ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌ ਸਾਲਾ ਸ਼ਤਾਬਦੀ ਮਨਾਈ

ਅੰਮ੍ਰਿਤਸਰ: ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗਲਵਾਰ ਨੂੰ ਆਪਣੀ ਸੌ ਸਾਲਾ ਸ਼ਤਾਬਦੀ ਮਨਾਈ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਸ਼ਤਾਬਦੀ ਦਾ ਮੁੱਖ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਵਿਚ ਤਖਤਾਂ ਦੇ ਜਥੇਦਾਰ, ਸਾਬਕਾ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ, ਮੈਂਬਰ, ਅਕਾਲੀ ਆਗੂ, ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ।

ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿਚ ਆਉਣ ਤੋਂ ਬਾਅਦ ਹੁਣ ਤਕ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਸਿਧਾਂਤਾਂ ਨੂੰ ਅੱਜ ਵੀ ਚੁਣੌਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਸਿੱਖ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਆਖਿਆ ਕਿ ਉਹ ਅੱਜ ਪ੍ਰਣ ਕਰਨ ਕਿ ਸੌ ਸਾਲ ਪੁਰਾਣੀ ਇਸ ਸਿੱਖ ਸੰਸਥਾ ਦੀ ਹੋਂਦ ਨੂੰ ਕਾਇਮ ਰੱਖਣ ਲਈ ਉਹ ਇਸ ਦੀਆਂ ਬਾਹਾਂ ਬਣਨਗੇ। ਉਨ੍ਹਾਂ ਸਮੁੱਚੀ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਸ਼੍ਰੋਮਣੀ ਕਮੇਟੀ ’ਤੇ ਹੋ ਰਹੇ ਹਮਲਿਆਂ ਤੋਂ ਬਚਾਅ ਲਈ ਸਿੱਖ ਕੌਮ ਨੂੰ ਸ਼ੇਰ ਬਿਰਤੀ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।

ਜਥੇਦਾਰ ਨੇ ਗਾਇਬ ਹੋਏ ਸਰੂਪਾਂ ਦੇ ਮਾਮਲੇ ‘ਚ ਵਿਰੋਧ ਕਰ ਰਹੀਆਂ ਕੁਝ ਸਿੱਖ ਜਥੇਬੰਦੀਆਂ ਨੂੰ ਵੀ ਤਾੜਨਾ ਕੀਤੀ ਕਿ ਜੇਕਰ ਜਿੰਦਰੇ ਮਾਰਨੇ ਨੇ ਜਾਂ ਧਰਨੇ ਮਾਰਨੇ ਨੇ ਤਾਂ ਸਿਆਸੀ ਲੋਕਾਂ ਦੇ ਘਰਾਂ ਅੱਗੇ ਜਾ ਕੇ ਮਾਰਨ। ਉਨ੍ਹਾਂ ਉਥੇ ਹੀ ਪੰਜਾਬ ਦੇ ਪਿੰਡਾਂ ‘ਚ ਬੈਠੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਅੱਗੇ ਤੋਂ ਐਸ.ਜੀ.ਪੀ.ਸੀ ਦੇ ਬੂਹਿਆਂ ਨੂੰ ਕੋਈ ਜਿੰਦੇ ਮਾਰੇ ਤਾਂ ਉਹ ਘਰਾਂ ‘ਚ ਚੁੱਪ ਚਾਪ ਨਾ ਬੈਠੇ ਰਹਿਣ ਤੇ ਅਜਿਹੇ ਲੋਕਾਂ ਨੂੰ ਆ ਕੇ ਜਵਾਬ ਦੇਣ।
ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਬਾਰੇ ਬੋਲਦੇ ਹੋਏ ਕਿਹਾ ਕਿ ”ਸ਼੍ਰੋਮਣੀ ਕਮੇਟੀ ਵੱਲੋਂ ਦਿਨ ਰਾਤ ਘਪਲੇ ਦੀ ਜਾਂਚ ਕੀਤੀ ਜਾ ਸੀ ਅਤੇ ਸਾਰੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਤਾਂ ਇਸ ਦੌਰਾਨ ਹੀ ਇੱਕ ਭੱਦਰ ਪੁਰਸ਼ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਜਾਂਚ ‘ਚ ਇੱਕ ਗੱਲ ਲਿਖ ਦੇਣ ਜਿਸ ਨਾਲ ਸਾਰਾ ਪੰਥ ਕਹੇਗਾ ਕਿ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ਕਿ ਉਹ ਜਾਂਚ ‘ਚ ਲਿਖ ਦੇਣ ਕਿ ਬਾਦਲ ਆਏ ਅਤੇ ਪ੍ਰੈੱਸ ਤੋਂ ਸਾਰੇ ਸਰੂਪ ਲਏ ਅਤੇ ਨਾਗਪੁਰ ਪਹੁੰਚਾ ਤੇ।”

