ਦੇ ਲਾਗੇ ਹੀ ਚੈਂਕ ਨੰਬਰ 5 ਸੀ, ਇੱਥੋਂ ਦੇ ਪੈਨਸਨੀ ਸਿਪਾਹੀ ਰਜਿੰਦਰ ਸਿੰਘ ਨੇ ਭਾਈ ਜਗਤ ਸਿੰਘ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ।19 ਰਜਿੰਦਰ ਸਿੰਘ ਨੇ ਰਸਾਲਦਾਰ ਗੰਡਾ ਸਿੰਘ ਨੂੰ ਦਸ ਦਿੱਤਾ , ਉਸ ਨੇ ਪੁਲਿਸ ਕੋਲ ਮੁਖ਼ਬਰੀ ਕਰ ਦਿੱਤੀ। ਸੀ.ਆਈ.ਡੀ. ਦੇ ਡਿਪਟੀ ਐਲ.ਐਲ. ਟਾਪਕਿਨ ਅਤੇ ਦਰੋਗ਼ਾ ਲਿਆਕਤ ਖ਼ਾਨ ਨੇ ਭਾਰੀ ਫੋਰਸ ਲਿਜਾ ਕੇ 3 ਮਾਰਚ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ, ਸੁਰ ਸਿੰਘ, ਭਾਈ ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫ਼ਤਾਰ ਕਰ ਲਿਆ।

ਫਾਂਸੀ ਦੇ ਤਖ਼ਤੇ ਤੋਂ ਲਾਹੌਰ ਵਿਚ 82 ਗ਼ਦਰੀਆਂ ’ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਜਿਸ ਵਿਚ 62 ਮੁਲਜ਼ਮ ਹਾਜ਼ਰ ਸਨ। ਇਸ ਕੇਸ ਵਿਚ ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਨਿਧਾਨ ਸਿੰਘ ਚੁੱਗਾ ਸਮੇਤ ਗ਼ਦਰ ਲਹਿਰ ਦੀ ਲਗਭਗ ਸਮੁੱਚੀ ਲੀਡਰ ਸਿੱਖ ਸ਼ਾਮਿਲ ਸੀ। ਜੇਲ੍ਹ ਵਿਚ ਵਿਆਹ ਵਰਗਾ ਮਾਹੌਲ ਸੀ। ਕਿਸੇ ਨੂੰ ਵੀ ਮੌਤ ਦਾ ਭੈ ਨਹੀਂ ਸੀ। ਦਿਨ ਰਾਤ ਜੇਲ੍ਹ ਵਿਚ ਗੁਰਬਾਣੀ ਦਾ ਪਾਠ ਤੇ ਕੀਰਤਨ ਚਲਦਾ ਰਹਿੰਦਾ ਸੀ। ਗ਼ਦਰੀ ‘ਗ਼ਦਰ ਦੀਆਂ ਗੂੰਜਾਂ’ ਦੀਆਂ ਕਵਿਤਾਵਾਂ ਗਾਉਂਦੇ ਰਹਿੰਦੇ ਸਨ। ਭਾਈ ਕਰਤਾਰ ਸਿੰਘ ਸਰਾਭਾ ਦੇ ਚਿਹਰੇ ’ਤੇ ਅਨੋਖਾ ਜਲਾਲ ਸੀ। ਉਹ ਦਿਨ ਰਾਤ ਹੱਸਦਾ ਖੇਡਦਾ ਰਹਿੰਦਾ ਸੀ ਤੇ ਸਭ ਦਾ ਮਨ ਪਰਚਾਈ ਰੱਖਦਾ ਸੀ। ਜੇਲ੍ਹ ਅਮਲੇ ਤੋਂ ਉਹ ਭੋਰਾ ਵੀ ਨਹੀਂ ਛਿਪਦਾ ਸੀ। ਸੁਪਰਡੈਂਟ ਨੂੰ ਹੱਸ ਕੇ ਆਖਦਾ ਸੀ, ਤੁਸੀਂ ਸਾਨੂੰ ਫਾਂਸੀ ਹੀ ਦੇ ਦਿਉਂਗੇ? ਹੋਰ ਕੀ ਕਰ ਲਉਗੇ?

