ਭਾਰਤ ਵਿਚ ਹਿੰਸਾ ਅਤੇ ਜਾਤ ਆਧਾਰਿਤ ਸਿਆਸਤ: ਓਬਾਮਾ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੀਂ ਕਿਤਾਬ ‘ਏ ਪ੍ਰੌਮਿਸਡ ਲੈਂਡ’ ਵਿੱਚ ਇਕ ਤਰ੍ਹਾਂ ਨਾਲ ਪੱਛਮ ਦੀ ਭਾਰਤ ਬਾਰੇ ਬਣੀ ਉਸ ਧਾਰਨਾ ਦੀ ਹੀ ਵਿਆਪਕ ਤਸਵੀਰ ਪੇਸ਼ ਕੀਤੀ ਗਈ ਹੈ ਜਿਸ ਮੁਤਾਬਕ ਇਥੇ ਹਿੰਸਾ ਅਤੇ ਸਿਆਸਤ; ਧਰਮ, ਜਾਤ-ਪਾਤ ਤੇ ਪਰਿਵਾਰਵਾਦ ਦੁਆਲੇ ਘੁੰਮਦੀ ਹੈ। ਉਨ੍ਹਾਂ ਲਿਖਿਆ ਹੈ ਕਿ ਲੱਖਾਂ ਲੋਕ ਗੰਦਗੀ ਅਤੇ ਝੁੱਗੀ-ਝੌਂਪੜੀਆਂ ’ਚ ਰਹਿੰਦੇ ਹਨ ਜਦਕਿ ਵੱਡੇ ਕਾਰੋਬਾਰੀ ਰਾਜਿਆਂ ਤੇ ਮੁਗਲਾਂ ਵਰਗਾ ਆਲੀਸ਼ਾਨ ਜੀਵਨ ਬਤੀਤ ਕਰ ਰਹੇ ਹਨ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਊਨ੍ਹਾਂ ਕਿਹਾ ਹੈ ਕਿ ਊਹ ਸਭ ਤੋਂ ਤਾਕਤਵਰ ਸਿਆਸਤਦਾਨ ਬਣ ਕੇ ਉੱਭਰੀ ਜਿਸ ਨੇ ਘੱਟ ਗਿਣਤੀ ਫਿਰਕੇ ਦੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਾਇਆ। ਉਨ੍ਹਾਂ ਅਨੁਸਾਰ ਪਾਕਿਸਤਾਨ ਪ੍ਰਤੀ ਹਮਲਾਵਰ ਰੁਖ ਅਪਣਾ ਕੇ ਭਾਰਤ ਅੰਦਰ ਤੇਜ਼ੀ ਨਾਲ ਕੌਮੀ ਏਕਤਾ ਪੈਦਾ ਕੀਤੇ ਜਾਣ ਦੇ ਯਤਨ ਕੀਤੇ ਜਾਂਦੇ ਹਨ। ‘ਬਹੁਤੇ ਭਾਰਤੀ ਇਸ ਗੱਲ ’ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮੁਲਕ ਨੇ ਪਾਕਿਸਤਾਨ ਨਾਲ ਟਾਕਰੇ ਲਈ ਪਰਮਾਣੂ ਹਥਿਆਰ ਵਿਕਸਤ ਕੀਤੇ ਹਨ ਪਰ ਉਹ ਇਸ ਤੱਥ ਤੋਂ ਨਾਵਾਕਫ ਹਨ ਕਿ ਇਕ ਗਲਤੀ ਨਾਲ ਖ਼ਿੱਤੇ ਦਾ ਵਜੂਦ ਖ਼ਤਮ ਹੋਣ ਦਾ ਖ਼ਤਰਾ ਖੜ੍ਹਾ ਹੋ ਸਕਦਾ ਹੈ।’