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦਾ ਪੁੱਤਰ ਆਖਦਿਆਂ ਕਿਹਾ ਕਿ ਜੇਕਰ ਕੋਈ ਮੁੜ ਮਾਂ ’ਤੇ ਹਮਲਾ ਕਰਨ ਦਾ ਯਤਨ ਕਰਦਾ ਹੈ ਤਾਂ ਪੁੱਤਰ ਹਮਲੇ ਦਾ ਜਵਾਬ ਦੇਣ ਲਈ ਤਿਆਰ ਰਹਿਣ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ-ਟੂ-ਪੰਥ ਸਫ਼ਰ ਆਰੰਭ ਕਰ ਦੇਵੇ, ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ।
ਉਨ੍ਹਾਂ ਕੇਂਦਰੀ ਹਕੂਮਤ ਨੂੰ ਵੀ ਲੰਮੇ ਹੱਥੀਂ ਲਿਆ ਅਤੇ ਆਖਿਆ ਕਿ ਇਹ ਜਮਹੂਰੀ ਸਰਕਾਰ ਨਹੀਂ ਸਗੋਂ ਈਵੀਐਮ ਰਾਹੀਂ ਬਣੀ ਸਰਕਾਰ ਹੈ। ਉਨ੍ਹਾਂ ਅਸਿੱਧੇ ਰੂਪ ਵਿਚ ਈਵੀਐੱਮ ਦੀ ਕਾਰਜ ਪ੍ਰਣਾਲੀ ’ਤੇ ਪ੍ਰਸ਼ਨ ਚਿੰਨ੍ਹ ਲਾਇਆ ਹੈ। ਜਥੇਦਾਰ ਨੇ ਕਿਹਾ ਕਿ ਐਸ.ਜੀ.ਪੀ.ਸੀ ਆਪਣੇ ‘ਚ ਇੱਕ ਸਟੇਟ ਹੈ ਤੇ ਭਾਰਤ ਸਰਕਾਰ ਇਸਨੂੰ ਵੱਖ ਕਰਨਾ ਚਾਹੁੰਦੀ ਹੈ ਤਾਂ ਜੋ ਮੰਦਿਰਾਂ ਵਾਂਗ ਸਿੱਖਾਂ ‘ਚ ਵੀ ਟਰੱਸਟ ਆਦਿ ਬਣਾਏ ਜਾ ਸਕਣ ਤੇ ਸਿੱਖਾਂ ਨੂੰ ਖੇਰੂੰ ਖੇਰੂੰ ਕੀਤਾ ਜਾਏ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਤਾਬਦੀ ਵਰ੍ਹੇ ਦੀ ਵਧਾਈ ਦਿੰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਹੈ ਅਤੇ ਦੇਸ਼ ਦੀ ਪਾਰਲੀਮੈਂਟ ਵੱਲੋਂ ਬਣਾਏ ਗਏ ਐਕਟ ਅਧੀਨ ਚੱਲ ਰਹੀ ਹੈ। ਜਿਸ ਦੇ ਤਹਿਤ ਹਰੇਕ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ। ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ, “ਇਹ ਵੋਟਾਂ ਕੋਈ ਬਾਦਲ ਪਰਿਵਾਰ ਘਰੇ ਬੈਠ ਕੇ ਨਹੀਂ ਪੁਆਉਂਦਾ ਜਾਂ ਕਿਸੇ ਹੋਰ ਦੇ ਘਰੋਂ ਨਹੀਂ ਪੈਂਦੀਆਂ, ਚੋਣ ਕਮਿਸ਼ਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ। ਹਰੇਕ ਵਾਰ ਲੋਕ ਅਕਾਲੀ ਦਲ ਨੂੰ ਚੁਣ ਕੇ ਕੌਮ ਦੀ ਸੇਵਾ ਸੌਂਪਦੇ ਹਨ।” ਉਨ੍ਹਾਂ ਨੇ ਕਿਹਾ, “ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੋਵੇਂ ਹੀ ਕੌਮ ਦੀ ਨੁਮਾਇੰਦਗੀ ਕਰਦੀਆਂ ਹਨ। “

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਪਤਿਤਪੁਣੇ ਨੂੰ ਰੋਕਣ ਲਈ ਧਰਮ ਪ੍ਰਚਾਰ ਲਹਿਰ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕਰੇਗੀ। ਵਾਤਾਵਰਨ ਦੀ ਸਾਂਭ ਸੰਭਾਲ ਲਈ ਪ੍ਰਦੂਸ਼ਣ ਨਾਲ ਨਜਿੱਠਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵਿਸ਼ਵ ਭਰ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਇਕ ਵਿਸ਼ਵ ਪੱਧਰੀ ਸਲਾਹਕਾਰ ਕਮੇਟੀ ਸਥਾਪਤ ਕਰੇਗੀ। ਧਰਮੀ ਫੌਜੀਆਂ ਨੂੰ, ਜੋ 1984 ਵਿਚ ਬੈਰਕਾਂ ਛੱਡ ਆਏ ਸਨ, ਨੂੰ ਪੈਨਸ਼ਨ ਦੇ ਲਾਭ ਦਿਵਾਉਣ ਲਈ ਠੋਸ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਸ਼ਤਾਬਦੀ ਜਸ਼ਨਾਂ ਵਜੋਂ ਇਕ ਆਰਟ ਗੈਲਰੀ ਵੀ ਸਥਾਪਤ ਕੀਤੀ ਜਾਵੇਗੀ।