ਮੁਕੱਦਮੇ ਦੌਰਾਨ ਜੱਜਾਂ ਨੇ ਲਿਖਿਆ ਸੀ ਕਿ ਆਪਣੀ ਉਮਰ ਦੇ ਬਾਵਜੂਦ ਉਹ ਉਨ੍ਹਾਂ 61 ਮੁਲਜ਼ਮਾਂ ਵਿਚੋਂ ਸਭ ਤੋਂ ਮਹੱਤਵਪੂਰਨ ਵਿਅਕਤੀਆਂ ਵਿਚੋਂ ਇਕ ਹੈ, ਤੇ ਉਸ ਦਾ ‘ਤੋਜੀਅਰ’ (ਗੁਪਤ ਫਾਈਲ) ਸਭ ਤੋਂ ਭਾਰੀ ਹੈ। ਇਸ ਸਾਜ਼ਿਸ਼ ਵਿਚ ਅਮਰੀਕਾ ਸਮੇਤ ਦੇ ਰਸਤੇ ਦੇ ਅਤੇ ਭਾਰਤ ਵਿਚ ਅਜਿਹੀ ਕੋਈ ਕਾਰਵਾਈ ਨਹੀਂ ਜਿਸ ਵਿਚ ਮੁਲਜ਼ਮ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ। ਮੁਕੱਦਮੇ ਦੌਰਾਨ ਜਿਸ ਦਲੇਰੀ ਨਾਲ ਭਾਈ ਕਰਤਾਰ ਸਿੰਘ ਨੇ ਬਿਆਨ ਦਿੱਤੇ ਸਨ, ਉਸ ਨੇ ਜੱਜਾਂ ਨੂੰ ਵੀ ਅਚੰਭੇ ਵਿਚ ਪਾ ਦਿੱਤਾ। ਉਸ ਨੂੰ ਮੌਤ ਦਾ ਭੋਰਾ ਭੈ ਨਹੀਂ ਸੀ। ਜੱਜਾਂ ਨੇ 13 ਸਤੰਬਰ 1915 ਨੂੰ ਫ਼ੈਸਲਾ ਸੁਣਾਇਆ। ਜਿਸ ਵਿਚ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਭਾਈ ਕਰਤਾਰ ਸਿੰਘ ਸਰਾਭਾ ਸਮੇਤ 24 ਗਦਰਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਾਇਸਰਾਏ ਦੀ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗਦਰਿਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ। ਭਾਈ ਕਰਤਾਰ ਸਿੰਘ ਸਰਾਭਾ, ਭਾਈ ਜਗਤ ਸਿੰਘ , ਸੁਰ ਸਿੰਘ, ਸ. ਬਸ਼ਿਨੂ ਗਣੇਸ਼ ਪਿੰਗਲੇ, ਬਖ਼ਸ਼ੀਸ਼ ਸਿੰਘ ਗਿੱਲ ਵਾਲੀ ਸੁਰੈਣ ਸਿੰਘ ਇੱਕ ਤੇ ਸੁਰੈਣ ਸਿੰਘ ਦੂਜਾ ਸਮੇਤ 7 ਜਣਿਆਂ ਦੀ ਫਾਂਸੀ ਬਰਕਰਾਰ ਰੱਖੀ ਗਈ।

ਅਖੀਰ ਫਾਂਸੀ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਸਰਾਭੇ ਦਾ ਦਾਦਾ ਬਚਨ ਸਿੰਘ ਆਖ਼ਰੀ ਮੁਲਾਕਾਤ ਕਰਨ ਲਈ ਆਇਆ। ਉਸ ਵਕਤ ਕਰਤਾਰ ਸਿੰਘ ਦੇ ਚਿਹਰੇ ’ਤੇ ਅਨੋਖਾ ਜਲਾਲ ਸੀ। ਦਾਦਾ ਪੋਤਰੇ ਨੂੰ ਦੇਖ ਕੇ ਭਾਵਨਾਵਾਂ ਦੇ ਵਹਿਣ ਵਿਚ ਵਹਿ ਤੁਰਿਆ। ਦਾਦੇ ਨੂੰ ਫਿਸਿਆ ਦੇਖ ਕੇ ਭਾਈ ਕਰਤਾਰ ਸਿੰਘ ਨੇ ਉਨ੍ਹਾਂ ਨੂੰ ਹੋਂਸਲਾ ਦਿੰਦਿਆਂ ਕਿਹਾ, ਬਾਬਾ ਜੀ ਗੁਰਸਿੱਖ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ?

