ਧਾਰਾ 370 ਦੇ ਬਹਾਨੇ ਮੁਸਲਮਾਨਾਂ ਦੀ ਜ਼ਮੀਨ ਖੋਹਣਾ ਚਾਹੁੰਦੀ ਹੈ ਸਰਕਾਰ: ਮਹਿਬੂਬਾ ਮੁਫਤੀ

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ। ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਭਾਜਪਾ ਸਰਕਾਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਕਸ਼ਮੀਰੀਆਂ ਨੂੰ ਇੱਥੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਬਾਹਰੋਂ ਆਏ ਲੋਕਾਂ ਨੂੰ ਇੱਥੇ ਵਸਾਇਆ ਜਾ ਰਿਹਾ ਹੈ। ਮਹਿਬੂਬਾ ਮੁਫਤੀ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਹੈ। ਮਹਿਬੂਬਾ ਮੁਫਤੀ ਨੇ ਸਪੱਸ਼ਟ ਤੌਰ ‘ਤੇ ਦੋਸ਼ ਲਗਾਇਆ ਹੈ ਕਿ 370 ਦੇ ਬਹਾਨੇ ਕੇਂਦਰ ਸਰਕਾਰ ਕਸ਼ਮੀਰ ਦੇ ਮੁਸਲਮਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ ਅਤੇ ਜੰਮੂ-ਕਸ਼ਮੀਰ ਦੀ ਜ਼ਮੀਨ ਆਪਣੇ ਪੂੰਜੀਵਾਦੀ ਸਮਰਥਕਾਂ ਨੂੰ ਵੇਚ ਰਹੀ ਹੈ।

ਮਹਿਬੂਬਾ ਮੁਫਤੀ ਨੇ ਕਿਹਾ ਹੈ, ਸਰਕਾਰ ਗੁੱਜਰ ਬਕਰਵਾਲ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਭਾਰਤ ਦੇ ਹੋਰ ਲੋਕਾਂ ਨੂੰ ਇਥੇ ਵਸਾਉਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਇਥੋਂ ਦੇ ਲੋਕ ਭੱਜ ਜਾਣ। ਮਹਿਬੂਬਾ ਮੁਫਤੀ ਨੇ ਕਿਹਾ ਹੈ, “ਜੰਮੂ ਕਸ਼ਮੀਰ ਵਿੱਚ ਇੱਕ ਗੈਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਕਾਰਵਾਈ ਦੇ ਤਹਿਤ ਗੁੱਜਰ ਬਾਕਰਵਾਲ ਭਾਈਚਾਰੇ ਨੂੰ ਖਦੇੜਿਆ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਦੇ ਨਵੇਂ ਜ਼ਮੀਨੀ ਬਿੱਲ ‘ਤੇ ਸਵਾਲ ਖੜੇ ਕੀਤੇ ਹਨ ਅਤੇ ਸਰਕਾਰ ‘ਤੇ ਮੁਸਲਮਾਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।”

ਮੁਫਤੀ ਨੇ ਕਿਹਾ ਹੈ, ਸਰਕਾਰ ਜੰਮੂ ਕਸ਼ਮੀਰ ਦੀ ਜ਼ਮੀਨ ਵੇਚਣਾ ਚਾਹੁੰਦੀ ਹੈ। ਸਰਕਾਰ ਪਹਿਲਾਂ ਹੀ 24 ਹਜ਼ਾਰ ਕਨਾਲ ਜ਼ਮੀਨ ਉਦਯੋਗ ਨੂੰ ਦੇ ਚੁੱਕੀ ਹੈ। ਹੁਣ ਸਰਕਾਰ ਸਥਾਨਕ ਲੋਕਾਂ ਨੂੰ ਜੰਗਲਾਂ ਤੋਂ ਬਾਹਰ ਕੱਢਣਾ ਅਤੇ ਜ਼ਮੀਨ ਵੱਡੇ ਉਦਯੋਗਪਤੀਆਂ ਨੂੰ ਦੇਣਾ ਚਾਹੁੰਦੀ ਹੈ, ਜਿਨ੍ਹਾਂ ਤੋਂ ਉਨ੍ਹਾਂ ਨੂੰ ਫੰਡ ਮਿਲਦੇ ਹਨ। ਮੁਫਤੀ ਨੇ ਦੱਖਣੀ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਗੁੱਜਰ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ। ਜਿਕਰਯੋਗ ਹੈ ਕਿ ਇਹ ਉਜਾੜਾ ਉਸ ਵੇਲੇ ਸ਼ੁਰੂ ਕੀਤਾ ਗਿਆ ਹੈ ਜਦੋਂ ਸਰਦੀਆਂ ਦੀ ਪਹਿਲੀ ਭਾਰੀ ਬਰਫ਼ਬਾਰੀ ਹੋ ਚੁੱਕੀ ਹੈ। ਇਸ ਨਾਲ ਗੁੱਜਰ ਵੀ ਪੰਜਾਬ ਦਾ ਰੁਖ ਕਰ ਸਕਦੇ ਹਨ। ਇਸ ਨਾਲ ਸਿੱਖਾਂ ਦੇ ਇਕੋ ਇਕ ਸੂਬੇ ਪੰਜਾਬ ਅੰਦਰ ਵੀ ਵਸੋਂ ਅਨੁਪਾਤ ਤੇ ਪ੍ਰਭਾਵ ਪੈ ਸਕਦਾ ਹੈ।

  • 202
  •  
  •  
  •  
  •