ਕਿਸਾਨ ਜਥੇਬੰਦੀਆਂ ਦਾ ਐਲਾਨ; ਜਾਰੀ ਰਹੇਗਾ ਅੰਦੋਲਨ, 26-27 ਨਵੰਬਰ ਨੂੰ ਲੱਖਾਂ ਕਿਸਾਨ ਜਾਣਗੇ ਦਿੱਲੀ

ਪੰਜਾਬ ਵਿਚ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਬੀਤੇ ਦਿਨ ਚੰਡੀਗੜ੍ਹ ਕਿਸਾਨ ਭਵਨ ਵਿਚ ਮੀਟਿੰਗ ਦੌਰਾਨ ਕੈਪਟਨ ਦੇ ਤਿੰਨ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਕਿ ਸੂਬੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਇਸ ਲਈ ਸਵਾਰੀ ਗੱਡੀਆਂ ‘ਤੇ ਲਾਈਆਂ ਰੋਕਾਂ ਵਾਪਸ ਲਈਆਂ ਜਾਣ।

ਜਵਾਬ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਮਾਲ ਗੱਡੀਆਂ ਨਾ ਚਲਾਉਣ ਦੀ ਅੜੀ ਫੜ ਕੇ ਪੰਜਾਬ ਨਾਲ ਧ੍ਰੋਹ ਕਮਾ ਰਹੀ ਹੈ। ਇਸ ਲਈ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਤੁਰੰਤ ਮੀਟਿੰਗ ਕਰਕੇ ਯਾਤਰੂ ਗੱਡੀਆਂ ਨੂੰ ਲਾਂਘਾ ਦੇਣ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ। ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਲੜਾਈ ਲਈ ਕੌਮੀ ਪੱਧਰ ਦਾ ਇੱਕ ਸਾਂਝਾ ਮੰਚ ਐਲਾਨ ਦਿੱਤਾ ਹੈ। ਮੰਚ ਨੂੰ ‘ਸੰਯਕੁਤ ਕਿਸਾਨ ਮੋਰਚਾ’ ਦਾ ਨਾਮ ਦਿੱਤਾ ਗਿਆ ਹੈ, ਜਿਸ ਦੀ ਪਹਿਲੀ ਮੀਟਿੰਗ ਵੀਰਵਾਰ ਨੂੰ ਹੋਵੇਗੀ।

ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਪਹਿਲੀ ਅਕਤੂਬਰ ਤੋਂ ਜਿਹੜਾ ਸੰਘਰਸ਼ ਵਿੱਢਿਆ ਗਿਆ ਹੈ, ਉਹ ਪਹਿਲਾਂ ਵਾਂਗ ਜਾਰੀ ਰਹੇਗਾ। ਰੇਲਵੇ ਸਟੇਸ਼ਨਾਂ, ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਅਤੇ ਅੰਬਾਨੀ-ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਜਿੱਥੇ ਵੀ ਕਿਸਾਨ ਬੈਠੇ ਹਨ, ਉਹ ਉਸੇ ਤਰ੍ਹਾਂ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ 26 ਤੇ 27 ਨਵੰਬਰ ਦੇ ‘ਦਿੱਲੀ ਚਲੋ’ ਪ੍ਰੋਗਰਾਮ ਦੌਰਾਨ ਵੀ ਇਹ ਧਰਨੇ ਜਾਰੀ ਰਹਿਣਗੇ।

ਕਿਸਾਨ ਆਗੂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਰਵੱਈਆ ਕੇਂਦਰ ਸਰਕਾਰ ਨੇ ਅਖ਼ਤਿਆਰ ਕੀਤਾ ਹੋਇਆ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਬਾਰੇ ਚੱਲ ਰਹੇ ਅੰਦੋਲਨ ਨੂੰ ਨਵਾਂ ਮੋੜ ਦੇਣ ਸਮੇਤ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮਾਂ ਤਹਿਤ ਪਿੰਡਾਂ ਦੇ ਖ਼ਰੀਦ ਕੇਂਦਰਾਂ ਵਿਚੋਂ ਝੋਨੇ ਦੀ ਬੰਦ ਕੀਤੀ ਖਰੀਦ ਸਬੰਧੀ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ‘ਦਿੱਲੀ ਚਲੋ’ ਪ੍ਰੋਗਰਾਮ ਦੀ ਠੋਸ ਨੀਤੀ ਉਲੀਕਣ ਲਈ 21 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 26-27 ਨੂੰ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ-ਟਰਾਲੀਆਂ ’ਤੇ ਪਹੁੰਚਣਗੇ ਅਤੇ ਲੰਮੇ ਸਮੇਂ ਲਈ ਉਥੇ ਪੱਕਾ-ਮੋਰਚਾ ਲਾਉਣਗੇ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਦਿੱਲੀ ਦੇ ਬਾਹਰ ਰੋਕ ਵੀ ਲਿਆ ਜਾਂਦਾ ਹੈ ਤਾਂ ਦਿੱਲੀ ਦਾ ਚਹੁੰ-ਪਾਸਿਓਂ ਘਿਰਾਓ ਕੀਤਾ ਜਾਵੇਗਾ।

  •  
  •  
  •  
  •  
  •