15 ਨਵੰਬਰ ਦੀ ਰਾਤ ਨੂੰ ਜੇਲ੍ਹ ਵਿਚ ਕੋਈ ਨਾ ਸੁੱਤਾ, ਸਾਰਿਆਂ ਨੇ ਰਲ ਕੇ ਇਕ ਸਾਂਝੀ ਕਵਿਤਾ ਤਿਆਰ ਕੀਤੀ, ਜੋ ਰਲ ਮਿਲ ਕੇ ਪੜ੍ਹੀ ਗਈ।24 ਅੰਮ੍ਰਿਤ ਵੇਲੇ ਭਾਈ ਕਰਤਾਰ ਸਿੰਘ ਸਮੇਤ ਸੱਤਾਂ ਜਣਿਆਂ ਨੂੰ ਕੇਸੀਂ ਇਸ਼ਨਾਨ ਕਰਵਾਇਆ ਗਿਆ। ਫਾਂਸੀ ਦੇ ਤਖ਼ਤਿਆਂ ਵੱਲ ਜਾਂਦੇ ਹੋਏ ਸਰਾਭੇ ਹੋਰਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ

ਸੁਣਨਾ ਖ਼ਾਲਸਾ ਸੀ ਸਾਡੇ ਕੂਚ ਡੇਰੇ,
ਅਸੀਂ ਆਖ਼ਰੀ ਫ਼ਤਿਹ ਗਜਾ ਚਲੇ,
ਕੰਮ ਅਸਾਂ ਦੇ ਅੱਜ ਤੋਂ ਖ਼ਤਮ ਹੋ ਗਏ,
ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ।
ਕੋਠੜੀਆਂ ਵਿਚ ਬੰਦ ਕੈਦੀਆਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ‘ਸੱਚਖੰਡ ਜਾਣ ਵਾਲਿਓ ਸਾਡੇ ਜਾ ਕੇ ਸੁਨੇਹੜੇ ਤੁਸੀਂ ਦੇਣੇ’ ਉਨ੍ਹਾਂ ਦੇ ਜਾਂਦਿਆਂ ਹੀ ਕੋਠੜੀਆਂ ਵਿਚੋਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੂੰਜ ਉੱਠੇ।