ਉਨ੍ਹਾਂ ਕਿਤਾਬ ਅੰਦਰ ਆਧੁਨਿਕ ਭਾਰਤ ਦੀ ਸਫ਼ਲ ਕਹਾਣੀ, ਸਰਕਾਰਾਂ ’ਚ ਵਾਰ-ਵਾਰ ਤਬਦੀਲੀ, ਸਿਆਸੀ ਪਾਰਟੀਆਂ ਅੰਦਰ ਕੁੜੱਤਣ, ਹਥਿਆਰਬੰਦ ਵੱਖਵਾਦੀ ਮੁਹਿੰਮਾਂ ਅਤੇ ਘੁਟਾਲਿਆਂ ਨੂੰ ਵੀ ਥਾਂ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਰਥਿਕ ਸੁਧਾਰਾਂ ਨੇ ਲੱਖਾਂ ਲੋਕਾਂ ਨੂੰ ਗਰੀਬੀ ’ਚੋਂ ਕੱਢਿਆ। ਉਹ ਮਨਮੋਹਨ ਸਿੰਘ ਤੋਂ ਪ੍ਰਭਾਵਿਤ ਹੋਏ ਜਿਨ੍ਹਾਂ ਨੂੰ ਉਨ੍ਹਾਂ ਨੇ ਅਕਲਮੰਦ, ਸੂਝਵਾਨ ਅਤੇ ਹੱਦ ਤੋਂ ਵੱਧ ਇਮਾਨਦਾਰ ਕਿਹਾ। ‘ਸਫ਼ੈਦ ਦਾਹੜੀ ਅਤੇ ਦਸਤਾਰ ਸਜਾਊਣ ਵਾਲਾ ਬੇਹਿਸਾਬ ਅਕਲਮੰਦ ਵਿਅਕਤੀ ਪੱਛਮ ਦੀ ਨਜ਼ਰ ’ਚ ਪਵਿੱਤਰ ਵਿਅਕਤੀ ਹੈ।’

ਓਬਾਮਾ ਨੇ 2010 ’ਚ ਜਦੋਂ ਰਾਤ ਦੇ ਭੋਜਨ ਸਮੇਂ ਇਕੱਲਿਆਂ ਗੱਲਬਾਤ ਕੀਤੀ ਸੀ ਤਾਂ ਮਨਮੋਹਨ ਸਿੰਘ ਨੇ ਭਾਜਪਾ ਦੇ ਉਭਾਰ ਦਾ ਖ਼ਦਸ਼ਾ ਜਤਾਇਆ ਸੀ ਅਤੇ ਓਬਾਮਾ ਨੇ ਲਿਖਿਆ ਹੈ ਕਿ ਉਹ ਵੀ ਹੈਰਾਨ ਸਨ ਕਿ ਜਦੋਂ ਮਨਮੋਹਨ ਸਿੰਘ ਅਹੁਦੇ ਤੋਂ ਲਾਂਭੇ ਹੋਣਗੇ ਤਾਂ ਮੁਲਕ ਦਾ ਕੀ ਬਣੇਗਾ। ਡਿਨਰ ਦੌਰਾਨ ਸੋਨੀਆ ਨੀਤੀਗਤ ਮਾਮਲਿਆਂ ’ਤੇ ਮਨਮੋਹਨ ਸਿੰਘ ਤੋਂ ਉਲਟ ਵਿਚਾਰ ਪ੍ਰਗਟਾ ਰਹੀ ਸੀ ਪਰ ਊਸ ਨੇ ਸਾਰੀ ਗੱਲਬਾਤ ਆਪਣੇ ਪੁੱਤਰ ਵੱਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਬਾਰੇ ਓਬਾਮਾ ਨੇ ਕਿਹਾ ਕਿ ਉਹ ਥੋੜ੍ਹਾ ਘਬਾਇਆ ਅਤੇ ਅਯੋਗ ਨਜ਼ਰ ਆਇਆ ਜਿਸ ’ਚ ਜਨੂੰਨ ਦੀ ਕਮੀ ਸੀ।

  • 992
  •  
  •  
  •  
  •