ਸਮਾਗਮ ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਨਿਹੰਗ ਜਥੇਬੰਦੀਆਂ ਵਲੋਂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਹੋਰਨਾਂ ਨੇ ਸੰਬੋਧਨ ਕੀਤਾ ।

ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਮੌਕੇ ਪੰਥਕ ਇਕੱਤਰਤਾ ਦੌਰਾਨ ਪਾਸ ਕੀਤੇ ਗਏ 11 ਅਹਿਮ ਮਤੇ ਪਾਸ

ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ ਸਿੱਖ ਸੰਸਥਾ ਨੇ 11 ਅਹਿਮ ਮਤੇ ਪਾਸ ਕੀਤੇ। ਪਹਿਲੇ ਮਤੇ ਵਿਚ ਗੁਰੂ ਆਸੇ ਮੁਤਾਬਕ ਸੰਗਤਾਂ ਦੇ ਸਹਿਯੋਗ ਨਾਲ ਪੰਥਕ ਸੇਵਾਵਾਂ ਨੂੰ ਹੋਰ ਬਿਹਤਰ ਢੰਗ ਤਰੀਕੇ ਨਾਲ ਨਿਭਾਉਣ ਦੀ ਦ੍ਰਿੜ੍ਹਤਾ ਪ੍ਰਗਟਾਈ ਗਈ। ਦੂਜੇ ਮਤੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਨਿਤ ਵਾਪਰ ਰਹੀਆਂ ਘਟਨਾਵਾਂ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮਾਜ ਵਿਰੋਧੀ ਸ਼ਕਤੀਆਂ ਨੂੰ ਬੇਨਕਾਬ ਕਰਨ ਅਤੇ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਕ ਮਤਾ ਸਿੱਖ ਇਕ ਵੱਖਰੀ ਕੌਮ ਸਬੰਧੀ ਪੇਸ਼ ਕੀਤਾ ਗਿਆ, ਜਿਸ ਵਿਚ ਸਿੱਖਾਂ ਦੇ ਸਰੂਪ ਅਤੇ ਹੋਂਦ ਨੂੰ ਰਲਗੱਡ ਕਰਨ ਵਾਲੀਆਂ ਸ਼ਕਤੀਆਂ ਤੋਂ ਸਮੁੱਚੇ ਸਿੱਖ ਜਗਤ ਨੂੰ ਸੁਚੇਤ ਕੀਤਾ ਗਿਆ। ਵਿਦੇਸ਼ ਵਿਚ ਸਿੱਖਾਂ ਦੀ ਵੱਖਰੀ ਪਛਾਣ ਦੇ ਸੰਕਟ ਕਾਰਨ ਵਾਪਰ ਰਹੇ ਨਸਲੀ ਹਮਲਿਆਂ ਦੇ ਵਰਤਾਰੇ ’ਤੇ ਚਿੰਤਾ ਪ੍ਰਗਟ ਕਰਦਿਆਂ ਇਕ ਮਤੇ ਰਾਹੀਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਉਹ ਵਿਦੇਸ਼ੀ ਸਰਕਾਰਾਂ ਕੋਲ ਇਸ ਮਸਲੇ ਦੇ ਹੱਲ ਲਈ ਪਹੁੰਚ ਕਰੇ। ਇਕ ਮਤੇ ਰਾਹੀਂ ਜਾਤ-ਪਾਤ, ਊਚ-ਨੀਚ ਅਤੇ ਨਸਲੀ ਭੇਦ-ਭਾਵ ਦਾ ਖੰਡਨ ਕਰਦਿਆਂ ਸਮੁੱਚੀਆਂ ਸਮਾਜਿਕ ਇਕਾਈਆਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਗਈ। ਸ਼੍ਰੋਮਣੀ ਕਮੇਟੀ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ, ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਯਤਨ ਕਰਨ ਵਾਲੀਆਂ ਪੰਥ ਵਿਰੋਧੀ ਸ਼ਕਤੀਆਂ ਨੂੰ ਪਛਾੜਨ ਲਈ, ਧਰਮੀ ਫ਼ੌਜੀਆਂ ਦੇ ਹੱਕਾਂ ਦੀ ਰਖਵਾਲੀ ਲਈ, ਦੇਸ਼ ਅੰਦਰ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਮੰਗ ਕੀਤੀ।

  • 73
  •  
  •  
  •  
  •