ਹਵਾਲੇ

 1. ਵਲੇਰੀ ਮੁਖੀਨਾ, ‘ਬੱਚੇ ਤੋਂ ਇਸ਼ਨਾਨ’ ਪੰਨਾ – 27
 2. ਸੁਰਜੀਤ ਸਿੰਘ ਢਿੱਲੋਂ, ਪੰਜਾਬੀ ਟ੍ਰਿਬਊਨ 25 ਮਈ 2014
 3. ਸਰਾਭੇ ਦੇ ਸਾਥੀ ਗਿ. ਹਰਭਜਨ ਸਿੰਘ ਸਾਥੀ (ਸੰਪਾਦਕ ਗਿ. ਅਜਮੇਰ ਸਿੰਘ ਲੋਹਗੜ੍ਹ) ਪੰਨਾ 22-23
 4. ਭਾਈ ਸਾਹਿਬ ਰਣਧੀਰ ਸਿੰਘ, ਜੇਲ੍ਹ ਚਿੱਠੀਆਂ, ਪੰਨਾ 84-85
 5. ਗਿ. ਹਰਭਜਨ ਸਿੰਘ ਚਮਿੰਡਾ ‘ਬਾਲਾ ਜਰਨੈਲ’ ਪੰਨਾ – 5
 6. ‘ਕਿਰਤੀ’ ਅਪ੍ਰੈਲ 1927
 7. F.C Isemonger and J. Slattery, Ghadar Conspisracy Report, p-51
 8. Emily C. Brown, Hardayal: Hindu Revolutionary and Rationalist, P-141-42
 9. ਗ਼ਦਰੀ ਬਾਬਾ ਭਗਵਾਨ ਸਿੰਘ ‘ਪ੍ਰੀਤਮ’ (ਸੰਪਾਦਕ : ਡਾ. ਗੁਰਦੇਵ ਸਿੰਘ ਸਿੱਧੂ, ਸੁਰਿੰਦਰਪਾਲ ਸਿੰਘ ) ਪੰਨਾ 74-75
 10. ਸਚਿੰਦਰ ਨਾਥ ਸਨਿਆਲ, ‘ਬੰਦੀ ਜੀਵਨ’ ਪੰਨਾ – 49
 11. ਲਿਖਤਾਂ : ਗਦਰੀ ਬਾਬਾ ਜਵਾਲਾ ਸਿੰਘ (ਸੰਪਾਦਕ: ਬਲਵੀਰ ਪਰਵਾਨਾ) ਪੰਨਾ – 49
 12. Sir Michael O’ Dwyer, ‘India as i knew it’ P-190
 13. ਗੁਰਚਰਨ ਸਿੰਘ ਸਹਿੰਦਰਾ, ‘ਗਦਰੀ ਪਾਰਟੀ ਦਾ ਇਤਿਹਾਸ’ ਪੰਨਾ 71
 14. ਸਚਿੰਦਰ ਨਾਥ ਸਨਿਆਲ ‘ਬੰਦੀ ਜੀਵਨ’ ਪੰਨਾ – 19
 15. ਅਮਰਜੀਤ ਚੰਦਨ ‘ਫੈਲਸੂਫੀਆਂ’ ਪੰਨਾ – 42
 16. Statment of parmanand Jhansi, ‘The Makers of Modern Punjab (Compiled by Dr. Kirpal Singh,Prithipal singh Kapur) p-139,
 17. ਪੂਰਨ ਸਿੰਘ ਜੀਵਨੀ ਤੇ ਕਵਿਤਾ (ਸੰਪਾਦਕ: ਮਹਿੰਦਰ ਸਿੰਘ ਰੰਧਾਵਾ) ਪੂਰਨ ਸਿੰਘ ਦੀ ਪਤਨੀ ਮਾਇਆ ਦੇਵੀ ਦਾ ਬਿਆਨ – ਪੰਨਾ 70
 18. ਗਿ. ਹੀਰਾ ਸਿੰਘ ਦਰਦ, ”ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ, ਪੰਨਾ – 28
 19. ਉਪਰੋਕਤ ਪੰਨਾ 29
 20. ਭਾਈ ਪਰਮਾਨੰਦ, ‘ਮੇਰੀ ਆਪ ਬੀਤੀ’ ਪੰਨਾ 70
 21. First Lahor conspiracy case (eds: Malwinderjit Singh Waraich, Harish Jain) P-126
 22. ਪ੍ਰਿਥਵੀ ਸਿੰਘ ਅਜ਼ਾਦ, ‘ਕ੍ਰਾਂਤੀ ਪੱਖ ਦਾ ਪਥਿਕ’ ਪੰਨਾ – 99
 23. ਸੰਤ ਸਿਪਾਹੀ ਵਸਾਖਾ ਸਿੰਘ ‘ਮਾਲਵਾ ਸਿੱਖ ਇਤਿਹਾਸ’ ਭਾਗ ਦੂਜਾ ਪੰਨਾ – 313
 24. ‘ਕਿਰਤੀ’ ਅਗਸਤ 1926
 25. ਸੰਤ ਸਿਪਾਹੀ ਵਸਾਖਾ ਸਿੰਘ, ‘ਮਾਲਵਾ ਸਿੰਘ ਇਤਿਹਾਸ’ (ਭਾਗ ਦੂਜਾ) ਪੰਨਾ – 312

ਸੰਪਰਕ ਨੰ: 98157-51332

 • 108
 •  
 •  
 •  
 •